ਅਕਾਲੀ ਬਾਬਾ ਫੂਲਾ ਸਿੰਘ ਦੀ ਦੂਜੀ ਸ਼ਤਾਬਦੀ ਨੂੰ ਸਮਰਪਿਤ ਪ੍ਰਚਾਰ ਵਹੀਰ ਪੋਸਟਰ ਦਿਲਜੀਤ ਸਿੰਘ ਬੇਦੀ ਨੇ ਕੀਤਾ ਰਲੀਜ਼

  ਅੰਮ੍ਰਿਤਸਰ 27 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਕੌਮੀ ਜਜਬੇ ਨਾਲ ਭਰਪੂਰ ਬਲੀ ਯੋਧੇ ਮਹਾਂਪੁਰਸ਼ ਪ੍ਰਣਪਾਲਕ, ਛੇਵੇਂ ਗੁਰੂ ਸਾਹਿਬ ਵਲੋਂ ਸਿਰਜਣ ਸ੍ਰੀ ਅਕਾਲ ਤਖਤ ਸਾਹਿਬ ਅਤੇ ਬੁੱਢਾ ਦਲ ਦੇ ਛੇਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਸਮੂਹ ਸੇਵਾਦਾਰ, ਨਗਰ ਨਿਵਾਸੀਆਂ ਵਲੋਂ ਸੰਤ ਬਾਬਾ ਹਰਚਰਨ ਸਿੰਘ ਖਾਲਸਾ ਦੀ ਅਗਵਾਈ ਵਿੱਚ ਅਰਦਾਸ ਕਰਨ ਉਪਰੰਤ ਪ੍ਰਚਾਰ ਵਹੀਰ 28 ਨਵੰਬਰ ਨੂੰ ਪਿੰਡ ਹਲੇੜ ਲਈ ਰਵਾਨਾ ਹੋਵੇਗੀ ਅਤੇ ਇਸ ਨਾਲ ਪ੍ਰਚਾਰ ਵਹੀਰ ਦਾ ਅਰੰਭ ਹੋ ਜਾਵੇਗਾ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਅਕਾਲੀ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਹੇਠ ਮਨਾਈ ਜਾਵੇਗੀ। ਜਿਸ ਸਬੰਧੀ ਬੁੱਢਾ ਦਲ ਵਲੋਂ ਵੱਖ-ਵੱਖ ਜਥੇਬੰਦੀਆਂ ਨੂੰ ਪ੍ਰੇਰਕੇ ਵੱਖ-ਵੱਖ ਸਮਾਗਮ ਕੀਤੇ ਤੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੀਬੀਆਂ ਅਧਾਰਤ ਬਣੀਆਂ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵਲੋਂ 4 ਜੁਲਾਈ ਤੋਂ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾ: ਛੇਵੀਂ ਅਤੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਸ਼ਤਾਬਦੀ ਨੂੰ ਸਮਰਪਿਤ ਸ਼ਬਦ ਕੀਰਤਨ ਪ੍ਰਵਾਹ ਚੱਲ ਰਿਹਾ ਹੈ। ਅੱਜ ਏਥੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਵਿਖੇ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵਲੋਂ ਪ੍ਰਚਾਰ ਵਹੀਰ ਸਬੰਧੀ ਵਿਸ਼ੇਸ਼ ਪੋਸਟਰ ਰਲੀਜ਼ ਕੀਤਾ ਗਿਆ। ਉਨ੍ਹਾਂ ਇਸ ਮੌਕੇ ਕਿਹਾ ਕਿ ਸੰਤ ਬਾਬਾ ਹਰਚਰਨ ਸਿੰਘ ਖਾਲਸਾ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਸਮੂਹ ਸੇਵਾਦਾਰਾਂ ਤੇ ਨਗਰ ਨਿਵਾਸੀਆਂ ਵਲੋਂ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਜੋ 14 ਮਾਰਚ 2023 ਵਿੱਚ ਆ ਰਹੀ ਨੂੰ ਸਮਰਪਿਤ ਪ੍ਰਚਾਰ ਵਹੀਰ 28 ਨਵੰਬਰ ਤੋਂ ਅਰੰਭ ਕੀਤੀ ਜਾ ਰਹੀ ਹੈ, ਜੋ ਗੁਰਦੁਆਰਾ ਸ਼ਬਦ ਪ੍ਰਕਾਸ਼ ਤੋਂ ਪਿੰਡ ਹਲੇੜ ਲਈ ਰਵਾਨਾ ਹੋਵੇਗੀ। ਸਮੂਹਕ ਅਰਦਾਸ ਉਪਰੰਤ ਇਹ ਵਹੀਰ ਇਸ ਤਰ੍ਹਾਂ ਅੱਗੋਂ ਵੱਖ-ਵੱਖ ਪਿੰਡਾਂ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਪ੍ਰਚਾਰ ਦੀ ਅਲਖ ਜਗਾਏਗੀ ਅਤੇ ਵੱਖ-ਵੱਖ ਸਮਿਆਂ ਤੇ ਗੁਰਦੁਆਰਾ ਸ਼ਬਦ ਪ੍ਰਕਾਸ਼ ਵਿਖੇ ਵੱਡੇ ਗੁਰਮਤਿ ਸਮਾਗਮ ਕੀਤੇ ਜਾਣਗੇ। ਇਸ ਮੌਕੇ ਜਗਤ ਮਾਤਾ ਗੁਜਰ ਕੌਰ (ਮਾਤਾ ਗੁਜਰੀ ਜੀ) ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੋਸਟਰ ਵੀ ਸ. ਬੇਦੀ ਵਲੋਂ ਸੰਗਤ ਅਰਪਣ ਕੀਤਾ ਗਿਆ। ਪੋਸਟਰ ਰਲੀਜ਼ ਸਮੇਂ ਮਹੰਤ ਬਾਬਾ ਭਗਤ ਸਿੰਘ, ਬਾਬਾ ਅਮਰੀਕ ਸਿੰਘ ਗ੍ਰੰਥੀ ਅਤੇ ਗੁਰਦੁਆਰਾ ਸ਼ਬਦ ਪ੍ਰਕਾਸ਼ ਤੋਂ ਸ. ਅਮਰਜੀਤ ਸਿੰਘ, ਭਾਈ ਸਿਮਰਨਜੀਤ ਸਿੰਘ, ਭਾਈ ਮਨਵੀਰ ਸਿੰਘ, ਭਾਈ ਸੋਭਾ ਸਿੰਘ, ਭਾਈ ਬਲਰਾਜ ਸਿੰਘ ਆਦਿ ਹਾਜ਼ਰ ਸਨ।