ਮੱਥਾ ਟੇਕਣ ਆਏ ਵਿਅਕਤੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

ਲੁਧਿਆਣਾ, 13 ਫਰਵਰੀ - ਪਿੰਡ ਦਾਦ ’ਚ ਮੰਗਲਵਾਰ ਨੂੰ ਗੁਰਦੁਆਰਾ ਸਿੰਘ ਸਭਾ ’ਚ ਮੱਥਾ ਟੇਕਣ ਆਏ ਇੱਕ ਵਿਅਕਤੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦਿੱਤੀ। ਪਵਿੱਤਰ ਗ੍ਰੰਥ ਨੂੰ ਥੱਲੇ ਸੁੱਟਣ ਮਗਰੋਂ ਮੁਲਜ਼ਮ ਨੇ ਬਿਸਤਰੇ ਨੂੰ ਵੀ ਥੱਲੇ ਸੁੱਟਿਆ। ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਮੁਲਜ਼ਮ ਉਥੋਂ ਫ਼ਰਾਰ ਹੋ ਗਿਆ। ਜਦੋਂ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਜਲ ਸਿੰਘ ਉਥੇ ਪੁੱਜਿਆ ਤਾਂ ਅੰਦਰ ਦੀ ਹਾਲਤ ਦੇਖ ਉਨ੍ਹਾਂ ਨੇ ਕਮੇਟੀ ਮੈਂਬਰਾਂ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਮਗਰੋਂ ਥਾਣਾ ਸਦਰ ਤੇ ਚੌਂਕੀ ਲਲਤੋਂ ਕਲਾ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਪਿੰਡ ਦਾਦ ਦੀ ਪਾਲਮ ਵਿਹਾ ਵਾਸੀ ਜਲ ਸਿੰਘ ਦੀ ਸ਼ਿਕਾਇਤ ’ਤੇ ਇਸੇ ਇਲਾਕੇ ਦੇ ਰਹਿਣ ਵਾਲੇ ਗੁਰਿੰਦਰ ਸਿੰਘ (35) ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿੱਤਾ ਹੈ।
ਜਲ ਸਿੰਘ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਹ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ’ਚ ਗ੍ਰੰਥੀ ਦੀ ਡਿਊਟੀ ਕਰ ਰਿਹਾ ਹੈ। ਮੰਗਲਵਾਰ ਦੀ ਸਵੇਰੇ ਗੁਰਦੁਆਰਾ ਸਾਹਿਬ ’ਚ ਮੁਲਜ਼ਮ ਆਇਆ ਸੀ। ਮੁਲਜ਼ਮ ਨੇ ਉਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਤੇ ਬਿਸਤਰ ਵੀ ਥੱਲੇ ਸੁੱਟ ਦਿੱਤੇ, ਜਿਸ ਮਗਰੋਂ ਉਹ ਉਥੋਂ ਫ਼ਰਾਰ ਹੋ ਗਿਆ।
ਜਦੋਂ ਉਹ ਗੁਰਦੁਆਰਾ ਸਾਹਿਬ ਅੰਦਰ ਆਏ ਤਾਂ ਅੰਦਰ ਪਵਿੱਤਰ ਗੁਰੂ ਗ੍ਰੰਥ ਸਾਹਿਬ ਤੇ ਬਿਸਤਰੇ ਨੂੰ ਥੱਲੇ ਡਿੱਗਿਆ ਦੇਖ ਉਨ੍ਹਾਂ ਕਮੇਟੀ ਮੈਂਬਰਾਂ ਨੂੰ ਬੁਲਾ ਕੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਚੈੱਕ ਕੀਤੀ, ਜਿਸ ’ਚ ਮੁਲਜ਼ਮ ਦੀ ਪਛਾਣ ਗੁਰਿੰਦਰ ਸਿੰਘ ਵਜੋਂ ਹੋਈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
ਜਾਂਚ ਅਧਿਕਾਰੀ ਏਐੱਸਆਈ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿਛ ਕੀਤੀ ਤਾਂ ਪਹਿਲਾਂ ਉਹ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਮੁਕਰ ਗਿਆ ਪਰ ਬਾਅਦ ’ਚ ਮੰਨਿਆ ਤੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨ ਲੱਗਿਆ। ਪੁਲੀਸ ਪੁੱਛਗਿਛ ’ਚ ਪਤਾ ਲੱਗਿਆ ਕਿ ਮੁਲਜ਼ਮ ਵਿਦੇਸ਼ ’ਚ ਵੀ ਕਾਫ਼ੀ ਸਮਾਂ ਰਿਹਾ ਹੈ। ਕਰੀਬ 4 ਸਾਲ ਪਹਿਲਾਂ ਵਿਦੇਸ਼ ਤੋਂ ਉਹ ਆਇਆ ਸੀ ਤੇ ਇੱਥੇ ਲੈਮੀਨੇਸ਼ਨ ਦੀ ਦੁਕਾਨ ਚਲਾਉਂਦਾ ਹੈ। ਮੁਲਜ਼ਮ ਦਾ ਵਿਆਹ ਨਹੀਂ ਹੋਇਆ, ਉਹ ਇਹ ਦੱਸ ਰਿਹਾ ਹੈ ਕਿ ਉਹ ਦਿਮਾਗ਼ੀ ਤੌਰ ’ਤੇ ਬੀਮਾਰ ਹੈ। ਉਸ ਨੂੰ ਕੁਝ ਪਤਾ ਨਹੀਂ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।