ਨਵਜੋਤ ਸਿੱਧੂ ਅੱਜ ਨਹੀਂ ਹੋਣਗੇ ਰਿਹਾਅ, ਰਾਜ ਭਵਨ ਨਹੀਂ ਗਈ ਕੈਦੀਆਂ ਦੀ ਰਿਹਾਈ ਦੀ ਫਾਈਲ

ਚੰਡੀਗੜ੍ਹ, 25 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ )  ਚੰਗੇ ਵਿਹਾਰ ਵਾਲੇ ਕੈਦੀਆਂ ਨੂੰ ਗਣਤੰਤਰ ਦਿਵਸ ’ਤੇ ਪੰਜਾਬ ਸਰਕਾਰ ਵੱਲੋਂ ਰਿਹਾਅ ਕਰਨ ਵਾਲੀ ਫਾਈਲ ਬੁੱਧਵਾਰ ਨੂੰ ਵੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਲ ਨਹੀਂ ਭੇਜੀ ਗਈ। ਇਸ ਨਾਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਗਣਤੰਤਰ ਦਿਵਸ ’ਤੇ ਸਮੇਂ ਤੋਂ ਪਹਿਲਾਂ ਰਿਹਾਈ ਬਾਰੇ ਲਗਾਈ ਜਾ ਰਹੀ ਕਿਆਸ ਅਰਾਈ ਖ਼ਤਮ ਹੋ ਗਈ। ਸਿੱਧੂ ਵੀਰਵਾਰ ਨੂੰ ਜੇਲ੍ਹ ਤੋਂ ਰਿਹਾਅ ਨਹੀਂ ਹੋ ਸਕਣਗੇ।  ਹਾਲਾਂ ਕਿ ਸਿੱਧੂ ਕੈਂਪ ਦੇ ਨੇਤਾਵਾਂ ਨੂੰ ਪੂਰਾ ਭਰੋਸਾ ਸੀ ਕਿ ਸਿੱਧੂ ਵੀਰਵਾਰ ਨੂੰ ਰਿਹਾਅ ਹੋ ਜਾਣਗੇ। ਇਸ ਦੌਰਾਨ ਬੁੱਧਵਾਰ ਨੂੰ ਸਿੱਧੂ ਦਾ ਨਿੱਜੀ ਤੌਰ ’ਤੇ ਪਟਿਆਲਾ ਜੇਲ੍ਹ ’ਚ ਰਖਵਾਇਆ ਸਾਮਾਨ ਵੀ ਵਾਪਸ ਲਿਜਾਇਆ ਗਿਆ। ਇਸ ’ਚ ਸਿੱਧੂ ਦੀਆਂ ਕਸਰਤ ਕਰਨ ਵਾਲੀਆਂ ਮਸ਼ੀਨਾਂ ਤੇ ਕੁਝ ਹੋਰ ਸਾਮਾਨ ਸ਼ਾਮਿਲ ਹਨ। ਜੇਲ੍ਹ ’ਚ ਰੱਖੀ ਉਨ੍ਹਾਂ ਦੀ ਆਧੁਨਿਕ ਟ੍ਰੇਡ ਮਿੱਲ ਕਮ ਸਾਈਕਲਿੰਗ ਮਸ਼ੀਨ ਵੀ ਬੁੱਧਵਾਰ ਨੂੰ ਵਾਪਸ ਉਨ੍ਹਾਂ ਦੇ ਘਰ ਲਿਜਾਈ ਗਈ, ਪਰ ਦੇਰ ਸ਼ਾਮ ਤੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਮੋਹਰ ਨਾ ਲੱਗਣ ਕਾਰਨ ਕੈਦੀਆਂ ਦੀ ਰਿਹਾਈ ਦੀ ਫਾਈਲ ਰਾਜਪਾਲ ਨੂੰ ਨਹੀਂ ਭੇਜੀ ਜਾ ਸਕੀ। ਜ਼ਿਕਰਯੋਗ ਹੈ ਕਿ ਜੇਲ੍ਹ ਵਿਭਾਗ ਵੱਲੋਂ ਨਵਜੋਤ ਸਿੰਘ ਸਿੱਧੂ ਸਮੇਤ ਚਾਰ ਦਰਜਨ ਤੋਂ ਵੱਧ ਕੈਦੀਆਂ ਨੂੰ ਉਨ੍ਹਾਂ ਦੇ ਚੰਗੇ ਵਿਹਾਰ ਨੂੰ ਦੇਖਦੇ ਹੋਏ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਲਈ ਫਾਈਲ ਮੁੱਖ ਮੰਤਰੀ ਕੋਲ ਭੇਜੀ ਗਈ ਸੀ।