ਮਿਸ  ਯੂ  ( ਮਿੰਨੀ ਕਹਾਣੀ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

ਮੈ ਜਦ ਵੀ ਮੋਬਾਈਲ ਤੇ ਵਟਸਐਪ  ਜਾ ਫੇਸਬੁੱਕ ਦੇ ਸਟੇਟਸ ਦੇਖਦੀ ਆ ਹਮੇਸ਼ਾਂ  ਸਾਡੇ ਇਕ ਜਾਣਕਾਰ  ਹਰਮਨ ਦੇ ਆਪਣੀ ਸਵਰਗਵਾਸੀ  ਪਤਨੀ ਦੀ ਯਾਦ 'ਚ ਤੜਪਦਿਆਂ ਸਟੇਟਸ  ਪਾਏ  ਹੁੰਦੇ....l

                  ਉਸ ਦੇ ਸਟੇਟਸ ਦੇਖ ਮੇਰੀਆਂ ਅੱਖਾਂ  ਅੱਗੇ ਉਸਦੀ ਪਤਨੀ ਜਿਸ ਨਾਲ ਕਿ  ਮੇਰੀ ਵੀ ਕਾਫੀ ਨੇੜਤਾ ਸੀ ਦੀ ਤਸਵੀਰ ਘੁੰਮ ਜਾਂਦੀ l ਉਹ ਜਦ ਵੀ ਮੈਨੂੰ ਮਿਲਦੀ ਤਾ ਗੱਲਾਂ  ਕਰਦੀ ਫਿਸ  ਜਾਂਦੀ ਤੇ ਰੋਂਦੀ ਹੋਈ ਦੱਸਦੀ ਕੇ "ਉਸਦਾ ਪਤੀ ਉਸਦੀ ਬਿਲਕੁਲ ਵੀ ਪ੍ਰਵਾਹ ਨਹੀਂ  ਕਰਦਾ l ਉੱਕਾ ਈ ਪਿਆਰ  ਨਹੀਂ ਕਰਦਾ ਉਸਨੂੰ l ਘਰ 'ਚ ਵੀ ਉਸਦੀ ਬਿਲਕੁਲ  ਇਜ਼ਤ  ਨਹੀਂ ਕਰਦਾ..... ਉਸਨੂੰ ਦੇਖ ਨੂੰਹ- ਪੁੱਤ  ਵੀ ਓਹੋ  ਜਿਹਾ  ਹੀ ਵਿਹਾਰ ਕਰਦੇ ਹਨ l ਇਸੇ ਈ ਕਾਰਨ  ਆਪਣੇ ਏ ਘਰ 'ਚ ਇਕ ਫਾਲਤੂ ਜਹੀ ਹੋ ਕੇ ਰਹਿ ਗਈ ਆ...... l" ਕਹਿੰਦਿਆਂ  ਅਕਸਰ ਉਹ ਆਪਣਾ ਸਿਰ  ਦਬਾਉਣ  ਲਗਦੀ  ਤੇ ਕਹਿੰਦੀ  ਬਸ  ਤਾਹੀਓਂ  ਟੇਂਨਸ਼ਨ ਕਾਰਨ ਮੇਰੀ ਸਿਰ ਦਰਦ ਨਹੀਂ ਜਾਂਦੀ l 

                     ਮੈ ਕਿਸੇ ਫੰਕਸ਼ਨ  ਤੇ ਵੀ ਦੇਖਦੀ ਉਹ ਆਉਂਦੇ ਤਾ ਇਕੱਠੇ ਪਰ ਬਿਲਕੁਲ  ਅਲੱਗ- ਅਲੱਗ  ਬੈਠਦੇ l  ਉਹ ਵਿਚਾਰੀ ਇਕੱਲੀ  ਇਕ ਪਾਸੇ ਬੈਠੀ  ਰਹਿੰਦੀ l ਮੈ ਇਸਦਾ ਕਾਰਨ ਪੁੱਛਦੀ ਤਾ ਉਹ ਕਹਿੰਦੀ, "ਬੇਟਾ ਇਹ ਤਾ ਘਰ ਵੀ ਅਲੱਗ ਉੱਠਦਾ ਬਹਿੰਦਾ  ਤੇ ਸੌਂਦਾ ਹੈ...... ਫੇਰ ਏਥੇ  ਮੇਰੇ ਕੋਲ ਕਿਵੇਂ ਬੈਠ ਜਾਵੇ......l"

               ਤੇ ਹੁਣ ਮੈ ਜਦ ਹਰ ਰੋਜ਼  ਈ ਉਸਦੇ ਪਤੀ ਹਰਮਨ ਦੇ ਮਿਸ ਯੂ ਦੇ ਸਟੇਟਸ ਪੜ੍ਹਦੀ ਹਾਂ ਤਾ ਹੈਰਾਨ ਰਹਿ ਜਾਂਦੀ ਆ ਕਿ  ਇਹ ਸੱਚਮੁੱਚ ਹੀ ਉਸਦੀ ਮੌਤ ਤੋਂ ਬਾਅਦ ਪਛਤਾਵੇ  'ਚ  ਉਸਦੀ ਕਮੀ ਮਹਿਸੂਸ ਕਰਦਾ ਹੋਇਆ ਉਸਨੂੰ ਯਾਦ ਕਰ ਰਿਹਾ ਹੈ ਜਾਂ ਫਿਰ ਸਿਰਫ ਸੋਸ਼ਲ  ਮੀਡੀਆ ਤੇ ਦਿਖਾਵੇਬਾਜ਼ੀ ਕਰ ਕਿ  ਵਾਹ ਵਾਹ ਈ ਖਟ ਰਿਹਾ ਹੈl 

ਲੇਖਿਕਾ ਮਨਪ੍ਰੀਤ ਕੌਰ ਭਾਟੀਆ l