You are here

ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ ਵਿਖੇ ਸਾਲਾਨਾ ਗੁਰਮਤਿ ਸਮਾਗਮ

ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ ਵਿਖੇ ਸਾਲਾਨਾ ਗੁਰਮਤਿ ਸਮਾਗਮ, ਅੰਮ੍ਰਿਤ-ਸੰਚਾਰ ਤੇ ਯੱਗ-ਭੰਡਾਰਾ ਸੰਪੰਨ
ਸੇਵਾਪੰਥੀ ਸੰਪਰਦਾਇ ਦੇ ਪ੍ਰਮੁੱਖ ਸੇਵਾ ਕੇਂਦਰ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ, ਗੋਨਿਆਣਾ ਭਾਈ ਜਗਤਾ (ਬਠਿੰਡਾ) ਵਿਖੇ ਸੇਵਾ-ਸਿਮਰਨ ਦੇ ਪੁੰਜ, ਮਹਾਨ ਤਪੱਸਵੀ, ਪਰਉਪਕਾਰੀ, ਬ੍ਰਹਮ-ਗਿਆਨੀ ਭਾਈ ਜਗਤਾ ਰਾਮ ਜੀ ਦਾ 212ਵਾਂ ਯੱਗ-ਭੰਡਾਰਾ, ਟਿਕਾਣਾ ਦੇ ਨਿਰਮਾਤਾ ਸ਼੍ਰੀਮਾਨ ਮਹੰਤ ਭਾਈ ਆਸਾ ਸਿੰਘ ਜੀ ਦੀ 49ਵੀਂ ਨਿੱਘੀ ਯਾਦ, ਪਰਉਪਕਾਰੀ ਤੇ ਵਿੱਦਿਆਦਾਨੀ ਸ਼੍ਰੀਮਾਨ ਮਹੰਤ ਭਾਈ ਤੀਰਥ ਸਿੰਘ ਜੀ ਦੀ 15ਵੀਂ ਪਾਵਨ ਯਾਦ ਅਤੇ ਰਸ-ਭਿੰਨੇ ਕੀਰਤਨੀਏ ਸ਼੍ਰੀਮਾਨ ਸੰਤ ਭਾਈ ਹਰਪਾਲ ਸਿੰਘ ਜੀ ‘ਸੇਵਾਪੰਥੀ’ ਦੀ 13ਵੀਂ ਬਰਸੀ ਦੇ ਸੰਬੰਧ ਵਿੱਚ ਸਾਲਾਨਾ ਗੁਰਮਤਿ ਸਮਾਗਮ, ਅੰਮ੍ਰਿਤ-ਸੰਚਾਰ ਤੇ ਯੱਗ-ਭੰਡਾਰਾ 12, 13, 14, 15 ਜਨਵਰੀ ਨੂੰ ਸ਼੍ਰੀਮਾਨ ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਦੀ ਸਰਪ੍ਰਸਤੀ ਹੇਠ ਬੜੇ ਪ੍ਰੇਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
12 ਜਨਵਰੀ ਨੂੰ ਰੱਖੇ ਗਏ 25 ਸ਼੍ਰੀ ਅਖੰਡ-ਪਾਠਾਂ ਦੀ ਸਮਾਪਤੀ 14 ਜਨਵਰੀ ਨੂੰ ਸਵੇਰੇ 10 ਵਜੇ ਗੁਰਦੁਆਰਾ ਟਿਕਾਣਾ ਸਾਹਿਬ ਦੇ ਦਰਬਾਰ ਹਾਲ ਵਿਖੇ ਹੋਈ। ਇਸ ਸਮਾਗਮ ਵਿੱਚ ਸਿਰਫ਼ ਪੰਜਾਬ ਤੋਂ ਹੀ ਨਹੀਂ ਸਗੋਂ ਸਾਰੇ ਭਾਰਤ ਵਿੱਚੋਂ ਬਾਬਾ ਜਗਤਾ ਰਾਮ ਜੀ ਦੇ ਸ਼ਰਧਾਲੂ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੇ। ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ ਦੇ ਅਤਿ ਸੁੰਦਰ ਮਹੰਤ ਭਾਈ ਗੁਲਾਬ ਸਿੰਘ ਦੀਵਾਨ ਹਾਲ ਵਿੱਚ ਚਾਰ ਦਿਨ ਲਗਾਤਾਰ ਨਿਰੋਲ ਬਾਣੀ ਦੇ ਕੀਰਤਨ, ਗੁਰਮਤਿ ਦੀਆਂ ਵਿਚਾਰਾਂ ਤੇ ਗੁਰਬਾਣੀ ਦੀ ਮਨੋਹਰ ਕਥਾ ਦੀ ਵਰਖਾ ਹੁੰਦੀ ਰਹੀ। ਜਿਸ ਵਿੱਚ ਸਿੱਖ ਧਰਮ ਦੇ ਮਹਾਨ ਪ੍ਰਚਾਰਕਾਂ ਤੇ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ।
ਸੁੰਦਰ ਦਸਤਾਰ ਸਜਾਉਣ ਮੁਕਾਬਲੇ:- 12 ਜਨਵਰੀ ਨੂੰ ਦੁਪਹਿਰ 12 ਵਜੇ ਮਹੰਤ ਭਾਈ ਗੁਲਾਬ ਸਿੰਘ ਦੀਵਾਨ ਹਾਲ ਵਿੱਚ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਸੀਨੀਅਰ ਤੇ ਜੂਨੀਅਰ ਦੋ ਗਰੁੱਪਾਂ ਵਿੱਚ ਕਰਵਾਏ ਗਏ। ਇਸ ਮੁਕਾਬਲੇ ਵਿੱਚ 30 ਬੱਚਿਆਂ ਨੇ ਭਾਗ ਲਿਆ। ਸੁੰਦਰ ਦਸਤਾਰ ਸਜਾਉਣ ਮੁਕਾਬਲੇ ’ਚ ਜੱਜ ਸਾਹਿਬਾਨ ਦੀ ਸੇਵਾ ਸਿਮਰਨਜੋਤ ਸਿੰਘ ਬਠਿੰਡਾ, ਬਾਜ ਸਿੰਘ ਫ਼ਰੀਦਕੋਟ, ਸੁਖਪਾਲ ਸਿੰਘ ਗੋਨਿਆਣਾ ਮੰਡੀ ਨੇ ਨਿਭਾਈ। ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲਿਆਂ ਨੂੰ ਇਨਾਮ ਵੰਡੇ ਗਏ। ਸੀਨੀਅਰ ਗਰੁੱਪ ਵਿੱਚ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਜੇਤੂਆਂ ਨੂੰ ਸਨਮਾਨ ਚਿੰਨ੍ਹ ਅਤੇ ਕ੍ਰਮਵਾਰ 2100, 1100 ਤੇ 800 ਰੁਪਏ ਨਾਲ ਸਨਮਾਨਿਤ ਕੀਤਾ। ਜੂਨੀਅਰ ਗਰੁੱਪ ਵਿੱਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲਿਆਂ ਨੂੰ ਸਨਮਾਨ ਚਿੰਨ੍ਹ ਅਤੇ ਕ੍ਰਮਵਾਰ 1500, 1100 ਤੇ 800 ਰੁਪਏ ਨਾਲ ਸਨਮਾਨਿਤ ਕੀਤਾ। ਜੇਤੂਆਂ ਨੂੰ ਇਨਾਮਾਂ ਦੀ ਵੰਡ ਸ਼੍ਰੀਮਾਨ ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਨੇ ਆਪਣੇ ਮੁਬਾਰਕ ਹੱਥਾਂ ਨਾਲ ਕੀਤੀ। ਜੱਜ ਸਾਹਿਬਾਨ ਨੂੰ ਵੀ ਸਿਰੋਪਾਉ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਕੰਠ ਸ਼ੁੱਧ ਗੁਰਬਾਣੀ ਉਚਾਰਣ ਮੁਕਾਬਲੇ:- 13 ਜਨਵਰੀ ਨੂੰ ਸਵੇਰੇ 11 ਵਜੇ ਮਹੰਤ ਭਾਈ ਗੁਲਾਬ ਸਿੰਘ ਦੀਵਾਨ ਹਾਲ ਵਿਖੇ ਕੰਠ ਸ਼ੁੱਧ ਗੁਰਬਾਣੀ ਉਚਾਰਣ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਸੀਨੀਅਰ ਤੇ ਜੂਨੀਅਰ ਦੋ ਗਰੁੱਪਾਂ ਵਿੱਚ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ 44 ਵਿਦਿਆਰਥੀਆਂ ਨੇ ਭਾਗ ਲਿਆ। ਇਸ ਪ੍ਰਤੀਯੋਗਤਾ ਦੇ ਮੁੱਖ ਇੰਚਾਰਜ ਸ਼੍ਰੀਮਾਨ ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਸਨ ਜਦਕਿ ਭਾਈ ਜਸਪਾਲ ਸਿੰਘ ਜੀ ਗੋਨਿਆਣਾ ਭਾਈ ਜਗਤਾ, ਮਨਦੀਪ ਸਿੰਘ, ਕਰਨੈਲ ਸਿੰਘ ਐੱਮ.ਏ. ਲੁਧਿਆਣਾ ਨੇ ਜੱਜਾਂ ਦੀ ਸੇਵਾ ਨਿਭਾਈ। ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲਿਆਂ ਨੂੰ ਇਨਾਮ ਵੰਡੇ ਗਏ। ਹਰਗੁਨਪ੍ਰੀਤ ਸਿੰਘ ਪੁੱਤਰ  ਸ੍ਰ: ਪਿ੍ਰਤਪਾਲ ਸਿੰਘ ਸੇਵਾਪੰਥੀ ਗੁਰਮਤਿ ਵਿਦਿਆਲਾ ਗੋਨਿਆਣਾ ਮੰਡੀ ਪੰਜ ਬਾਣੀਆਂ ਸੀਨੀਅਰ ਗਰੁੱਪ ਮੁਕਾਬਲੇ ’ਚੋਂ ਪਹਿਲੇ ਸਥਾਨ ਤੇ ਰਿਹਾ। ਸ਼੍ਰੀ ਗੁਰੂ ਹਰਿਕਿ੍ਰਸ਼ਨ ਪਬਲਿਕ ਸਕੂਲ ਬਠਿੰਡਾ ਦੀ ਵਿਦਿਆਰਥਣ ਨਵਇਸ਼ਮ ਕੌਰ ਪੁੱਤਰੀ ਸ੍ਰ: ਜਸਪਾਲ ਸਿੰਘ ਜੂਨੀਅਰ ਗਰੁੱਪ ਦੇ ਪੰਜ ਬਾਣੀਆਂ ਮੁਕਾਬਲੇ ਵਿੱਚੋਂ ਪਹਿਲੇ ਸਥਾਨ ਤੇ ਰਹੀ। ਇਨਾਮਾਂ ਦੀ ਵੰਡ ਸ਼੍ਰੀਮਾਨ ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਨੇ ਆਪਣੇ ਪਾਵਨ ਹੱਥਾਂ ਨਾਲ ਕੀਤੀ। ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲਿਆਂ ਨੂੰ ਸਨਮਾਨ ਚਿੰਨ੍ਹ ਦੇ ਨਾਲ-ਨਾਲ ਕ੍ਰਮਵਾਰ 1100 ਰੁਪਏ, 700 ਰੁਪਏ ਤੇ 500 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਜੱਜ ਸਾਹਿਬਾਨ ਨੂੰ ਵੀ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧ ਤੇ ਪੇਸ਼ਕਾਰੀ ਦੇ ਫ਼ਰਜ਼ ਮੈਨੇਜਰ ਸੁਰਜਨ ਸਿੰਘ ਘੁਲਿਆਣੀ ਤੇ ਕਰਨੈਲ ਸਿੰਘ ਐੱਮ.ਏ. ਲੁਧਿਆਣਾ ਨੇ ਨਿਭਾਏ।
ਕੀਰਤਨੀ ਜਥੇ:- ਇਸ ਮੌਕੇ ਤੇ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਵਿੱਚ ਭਾਈ ਜੋਰਾ ਸਿੰਘ ਜੀ ਤੇ ਭਾਈ ਸਤਨਾਮ ਸਿੰਘ ਜੀ ਕੋਹਾੜਕਾ ਦੋਨੋਂ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ, ਮਹੰਤ ਸੁਰਿੰਦਰ ਸਿੰਘ ਜੀ ‘ਸੇਵਾਪੰਥੀ’ ਅੰਮ੍ਰਿਤਸਰ, ਮਹੰਤ ਪਿ੍ਰਤਪਾਲ ਸਿੰਘ ਜੀ ‘ਸੇਵਾਪੰਥੀ’ ਹੁਸ਼ਿਆਰਪੁਰ, ਭਾਈ ਤਰਸੇਮ ਸਿੰਘ ਜੀ ਬਠਿੰਡਾ, ਭਾਈ ਪਿ੍ਰਤਪਾਲ ਸਿੰਘ ਜੀ, ਭਾਈ ਰਮਨਦੀਪ ਸਿੰਘ, ਭਾਈ ਸਤਨਾਮ ਸਿੰਘ ਜੀ ਤਿੰਨੇ ਹਜ਼ੂਰੀ ਰਾਗੀ ਟਿਕਾਣਾ ਸਾਹਿਬ ਨੇ ਅੰਮ੍ਰਿਤ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਸੰਤ ਗਗਨਦੀਪ ਸਿੰਘ ਜੀ ਸੀਂਗੜਾ ਵਾਲਿਆਂ ਨੇ ਤਿੰਨ ਦਿਨ ਅੰਮ੍ਰਿਤ ਵੇਲੇ ਨਾਮ-ਸਿਮਰਨ ਅਭਿਆਸ ਕਰਵਾਇਆ।
ਪ੍ਰਚਾਰਕ, ਢਾਡੀ ਤੇ ਕਵੀ:- ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਸਾਬਕਾ ਹੈੱਡਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਅੰੰਮਿ੍ਰਤਸਰ, ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ, ਗਿਆਨੀ ਫਤਿਹ ਸਿੰਘ ਜੀ ਲੁਧਿਆਣਾ, ਸ਼੍ਰੀ ਗੁਰਦੇਵ ਸਿੰਘ ਮੱਲ੍ਹਣ ਨੇ ਗੁਰਬਾਣੀ ਦੀ ਵਿਆਖਿਆ ਅਤੇ ਸੰਤ-ਮਹਿਮਾ ਦਾ ਗੁਣ-ਗਾਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਸੰਤ-ਮਹੰਤ:- ਯੱਗ-ਭੰਡਾਰੇ ਦੇ ਅਖੀਰਲੇ ਦਿਨ ਸੰਤ-ਸੰਮੇਲਨ ਹੋਇਆ। ਇਸ ਸ਼ੁੱਭ ਅਵਸਰ ’ਤੇ ਸ਼੍ਰੀ ਹਜ਼ੂਰ ਬਾਬਾ ਸਰਬਜੋਤ ਸਿੰਘ ਜੀ ਬੇਦੀ ਉੂਨਾਂ ਸਾਹਿਬ, ਸ਼੍ਰੀਮਾਨ ਮਹੰਤ ਚਮਕੌਰ ਸਿੰਘ ਜੀ ‘ਸੇਵਾਪੰਥੀ’ ਪਟਿਆਲਾ, ਸ਼੍ਰੀਮਾਨ ਮਹੰਤ ਸੁਰਿੰਦਰ ਸਿੰਘ ਜੀ ‘ਸੇਵਾਪੰਥੀ’ ਅੰਮ੍ਰਿਤਸਰ, ਸ਼੍ਰੀਮਾਨ ਮਹੰਤ ਪਿ੍ਰਤਪਾਲ ਸਿੰਘ ਜੀ ‘ਸੇਵਾਪੰਥੀ’ ਹੁਸ਼ਿਆਰਪੁਰ, ਸ਼੍ਰੀਮਾਨ ਮਹੰਤ ਫ਼ਾਗਣ ਸਿੰਘ ਜੀ ‘ਸੇਵਾਪੰਥੀ’ ਜਲੰਧਰ ਤੇ ਹਰਿਦੁਆਰ, ਸ਼੍ਰੀਮਾਨ ਮਹੰਤ ਸੁੰਦਰ ਸਿੰਘ ਜੀ ‘ਸੇਵਾਪੰਥੀ’ ਪਟਿਆਲਾ, ਸ਼੍ਰੀਮਾਨ ਮਹੰਤ ਬਲਵਿੰਦਰ ਸਿੰਘ ਜੀ ‘ਸੇਵਾਪੰਥੀ’ ਜਲੰਧਰ, ਸ਼੍ਰੀਮਾਨ ਮਹੰਤ ਗਜ਼ਬ ਸਿੰਘ ਜੀ ‘ਸੇਵਾਪੰਥੀ’ ਅੰਮ੍ਰਿਤਸਰ, ਸ਼੍ਰੀਮਾਨ ਮਹੰਤ ਜਗਦੇਵ ਸਿੰਘ ਜੀ ‘ਸੇਵਾਪੰਥੀ’ ਰੇਵਾੜੀ, ਸ਼੍ਰੀਮਾਨ ਸੰਤ ਬਾਬਾ ਅਨਹਦਰਾਜ ਸਿੰਘ ਜੀ ਲੁਧਿਆਣਾ, ਸ਼੍ਰੀਮਾਨ ਸੰਤ ਅਮੀਰ ਸਿੰਘ ਜੀ ਜਵੱਦੀ ਟਕਸਾਲ ਲੁਧਿਆਣਾ, ਸ਼੍ਰੀਮਾਨ ਮਹੰਤ ਹਰਪਾਲ ਦਾਸ ਜੀ ਕਲਾਨੌਰ, ਸ਼੍ਰੀਮਾਨ ਮਹੰਤ ਰਾਮ ਸੁੱਖਰਾਮ ਜੀ ਕਲਾਨੌਰ, ਸ਼੍ਰੀਮਾਨ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਭੂਰੀ ਵਾਲੇ ਅੰਮ੍ਰਿਤਸਰ, ਸ਼੍ਰੀਮਾਨ ਸਨੀ ਬਾਬਾ ਪੁੱਤਰ ਸੰਤ ਸ਼ਰਨਪਾਲ ਸਿੰਘ ਜੀ ਜੋਧ ਸਚਿਆਰ ਕਲਾਨੌਰ, ਸ਼੍ਰੀਮਾਨ ਸੰਤ ਅਮਨਪ੍ਰੀਤ ਸਿੰਘ ਜੀ, ਸ਼੍ਰੀਮਾਨ ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ, ਸ਼੍ਰੀਮਾਨ ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’, ਸ਼੍ਰੀਮਾਨ ਸੰਤ ਰਣਜੀਤ ਸਿੰਘ ਜੀ ‘ਸੇਵਾਪੰਥੀ’, ਸ਼੍ਰੀਮਾਨ ਸੰਤ ਜਗਜੀਤ ਸਿੰਘ ਜੀ ‘ਸੇਵਾਪੰਥੀ’, ਸ਼੍ਰੀਮਾਨ ਸੰਤ ਧਰਮ ਸਿੰਘ ਜੀ ਮਲੋਟ, ਸ਼੍ਰੀਮਾਨ ਮਹੰਤ ਦਰਸ਼ਨ ਸਿੰਘ ਜੀ ਬਰਨਾਲਾ ਆਦਿ ਮਹਾਂਪੁਰਖਾਂ ਨੇ ਸੰਗਤਾਂ ਨੂੰ ਦਰਸ਼ਨ ਦਿੱਤੇ ਤੇ ਪਰਉਪਕਾਰੀ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਵਿਸਥਾਰ ਸਹਿਤ ਵਿਚਾਰ ਸੰਗਤਾਂ ਨੂੰ ਸਰਵਣ ਕਰਾਏ।
