ਤੈ ਕੀ ਦਰਦ ਨਾ ਆਇਆ  ? ✍️ ਬੁੱਧ ਸਿੰਘ ਨੀਲੋਂ

  ਜੇ  ਜ਼ਿੰਦਗੀ  ਵਿੱਚ  ਦਰਦ ਨਾ ਹੁੰਦਾ  ਤੇ ਬੰਦਾ ਮਰਦ ਨਾ ਹੁੰਦਾ  ਸਗੋਂ  ਕੁੱਝ  ਹੋਰ ਹੁੰਦਾ  ।  ਧੁੱਪ ਤੇ ਛਾਂ, ਦਿਨ ਤੇ ਰਾਤ, ਦੁੱਖ  ਤੇ ਸੁਖ, ਚੁਪ ਤੇ ਸ਼ੋਰ, ਖੁਸ਼ੀ ਤੇ ਗਮੀ, ਕੋਲ ਤੇ ਦੂਰ, ਸਰਦੀ ਤੇ ਗਰਮੀ ,  ਜੀਵਨ ਤੇ ਮੌਤ । ਇਸ ਤਰ੍ਹਾਂ  ਜ਼ਿੰਦਗੀ  ਦਾ ਪ੍ਰਵਾਹ ਚੱਲਦਾ ਆਇਆ  ਤੇ ਚੱਲਦਾ ਰਹੇਗਾ ?

 ਹੁਣ ਜਿਸ ਤਰ੍ਹਾਂ  ਦੀ ਕੁਹਿਲਣੀ ਰੁੱਤ  ਚੱਲ ਰਹੀ ਹੈ ।  ਲੋਕਾਂ  ਦੇ ਮਨਾ  ਦੇ ਅੰਦਰ ਪਦਾਰਥ  ਇਕੱਠੇ  ਕਰਨ ਦੀ ਦੌੜ  ਲੱਗੀ ਹੈ ।  ਕੁਦਰਤੀ  ਸੋਮਿਆਂ  ਦੀ ਦੁਰਵਰਤੋਂ ਹੋ ਰਹੀ ਹੈ ।  ਧਰਤੀ  ਦੀ ਹਿੱਕ ਪਾੜ  ਕੇ ਕਈ ਕਈ ਪੁਸਤਾਂ ਦੀ ਜ਼ਿੰਦਗੀ  ਦਾ ਸਮਾਨ ਇਕੱਠਾ  ਕੀਤਾ  ਜਾ ਰਿਹਾ ਹੈ ।  ਲੱਗਦਾ ਹੁਣ ਜਿਸ ਪਾਣੀ  ਤੋਂ  ਜੀਵਨ  ਬਣਿਆ  ਸੀ, ਉਹ ਪਾਣੀ ਹੀ ਜੀਵਨ ਖਤਮ ਕਰੇਗਾ ।  

ਮਨੁੱਖ  ਕੁਦਰਤ  ਤੋਂ  ਕਦੇ  ਡਰੇਗਾ ਵੀ ?  ਕੁਦਰਤੀ  ਸੋਮਿਆਂ  ਨੂੰ  ਖਤਮ ਕਰਨ  ਵਾਲੇ  ਬਹੁਤੇ  ਨਹੀਂ,  ਬਸ ਮੁੱਠੀ ਕੁ ਭਰ ਹਨ ।  ਬਹੁਗਿਣਤੀ  ਤਾਂ  ਅਜੇ ਕੁਦਰਤ  ਦੇ ਅੰਗਸੰਗ ਵਸਦੀ ਹੈ ਪਰ ਕੁੱਝ  ਦੀਆਂ  ਗਲਤੀਆਂ  ਦਾ ਖਮਿਆਜਾ ਪੂਰੀ ਲੋਕਾਈ  ਭੁਗਤ ਰਹੀ ਹੈ । ਧਰਤੀ ਤੇ ਲੋਕਾਂ  ਨੂੰ  ਕੁੱਝ ਘਰਾਣਿਆਂ  ਨੇ ਰੰਡੀ ਤੇ ਮੰਡੀ  ਸਮਝਿਆ  ਹੋਇਆ  ਹੈ ।  ਜਿਸ ਦੀ ਸਦਾ ਹੀ ਦੁਰਵਰਤੋਂ ਕਰਦੇ ਹਨ ।

