ਗੀਤ'' ਨਾ ਕਰਵਾਉ ਯਾਦ 84'' ਨੂੰ ਯੂਟਿਊਬ ਚੈਨਲ ਤੋਂ ਹਟਾਉਣ ਦੀ ਸਖ਼ਤ ਨਿੰਦਾ

ਪ੍ਰਡੀਊਸਰ ਰੁਪਿੰਦਰ ਜੋਧਾਂ ਜਪਾਨ ਦੀ ਕੰਪਨੀ ਜੋਧਾਂ ਰਿਕਾਰਡਿੰਗ ਦੇ ਬੈਨਰ ਹੇਠ ਰਿਲੀਜ਼ ਗਾਇਕ ਰਮੇਸ਼ ਨੂਰ ਦਾ ਗੀਤ'' ਨਾ ਕਰਵਾਉ ਯਾਦ 84'' ਨੂੰ ਯੂਟਿਊਬ ਚੈਨਲ ਤੋਂ ਹਟਾਉਣ ਦੀ ਸਖ਼ਤ ਨਿੰਦਾ ਕੀਤੀ

ਜੋਧਾਂ/ਸਰਾਭਾ 27 ਨਵੰਬਰ (ਦਲਜੀਤ ਸਿੰਘ ਰੰਧਾਵਾ ) ਆਪਣੀ ਉੱਚਪਾਏ ਦੀ ਲੋਕਪੱਖੀ ਗਾਇਕੀ ਅਤੇ ਗੀਤਕਾਰੀ ਨਾਲ ਹਮੇਸ਼ਾ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਗਾਇਕ ਅਤੇ ਗੀਤਕਾਰ ਰੁਪਿੰਦਰ ਜੋਧਾਂ ਜਪਾਨ ਦੀ ਮਿਊਜ਼ਿਕ ਕੰਪਨੀ ਜੋਧਾਂ ਰਿਕਾਰਡਿੰਗ ਵੱਲੋਂ ਪਿਛਲੇ ਦਿਨੀਂ ਰਿਲੀਜ ਕੀਤੇ ਗਏ ਚਰਚਿਤ ਗਾਇਕ ਰੇਸ਼ਮ ਨੂਰ ਦੀ ਆਵਾਜ਼ ਵਿੱਚ ਆਏ ਗੀਤ "ਨਾ ਕਰਵਾਉ ਯਾਦ 84" ਨੂੰ ਮਿਆਰੀ ਅਤੇ ਉਸਾਰੂ ਗਾਇਕੀ ਸੁਣਨ ਵਾਲੇ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਸੀ। ਪਰ ਹੁਣ ਯੂਟਿਊਬ ਤੇ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਸਰਕਾਰ ਵੱਲੋਂ ਬਿਨ੍ਹਾਂ ਕੋਈ ਕਾਰਨ ਦੱਸੇ ਹਟਾ ਦਿੱਤਾ ਗਿਆ ਹੈ। ਸਮੁੱਚੀ ਮਨੁੱਖਤਾ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਗਾਇਕ ਰੇਸ਼ਮ ਨੂਰ ਦੇ ਗਾਏ ਗੀਤ ਨਾ ਕਰਵਾਉ ਯਾਦ 84 ਨੂੰ ਯੂਟਿਊਬ ਤੋਂ ਹਟਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਅੰਤਰਰਾਸ਼ਟਰੀ ਇਨਕਲਾਬੀ ਮੰਚ ਦੇ ਸਰਪ੍ਰਸਤ ਦਵਿੰਦਰ ਸਿੰਘ ਪੱਪੂ ਬੈਲਜੀਅਮ, ਮੁੱਖ ਬੁਲਾਰੇ ਨਵਦੀਪ ਜੋਧਾ ਕੇਨੈਡਾ, ਕਨਵੀਨਰ ਰਵਿੰਦਰ ਰਵੀ ਲਾਲੀ ਅਮਰੀਕਾ,ਮੀਤ ਪ੍ਰਧਾਨ ਬਿੰਦਰ ਜਾਨ ਇਟਲੀ, ਕਾਨੂੰਨੀ ਸਲਾਹਕਾਰ ਪ੍ਰਭਜੋਤ ਸਿੰਘ ਦੋਰਾਹਾ ਸਮੇਤ ਹੋਰ ਬਹੁਤ ਸਾਰੇ ਅਹੁਦੇਦਾਰਾਂ ਨੇ ਕਿਹਾ ਕਿ ਦੇਸ਼ ਦੇ ਮਾੜੇ ਹਾਕਮਾਂ ਦੀਆਂ ਗਲਤ ਨੀਤੀਆਂ ਕਾਰਨ 47 ਅਤੇ 84ਵਿੱਚ  ਹੋਏ ਭਰਾ ਮਾਰੂ ਕਤਲੇਆਮ ਕਾਰਨ ਪੰਜਾਬ ਦਾ ਬਹੁਤ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ ਉਸ ਦਾ ਖਮਿਆਜਾ ਅਸੀਂ ਹੁਣ ਤੱਕ ਭੁਗਤ ਰਹੇ ਹਾਂ। ਜਿਸ ਕਾਰਨ ਪੰਜਾਬ ਦੇ ਲੋਕ ਉਸ ਤਰ੍ਹਾਂ ਦੇ ਸੰਤਾਪ ਅਤੇ ਡਰ ਭੈਅ ਦਾ ਮਾਹੌਲ ਦੁਬਾਰਾ ਨਹੀਂ ਵੇਖਣਾ ਚਾਹੁੰਦੇ। ਇਸੇ ਭਾਵਨਾ ਅਤੇ ਸਿਧਾਂਤ ਨੂੰ ਮੁੱਖ ਰੱਖ ਕੇ ਲਿਖੇ ਅਤੇ ਗਾਏ ਗਏ ਗੀਤ ਨਾ ਕਰਵਾਉ ਯਾਦ 84 ਨੂੰ ਯੂਟਿਊਬ ਤੋਂ ਹਟਾਉਣ ਦਾ ਗਲਤ ਫ਼ੈਸਲਾ ਕਰਨ ਵਾਲੇ ਪ੍ਰਬੰਧਕਾਂ ਅਤੇ ਸਰਕਾਰ ਨੂੰ ‌ਗੰਭੀਰਤਾ ਨਾਲ ਸੋਚ ਵਿਚਾਰ ਕਰਕੇ ਇਸ ਗੀਤ ਨੂੰ ਦੁਬਾਰਾ ਤੋਂ ਯੂਟਿਊਬ ਤੇ ਰਿਲੀਜ਼ ਕਰਨਾ ਚਾਹੀਦਾ ਹੈ।