ਪਾਵਰ ਕੱਟ ਬੰਦ ਨਾ ਕਰੇ ਤਾਂ ਗਰਿੱਡਾਂ ਤੇ ਉੱਚ ਅਧਿਕਾਰੀਆਂ ਦੇ ਘਿਰਾਓ ਦੀ ਦਿੱਤੀ ਚੇਤਾਵਨੀ
ਰਾਏਕੋਟ, 6 ਜਨਵਰੀ (ਗੁਰਭਿੰਦਰ ਗੁਰੀ) ਭਗਵੰਤ ਸਿੰਘ ਮਾਨ ਦੀ ਸਰਕਾਰ ਲੋਕਾਂ ਨਾਲ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਪਰ ਇਸ ਸਮੇਂ ਹਰ ਵਰਗ ਸਰਕਾਰ ਵੱਲੋਂ ਠੱਗਿਆਂ ਹੋਇਆ ਮਹਿਸੂਸ ਕਰ ਰਿਹਾ ਹੈ ਕਿਉਂਕਿ ਇਹ ਸਰਕਾਰ ਬੁਰੀ ਤਰ੍ਹਾਂ ਨਾਲ ਫੇਲ੍ਹ ਸਾਬਿਤ ਹੋ ਰਹੀ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਡਕੌੰਦਾ) ਦੇ ਜ਼ਿਲ੍ਹਾ ਪ੍ਰਧਾਨ ਮਾ.ਮਹਿੰਦਰ ਸਿੰਘ ਕਮਾਲਪੁਰਾ, ਬਲਾਕ ਪ੍ਰਧਾਨ ਰਣਧੀਰ ਸਿੰਘ ਧੀਰਾ ਅਤੇ ਮੁੱਖ ਬੁਲਾਰਾ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈਕਾ ਨੇ ਸਾਂਝੇ ਤੌਰ ਤੇ ਕੀਤਾ। ਉਹਨਾਂ ਸਰਕਾਰ ਉਪਰ ਵਿਅੰਗ ਕਰਦਿਆ ਆਖਿਆ ਕਿ ਮਾਨ ਸਰਕਾਰ ਸਰਦੀਆਂ ਵਿੱਚ ਵੀ ਬਿਜਲੀ ਦੇ ਸਵੇਰੇ ਸ਼ਾਮ ਵੱਡੇ ਪਾਵਰ ਕੱਟ ਲਗਾ ਕਿ ਲੋਕਾਂ ਦੇ ਜ਼ੀਰੋ ਬਿੱਲ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਬਿਜਲੀ ਸਪਲਾਈ ਦਾ ਮਾੜਾ ਹਾਲ ਹੈ। ਸਵੇਰੇ ਅਤੇ ਸ਼ਾਮ ਦੇ ਸਮੇਂ ਬਿਜਲੀ ਬੋਰਡ ਵੱਲੋਂ ਰੋਜ਼ਾਨਾ ਪਾਵਰ ਕੱਟ ਦਾ ਸੁਨੇਹਾ ਆ ਜਾਂਦਾ ਹੈ ਪਰ ਸਵੇਰੇ ਸ਼ਾਮ ਹੀ ਬਿਜਲੀ ਦੀ ਜਿਆਦਾ ਜਰੂਰਤ ਹੁੰਦੀ ਹੈ ਕਿਉਂਕਿ ਉਸ ਸਮੇਂ ਹੀ ਕੰਮਾਂ-ਕਾਰਾ ਦਾ ਜ਼ੋਰ ਹੁੰਦਾ ਹੈ ਅਤੇ ਬੱਚਿਆਂ ਨੇ ਪੜ੍ਹਾਈ ਕਰਨੀ ਹੁੰਦੀ ਹੈ ਤੇ ਫ਼ਾਈਨਲ ਪੇਪਰ ਆਉਣ ਵਾਲੇ ਹਨ। ਜੇਕਰ ਬਿਜਲੀ ਦੀ ਸਪਲਾਈ ਠੀਕ ਨਹੀਂ ਹੁੰਦੀ ਤਾਂ ਉਹਨਾਂ ਭਵਿੱਖ ਵਿੱਚ ਬਿਜਲੀ ਬੋਰਡ ਨੂੰ ਚੇਤਾਵਨੀ ਦਿੰਦਿਆ ਆਖਿਆ ਕਿ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਗਰਿੱਡਾਂ ਅਤੇ ਉੱਚ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ ਅਤੇ ਇਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ, ਬਿਜਲੀ ਮਹਿਕਮੇ ਅਤੇ ਉੱਚ ਅਧਿਕਾਰੀਆਂ ਦੀ ਹੋਵੇਗੀ।
ਇਸ ਸਮੇਂ ਜ਼ਿਲ੍ਹਾ ਖਜਾਨਚੀ ਸਤਬੀਰ ਸਿੰਘ ਰਾਏ ਬੋਪਾਰਾਏ ਖੁਰਦ, ਪ੍ਰਧਾਨ ਸਰਬਜੀਤ ਸਿੰਘ ਧੂਰਕੋਟ, ਪ੍ਰਧਾਨ ਸਾਧੂ ਸਿੰਘ ਚੱਕ ਭਾਈਕਾ, ਮਨਜਿੰਦਰ ਸਿੰਘ ਜੱਟਪੁਰਾ, ਹਾਕਮ ਸਿੰਘ ਬਿੰਜਲ, ਜਸਵਿੰਦਰ ਸਿੰਘ ਮਾਨ ਝੋਰੜਾਂ, ਪ੍ਰਧਾਨ ਪ੍ਰਦੀਪ ਸਿੰਘ ਸੁਖਾਣਾ, ਪ੍ਰਧਾਨ ਜਸਭਿੰਦਰ ਸਿੰਘ ਛੰਨਾਂ, ਪ੍ਰਧਾਨ ਬਲਜਿੰਦਰ ਸਿੰਘ ਜੌਹਲਾਂ, ਕੁਲਦੀਪ ਸਿੰਘ ਕੱਦੂ ਜੌਹਲਾਂ, ਪ੍ਰਧਾਨ ਸਿਵਦੇਵ ਸਿੰਘ ਕਾਲਸਾਂ, ਪ੍ਰਧਾਨ ਦਰਸ਼ਨ ਸਿੰਘ ਜਲਾਲਦੀਵਾਲ, ਕਰਮਜੀਤ ਸਿੰਘ ਭੋਲਾ ਜਲਾਲਦੀਵਾਲ, ਕੇਹਰ ਸਿੰਘ ਬੁਰਜ, ਪ੍ਰਧਾਨ ਜਗਦੇਵ ਸਿੰਘ ਆਦਿ ਹਾਜ਼ਰ ਸਨ।