ਸਟੇਜ ਸਕੱਤਰ ਦੀ ਸੇਵਾ:- ਸਮੁੱਚੇ ਸਮਾਗਮ ਦੀ ਸਟੇਜ ਸਕੱਤਰ ਦੀ ਸੇਵਾ ਭਾਈ ਹਰਵਿੰਦਰ ਸਿੰਘ ਟੀਟੂ ਦਿੱਲੀ, ਭਾਈ ਤਰਲੋਚਨ ਸਿੰਘ ਫ਼ਰੀਦਾਬਾਦ ਨੇ ਬੜੇ ਸੁਚੱਜੇ ਤੇ ਸਫਲਤਾਪੂਰਵਕ ਢੰਗ ਨਾਲ ਨਿਭਾਈ।
ਸਮਾਗਮ ਦਾ ਸਿੱਧਾ ਪ੍ਰਸਾਰਣ:- 13, 14, ਤੇ 15 ਜਨਵਰੀ ਨੂੰ ਮਿਸਟਰ ਸਿੰਘ ਪ੍ਰੋਡਕਸ਼ਨ (Mr. Singh Production) ਅੰਮ੍ਰਿਤਸਰ ਵੱਲੋਂ ਸਮਾਗਮ ਦਾ ਸਿੱਧਾ ਪ੍ਰਸਾਰਣ (Live Telecast) ਕੀਤਾ ਗਿਆ। ਜਿਸ ਦਾ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਘਰ ਬੈਠ ਕੇ ਹੀ ਅਨੰਦ ਮਾਣਿਆ ਤੇ ਗੁਰੂ ਜਸ ਸਰਵਣ ਕਰਕੇ ਆਪਣਾ ਜਨਮ ਸਫਲ ਕੀਤਾ।
ਮੁਫ਼ਤ ਮੈਡੀਕਲ ਚੈੱਕਅਪ ਕੈਂਪ:- ਯੱਗ-ਭੰਡਾਰੇ ਦੇ ਸ਼ੁੱਭ ਅਵਸਰ ’ਤੇ ਭਾਈ ਕਨੱਈਆ ਇੰਟਰਨੈਸ਼ਨਲ ਸੇਵਾ ਮਿਸ਼ਨ ਵੱਲੋਂ 22ਵਾਂ ਵਿਸ਼ਾਲ ਮੁਫ਼ਤ ਮੈਡੀਕਲ ਚੈੱਕਅਪ ਕੈਂਪ 14 ਤੇ 15 ਜਨਵਰੀ ਨੂੰ ਰੇਲਵੇ ਪਾਰਕ ਸਾਹਮਣੇ ਟਿਕਾਣਾ ਸਾਹਿਬ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸ਼੍ਰੀਮਾਨ ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਨੇ ਮੂਲ-ਮੰਤਰ ਦਾ ਪਾਠ ਕਰਨ ਉਪਰੰਤ ਰਿਬਨ ਕੱਟ ਕੇ ਕੀਤਾ। ਕੈਂਪ  ਵਿੱਚ ਡਾਕਟਰਾਂ ਦੀਆਂ ਟੀਮਾਂ ਨੇ ਵੱਖ-ਵੱਖ ਬਿਮਾਰੀਆਂ ਦੇ ਲਗ-ਭਗ 1740 ਮਰੀਜ਼ਾਂ ਦੇ ਚੈੱਕਅਪ ਕੀਤੇ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈ ਦਿੱਤੀ ਗਈ। ਭਾਈ ਕਨੱਈਆ ਚੈਰੀਟੇਬਲ ਹਸਪਤਾਲ ਦੇ ਦੰਦ ਵਿਭਾਗ ਵਿਖੇ ਡਾਕਟਰ ਗੁਰਿੰਦਰਮੋਹਨ ਸਿੰਘ ਜੀ ਫ਼ਰੀਦਕੋਟ ਤੇ ਉਹਨਾਂ ਦੀ ਟੀਮ ਵੱਲੋਂ ਦੋ ਰੋਜ਼ਾ ਦੰਦਾਂ ਦਾ ਮੁਫ਼ਤ ਵਿਸ਼ੇਸ਼ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਮਹੰਤ ਕਾਹਨ ਸਿੰਘ ਜੀ ਨੇ ਮੂਲ-ਮੰਤਰ ਦਾ ਪਾਠ ਕਰਕੇ ਕੀਤਾ। ਕੈਂਪ ਵਿੱਚ 250 ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਤੇ ਦਵਾਈ ਮੁਫ਼ਤ ਦਿੱਤੀ ਗਈ। ਇਸ ਮੌਕੇ ਬਠਿੰਡਾ ਥੈਲਾਸੀਮੀਆ ਵੈਲਫੇਅਰ ਸੁਸਾਇਟੀ (ਰਜਿ:) ਵੱਲੋਂ ਨੌਂਵਾਂ ਖ਼ੂਨਦਾਨ ਕੈਂਪ ਲਾਇਆ ਗਿਆ। ਕੈਂਪ ਵਿੱਚ ਖ਼ੂਨਦਾਨੀਆਂ ਵੱਲੋਂ 60 ਯੂਨਿਟ ਖ਼ੂਨਦਾਨ ਕੀਤਾ ਗਿਆ। ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਨੇ ਸਾਰੇ ਕੈਂਪਾਂ ਵਿੱਚ ਡਾਕਟਰ ਸਾਹਿਬਾਨ ਨੂੰ ਸਿਰੋਪਾਉ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

ਅੰਮ੍ਰਿਤ-ਸੰਚਾਰ:- 15 ਜਨਵਰੀ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਦੇ ਜਥੇ ਵੱਲੋਂ ਗੁਰਦੁਆਰਾ ਸੰਤ ਭਾਈ ਸੁਹੇਲ ਸਿੰਘ ਜੀ ਨਵੀਂ ਬਸਤੀ ਵਿਖੇ ਖੰਡੇ-ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਗਿਆ, 16 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ ਤੇ ਗੁਰੂ ਵਾਲੇ ਬਣੇ।
ਸਮਾਜ-ਸੇਵੀ ਸੰਸਥਾਵਾਂ:- ਭਾਈ ਕਨੱਈਆ ਸੇਵਾ ਸੁਸਾਇਟੀ ਯੂਨਿਟ ਕੋਟਕਪੂਰਾ ਵੱਲੋਂ ਦਿਨ ਰਾਤ ਚਾਹ ਦਾ ਅਤੁੱਟ ਲੰਗਰ ਵਰਤਾਇਆ ਗਿਆ। ਭਾਈ ਵਰਿੰਦਰ ਸਿੰਘ ਵਾਸੂ ਤੇ ਮਾਛੀਵਾੜਾ ਦੀ ਸੰਗਤ ਵੱਲੋਂ ਬਰੈਡ-ਪਕੌੜੇ ਤਿਆਰ ਕਰਨ ਦੀ ਸੇਵਾ ਕੀਤੀ ਗਈ। ਭਾਈ ਕਨੱਈਆ ਸੇਵਾ ਸੁਸਾਇਟੀ ਯੂਨਿਟ ਜੈਤੋ, ਗੋਨਿਆਣਾ ਭਾਈ ਜਗਤਾ, ਬਠਿੰਡਾ, ਲੁਧਿਆਣਾ, ਧਨੌਲਾ ਦੇ ਸਾਰੇ ਮੈਂਬਰਾਂ ਨੇ ਪੇ੍ਰਮ, ਸ਼ਰਧਾ ਸਹਿਤ ਲੰਗਰ ਛਕਾਉਣ ਦੀ ਸੇਵਾ ਨਿਭਾਈ। ਭਾਈ ਕਨੱਈਆ ਸੇਵਾ ਦਲ ਗੋਨਿਆਣਾ ਭਾਈ ਜਗਤਾ ਤੇ ਭਾਈ ਕਨੱਈਆ ਸੇਵਾ ਸੁਸਾਇਟੀ ਯੂਨਿਟ ਮਲੋਟ ਨੇ ਬੜੇ ਪਿਆਰ ਸਹਿਤ ਜੋੜਿਆਂ ਦੀ ਸੇਵਾ, ਸ਼੍ਰੀ ਗੁਰੂ ਅਮਰਦਾਸ ਇਸਤਰੀ ਸਤਿਸੰਗ ਸਭਾ, ਭਾਈ ਆਸਾ ਸਿੰਘ ਗਰਲਜ਼ ਕਾਲਜ, ਭਾਈ ਜਗਤਾ ਜੀ ਹਾਈ ਸਕੂਲ ਦੇ ਸਮੂਹ ਸਟਾਫ਼ ਤੇ ਵਿਦਿਆਰਥਣਾਂ ਨੇ ਪ੍ਰਸ਼ਾਦੇ ਪਕਾਉਣ, ਸਬਜ਼ੀਆਂ ਕੱਟਣ, ਦਰਬਾਰ ਹਾਲ, ਦੀਵਾਨ ਹਾਲ ਵਿਖੇ ਵੱਖ-ਵੱਖ ਸੇਵਾ ਪਿਆਰ, ਸ਼ਰਧਾ ਸਹਿਤ ਕੀਤੀ। ਗੁਰੂ ਕਾ ਲੰਗਰ ਦੇ ਨਾਲ-ਨਾਲ ਚਾਹ, ਬਰੈਡ-ਪਕੌੜਿਆਂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਗੋਨਿਆਣਾ ਮੰਡੀ ਵਿਖੇ ਸਥਾਪਿਤ ਨਵੀਂ ਬਸਤੀ ਦੇ ਨੌਜਵਾਨ ਵੀਰਾਂ ਨੇ ਕੁਲਚੇ, ਮਨਚੂਰੀਅਨ, ਨੂਡਲਜ਼, ਫਰੂਟ ਚਾਟ ਦੁਆਰਾ ਸੰਗਤਾਂ ਦੀ ਸੇਵਾ ਕੀਤੀ।
ਸਟੇਜ ਦੀ ਸਜਾਵਟ:- ਸ੍ਰ: ਹਰਭਜਨ ਸਿੰਘ ਕਾਲਿਆਂਵਾਲੀ ਵੱਲੋਂ ਗੋਨਿਆਣਾ ਭਾਈ ਜਗਤਾ ਦੇ ਨੌਜਵਾਨਾਂ ਦੀ ਮਦਦ ਨਾਲ ਸਟੇਜ ਦੀ ਸਜਾਵਟ ਪਿਆਰ, ਸ਼ਰਧਾ ਸਹਿਤ ਕੀਤੀ ਗਈ।
ਧੰਨਵਾਦ:- ਸ਼੍ਰੀਮਾਨ ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਵੱਲੋਂ ਭਾਈ ਹਰਵਿੰਦਰ ਸਿੰਘ ਟੀਟੂ ਦਿੱਲੀ ਨੇ ਸਮਾਗਮ ਵਿੱਚ ਸ਼ਾਮਲ ਹੋਏ ਪ੍ਰਚਾਰਕਾਂ, ਕੀਰਤਨੀ ਜਥਿਆਂ, ਸੰਤਾਂ-ਮਹਾਂਪੁਰਸ਼ਾਂ, ਉੱਚ ਸ਼ਖ਼ਸੀਅਤਾਂ ਤੇ ਸਾਧਸੰਗਤ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਗੁਰਬਾਣੀ ਕਥਾ, ਕੀਰਤਨ ਦਾ ਅਨੰਦ ਮਾਣਿਆ ਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ।
ਕਰਨੈਲ ਸਿੰਘ ਐੱਮ.ਏ. ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ,
ਜਮਾਲਪੁਰ, ਲੁਧਿਆਣਾ