ਪਹਿਲਾਂ  ਕੋਈ  ਬੀਮਾਰੀ  ਪੈਦਾ ਹੁੰਦੀ  ਸੀ ਫੇਰ ਉਸਦੇ ਇਲਾਜ ਦੇ ਲਈ ਦਵਾਈ  ਬਣਾਈ  ਜਾਂਦੀ  ਸੀ ।  ਹੁਣ ਦਵਾਈਆਂ  ਪਹਿਲਾਂ  ਬਣਾਈਆਂ  ਜਾਂਦੀਆਂ  ਹਨ ਤੇ ਫੇਰ ਬੀਮਾਰੀਆਂ  ਪੈਦਾ  ਕੀਤੀਆਂ  ਜਾਂਦੀਆਂ  ਹਨ ।  ਹੁਣ ਇਸ ਗੱਲ ਕਿਸੇ  ਦਾ ਪਤਾ ਨਹੀਂ  ਕਿ ਭਵਿੱਖ  ਦੇ ਵਿੱਚ  ਕਿਸ ਚੀਜ਼  ਦੀ ਮੰਡੀ  ਲੱਗਣੀ ਹੈ । 

ਹਰੀ ਕ੍ਰਾਂਤੀ  ਨੇ ਕਿਰਤ ਦੇ ਉਪਰ ਹਮਲਾ ਕੀਤਾ ਸੀ  ਜਦ ਖੇਤੀਬਾੜੀ ਦਾ ਮਸ਼ੀਨੀਕਰਨ ਹੋਇਆ ਸੀ ।  ਖੇਤੀਬਾੜੀ  ਦੇ ਜਿੰਨੇ ਵੀ ਆਧੁਨਿਕ  ਸੰਦ ਹਨ, ਇਹ ਕਿਰਤੀਆਂ  ਦੇ ਲਈ ਹਥਿਆਰਬੰਦ ਸੈਨਾ ਹਨ ।  ਟਰੈਕਟਰ  ਜੇ ਮਸ਼ੀਨਗੰਨ ਹੈ ਤਾਂ  ਕੰਬਾਈਨ  ਤੋਪ  ਜਾਂ ਮਜ਼ਾਇਲ ਹੈ । 

ਹੁਣ ਇਹ ਪੁੱਠੇ ਅਰਥਾਂ  ਵਾਲੀਆਂ  ਗੱਲਾਂ  ਸਿੱਧੇ ਦਿਮਾਗ਼ਾਂ ਵਾਲਿਆਂ  ਦੇ ਸਮਝ ਨਹੀਂ  ਪੈਣੀਆਂ ।  ਕਿਰਤ ਦੀ ਲੁੱਟ  ਤੇ ਪੁਲਿਸ  ਦੀ ਕੁੱਟ ਇਕ ਬਰਾਬਰ ਹੁੰਦੀ   ਹੈ ।  ਪਰ ਸਮਾਜ  ਵਿੱਚ  ਬਰਾਬਰੀ  ਦਾ ਕਿਧਰ ਵੀ ਬੋਲਬਾਲਾ  ਨਹੀਂ  ।  ਪਹਿਲਾਂ  ਜੱਟ ਤੇ ਸੀਰੀ ਕਿਰਤੀ ਸੀ ਪਰ ਹੁਣ ਜੱਟ  ਜੱਟ ਹੈ ਤੇ ਸੀਰੀ ਖਤਮ ਹੈ ।

