ਹਰਿਆਣਾ ਵਿੱਚ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰਨ ਦਾ ਕੁਰੂਕਸ਼ੇਤਰ ਤੋਂ ਅੱਜ ਕੀਤਾ ਜਾਵੇਗਾ ਆਗਾਜ਼- ਜਥੇਦਾਰ ਦਾਦੂਵਾਲ

ਤਲਵੰਡੀ ਸਾਬੋ, 25 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਅੱਜ ਮੀਡੀਆ ਨੂੰ ਇੱਕ ਲਿਖਤੀ ਪ੍ਰੈਸਨੋਟ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕੇ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਅੱਜ ਗੁਰਦੁਆਰਾ ਐਕਟ 2014 ਅਨੁਸਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੋਂ ਅਰਦਾਸ ਕਰਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੇ ਦਿਨ ਆਗਾਜ਼ ਕੀਤਾ ਜਾਵੇਗਾ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕਿ ਸਿੱਖ ਸਮਾਜ ਵਿਚ ਫੈਲ ਰਹੀਆਂ ਸਮਾਜਿਕ ਕੁਰੀਤੀਆਂ, ਨਸ਼ਿਆਂ ਦਾ ਵਰਤਾਰਾ ਅਤੇ ਪਤਿਤਪੁਣੇ ਵਰਗੀਆਂ ਅਲਾਮਤਾਂ ਨੂੰ ਰੋਕਣ ਵਾਸਤੇ ਬਹੁਤ ਸਾਰਥਕ ਯਤਨਾਂ ਦੀ ਲੋੜ ਹੈ ਜਿਸ ਲਈ ਹਰੇਕ ਸਿੱਖ ਜਥੇਬੰਦੀ, ਗੁਰਦੁਆਰਾ ਪ੍ਰਬੰਧਕ ਕਮੇਟੀ, ਰਾਗੀ, ਢਾਡੀ, ਪ੍ਰਚਾਰਕ, ਕਥਾਵਾਚਕਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਜਿਸ ਸਦਕਾ ਸਭਨਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾ ਕੇ ਸਾਫ਼-ਸੁਥਰੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕਿ ਉਨਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਦੀ ਸੇਵਾ ਨਿਭਾਉਂਦਿਆਂ ਪਿਛਲੇ ਸਮੇਂ ਵੀ ਗੁਰਦੁਆਰਿਆਂ ਦੇ ਪ੍ਰਬੰਧਾਂ ਨੂੰ ਸੁਚੱਜਾ ਕਰਨ ਅਤੇ ਧਰਮ ਪ੍ਰਚਾਰ ਪ੍ਰਸਾਰ ਲਈ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਭਰਪੂਰ ਯੋਗਦਾਨ ਪਾਇਆ ਹੈ ਤੇ ਹੁਣ ਫੇਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ ਨਿਯੁਕਤ ਅਤੇ ਪੁਰਾਣੇ ਮੈਂਬਰ ਸਾਹਿਬਾਨਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਚ-ਸਰਪੰਚਾਂ, ਰਾਗੀ, ਢਾਡੀ, ਕਵੀਸ਼ਰ, ਪ੍ਰਚਾਰਕ ਕਥਾਵਾਚਕ, ਸੰਤ ਮਹਾਂਪੁਰਸ਼ਾਂ ਨੂੰ ਨਾਲ ਲੈ ਕੇ ਇਸ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ ਅਤੇ ਦੇਸ਼ ਵਿਦੇਸ਼ ਸਹਿਤ ਪੂਰੇ ਹਰਿਆਣਾ ਵਿਚ ਜਿੱਥੇ ਵੀ ਸਿੱਖ ਸੰਗਤਾਂ ਹੁਕਮ ਕਰਨਗੀਆਂ ਉਥੇ ਪੁੱਜ ਕੇ ਗੁਰਬਾਣੀ ਗੁਰ ਇਤਿਹਾਸ ਦਾ ਪ੍ਰਚਾਰ-ਪ੍ਰਸਾਰ ਕੀਤਾ ਜਾਵੇਗਾ। ਅਖੌਤੀ ਪਾਸਟਰ ਲੋਕਾਂ ਵਲੋਂ ਜੋ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਉਸ ਨੂੰ ਠੱਲ ਪਾਈ ਜਾਵੇਗੀ ਹਰੇਕ ਨੂੰ ਆਪਣੇ ਧਰਮ ਵਿੱਚ ਪ੍ਰਪੱਕ ਹੋ ਕੇ ਦੂਜੇ ਧਰਮਾਂ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ ਜਾਵੇਗੀ ਜਿਸ ਨਾਲ ਦੇਸ਼ ਕੌਮ ਧਰਮ ਦੀ ਸੇਵਾ ਸਰਬੱਤ ਦਾ ਭਲਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਜਾ ਸਕੇ।