ਹੁਣ ਤਾਂ  ਸੀਰੀ ਦੀ ਥਾਂ  ਮਸ਼ੀਨਰੀ ਹੈ । ਕਦੇ ਜੱਟ  ਤੇ ਸੀਰੀ ਦੇ ਰਿਸ਼ਤਿਆਂ  ਦੀ ਸਾਂਝ  ਨਹੁੰ  ਤੇ ਮਾਸ ਵਰਗੀ ਸੀ ।  ਦੁਖ ਦਰਦ ਹਾਸੇ ਚੋਹਲ ਨਖਰੇ ਸਾਂਝੇ ਸੀ ।  ਹੁਣ ਮਸ਼ੀਨਰੀ ਨਾਲ ਦੁੱਖ  ਵੰਡਾਇਆ ਨਹੀਂ  ਜਾ ਸਕਦਾ ਸਗੋਂ  ਵਧਾਇਆ  ਜਾ ਸਕਦਾ ਹੈ ।  ਖੇਤੀਬਾੜੀ  ਦੇ ਮਸ਼ੀਨੀਕਰਨ ਤੋਂ  ਪਹਿਲਾਂ  ਕਿਸਾਨ  ਤੇ ਸੀਰੀ ਸੀ ਪਰ ਜਦੋਂ  ਤੋਂ  ਖੇਤੀਬਾੜੀ ਦਾ ਮਸ਼ੀਨੀਕਰਨ ਹੋਇਆ  ਕਿਸਾਨ  ਜੱਟ  ਹੋ ਗਿਆ  ।  ਜੱਟ  ਤੋਂ  ਅੱਗੇ ਜਾਗੀਰਦਾਰ ਬਣ ਗਏ । ਜਾਗੀਰਦਾਰੀ  ਤੇ ਸਰਮਾਏਦਾਰੀ  ਦਾ ਆਪਸੀ ਰਿਸ਼ਤਾ ਹੈ ।  ਇਨ੍ਹਾਂ  ਦੋਹਾਂ  ਨੇ ਰਲ ਕੇ ਕਿਰਤੀ ਵਰਗ ਲੁੱਟਿਆ ਤੇ ਕੁੱਟਿਆ ਹੈ ।  ਗੀਤਾਂ  ਤੇ ਫਿਲਮਾਂ  ਰਾਹੀ ਚਾਰੇ ਪਾਸੇ ਜੱਟਵਾਦ ਦਾ ਬੋਲਬਾਲਾ  ਏਨਾ ਵਧਿਆ ਬਾਕੀ ਧਰਤੀ  ਉਤੇ ਕੋਈ  ਰਿਹਾ ਹੀ ਨਹੀਂ ।  ਨਾ ਜੀਵ ਨਾ ਜੰਤੂ  ਤੇ ਨਾ ਕੋਈ  ਪੰਛੀ  ।  ਹੁਣ ਤਾਂ  ਚਾਰੇ ਪਾਸੇ ਮਸ਼ੀਨਰੀ ਦਾ ਬੋਲਬਾਲਾ  ਹੈ ।  ਹੁਣ ਇਨ੍ਹਾਂ  ਮਸ਼ੀਨਾਂ ਦੇ ਨਾਲ ਰਿਸ਼ਤਿਆਂ  ਦੀ ਸਾਂਝ  ਕੌਣ ਪਾਵੇਗਾ ? 

ਹੁਣ ਧਰਤੀ  ਤੇ ਕਿਰਤੀਆਂ ਦੇ ਦਰਦ ਕੌਣ  ਸੁਣੇਗਾ ? ਕੌਣ ਸੱਥ ਵਿੱਚ  ਬੈਠ ਕੇ ਵਾਰਿਸ ਸ਼ਾਹ ਦੀ ਹੀਰ ਸੁਣੇਗਾ ?  ਸੁਣ ਕੇ ਮੰਨ ਕੇ ਕੌਣ ਭੈਅ ਰੱਖੇਗਾ ।   ਸ਼ਬਦ ਗੁਰੂ  ਧੁਨ ਚੇਲਾ ।  ਨਾ ਕਿਸੇ ਨੂੰ  ਸ਼ਬਦ ਗੁਰੂ  ਦਾ ਤੇ ਨਾ ਧੁਨੀ  ਦਾ ਗਿਆਨ  ਹੈ । 

 ਉਝ ਗੁਰੂ  ਸਾਡਾ  ਸ਼ਬਦ ਹੈ ।  ਸ਼ਬਦ ਗੁਰੂ  ਸ੍ਰੀ  ਗੁਰੂ  ਗ੍ਰੰਥ  ਸਾਹਿਬ  ਹੈ ।  ਸਾਡੇ  ਕੋਲ ਬਾਣਾ  ਤਾਂ  ਹੈ ਬਾਣੀ ਨਹੀ ।  ਭੇਖਧਾਰੀ ਤਾਂ ਹੈਵਪਰ ਗਿਆਨਵਾਨ ਨਹੀਂ  ।  ਗਿਆਨ  ਹਾਸਲ ਕਰਨ ਲਈ ਸ਼ਬਦ ਤੇ ਧੁਨ ਸੰਗ ਜੁੜਨਾ ਪਵੇਗਾ ।  ਪਰ ਇਹ ਸਭ ਕੌਣ ਕਰੇਗਾ  ?  ਕੌਣ ਆਖੇਗਾ ਕਿ ਤੈ ਕੀ ਦਰਦ ਨਾ ਆਇਆ  । 

ਬਾਬਰ ਬਾਣੀ ਕੌਣ ਪੜ੍ਹ ਕੇ ਅਮਲ ਕਰੇਗਾ ।  ਅਮਲਾਂ ਬਾਂਝੋ ਦੋਵੇਂ  ਮੂਰਖ ਹਨ ।  ਇਹ ਕੇਹੀ ਰੁੱਤ  ਆ ਗਈ ਹੈ ?  ਅੰਦਰ ਤੇ ਬਾਹਰ ਦੋਵੇਂ  ਪਾਸੇ ਸਾੜਾ ਹੈ ।  ਬਸ ਮੈਂ  ਹੀ ਇੱਕ ਚੰਗਾ  ਤੇ ਬਾਕੀ ਸਾਰਾ ਸਮਾਜ  ਮਾੜਾ  ਹੈ ।  ਜਦ ਕਿ ਬੰਦਾ  ਮਾੜਾ ਨਹੀਂ  ਹੁੰਦਾ  ਤੇ ਮਾੜੇ  ਉਸਦੇ ਕੰਮ ਹੁੰਦੇ  ਹਨ ਪਰ  ਚੰਗੇ ਕੰਮ ਕੌਣ ਕਰੇਗਾ  ? ਮਨੁੱਖ ਨੂੰ  ਮਨੁੱਖ  ਕੌਣ ਸਮਝੇਗਾ ?  ਕੌਣ ਬਰਾਬਰੀ  ਦੀ ਬਾਤ ਪਾਵੇਗਾ ?  ਕੌਣ ਕਿਰਤੀਆਂ  ਦੇ ਦਰਦ ਸੁਣੇਗਾ? 

ਕਿਰਤ ਦੀ ਲੁੱਟ  ਤੇ ਪੁਲਿਸ ਕੁੱਟ

ਇਹ ਸਦਾ ਹੀ ਹੁੰਦੀ  ਹੈ ।

 ਕਿਰਤੀ ਦੇ ਨਾਮ ਉਤੇ ਵੱਡੇ  ਵੱਡੇ ਸੰਘਰਸ਼ ਹੁੰਦੇ 

ਪਰ ਕਿਰਤੀ ਦੀ ਲੁੱਟ ਕਦੇ ਹਟੀ

 

ਰੱਬ ਦੇ ਘਰ ਹੈ, ਹਨੇਰ ਨਹੀਂ 

ਵਰਗੇ ਮੁਹਾਵਰੇ ਵੀ ਲੁੱਟਮਾਰ ਕਰਨ ਵਾਲਿਆਂ ਨੇ ਬਣਾਏ ਹਨ।

ਤਾਂ ਕਿ ਕਿਰਤੀ ਉਸ ਰੱਬ ਵੱਲ ਝਾਕੀ ਜਾਵੇ

ਜਿਹੜਾ  ਸਰਮਾਏਦਾਰੀ ਨੇ ਆਪਣੀ  ਕੱਛ ਵਿੱਚ ਲਕੋਇਆ ਹੈ ।

 

ਉਹ ਰੱਬ ਦਾ ਭੂਤ ਉਸ ਵੇਲੇ ਕੱਢ ਦੇ ਹਨ ਤੇ ਸਮਾਜ ਵਿੱਚ ਛੱਡ ਦੇ ਹਨ

ਜਦ ਉਨ੍ਹਾਂ ਨੂੰ ਖਤਰਾ ਲੱਗਦਾ ਹੈ ਕਿ ਕਿਰਤੀ ਜਾਗ ਪਏ ਹਨ ।

 

 ਉਸ ਵੇਲੇ ਧਰਮ ਦੇ ਨਾਮ ਉਤੇ ਮੋਰਚੇ ਲੱਗਦੇ ਹਨ

ਕਦੇ ਕਿਰਤ ਦੀ ਲੁੱਟਮਾਰ ਖਿਲਾਫ  ਧਰਨਾ ਨਹੀਂ ਲੱਗਿਆ

ਕਿਰਤੀ ਜਾਂਦਾ  ਹਰ ਵਾਰ ਠੱਗਿਆ

 

ਹਰ ਇਹ ਠੱਗ  ਲੈ ਕੇ ਹੱਥਾਂ ਵਿੱਚ ਅੱਗ, 

ਸਾੜ ਦੇ ਨੇ ਹੱਸਦਾ ਵਸਦਾ ਜਗ !

 

ਕਿਰਤੀ ਦੀ ਲੱਗੀ ਹੈ ਬਿਰਤੀ,  

ਜਾਵੇ ਧਰਤ ਵੱਲ ਨਿੱਤ ਖਿਸਕੀ

ਦੁੱਧ ਪਾਣੀ ਦੇ ਨਾਲੋਂ  

ਸਸਤੀ ਹੋ ਗਈ ਵਿਸਕੀ!

 

ਅੰਮ੍ਰਿਤ  ਨਾਲੋਂ  ਜ਼ਹਿਰ ਸਸਤਾ

ਹਨੇਰ ਨੂੰ ਜਾਵੇ ਰਸਤਾ

ਖਾਲੀ ਢਿੱਡ ਤੇ ਖਾਲੀ ਬਸਤਾ !

 

 ਆਪ ਨੰਗ ਬਾਪ ਨੰਗ

ਵਧੀ ਜਾਵੇ ਕਰਜ਼ ਦੀ ਪੰਡ

ਉਠ ਜਾਗ ਕਿਰਤੀਆਂ 

ਤੂੰ  ਦਾਤੀ ਤੇ ਖੁਰਪੇ ਚੰਡ 

 

ਲੁੱਟਮਾਰ  ਕਰ ਹਿਸਾਬ

ਹੱਥ ਵਿੱਚ  ਤੂੰ ਕਿਤਾਬ 

 

ਬਿਨ ਗਿਆਨ ਨਾ ਹੋਵੇ ਜੰਗ

ਗਿਆਨ ਵਿਹੂਣਾ ਗਾਵੈ ਗੀਤ

ਬਿਨ ਗਿਆਨ  ਸਭ ਮਲੰਗ

 

ਤੇਰੇ ਮੌਲਾ ਤੇਰੇ ਰੰਗ

ਮਨੁੱਖਤਾ ਕੌਣ ਲੜੇ ਜੰਗ ?

 

ਬੁੱਧ  ਸਿੰਘ ਨੀਲੋਂ

94643 70823