15 ਅਸਲਾ ਲਾਇਸੰਸ ਕੈਂਸਲ, 360 ਲਾਇਸੰਸ ਸਸਪੈਂਡ
ਮੋਗਾ, 23 ਨਵੰਬਰ ( ਕੁਲਦੀਪ ਸਿੰਘ ਦੌਧਰ) ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਦੇ ਆਦੇਸ਼ਾਂ ਦਾ ਪਾਲਣਾ ਕਰਦਿਆਂ ਮੋਗਾ ਪੁਲਿਸ ਨੇ ਹਥਿਆਰਾਂ ਨਾਲ ਹੋਣ ਵਾਲੀਆ ਵਾਰਦਾਤਾਂ ਨੂੰ ਰੋਕਣ ਲਈ, ਜਨਤਕ ਥਾਵਾਂ ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲੇ, ਸੋਸ਼ਲ ਮੀਡੀਆ ਤੇ ਹਥਿਆਰਾਂ ਨਾਲ ਫੋਟੋਆਂ ਅਪਲੋਡ ਕਰਨ ਵਾਲਿਆਂ ਖਿਲਾਫ਼ ਅਤੇ ਲਾਈਸੰਸੀ ਅਸਲੇ ਦੀ ਦੁਰਵਰਤੋ ਕਰਨ ਵਾਲਿਆਂ ਖਿਲਾਫ ਕਾਰਵਾਈ ਤੇਜ਼ ਕਰ ਦਿੱਤੀ ਹੈ।ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਅਤੇ ਸੀਨੀਅਰ ਪੁਲਿਸ ਕਪਤਾਨ ਮੋਗਾ ਸ੍ਰ. ਗੁਲਨੀਤ ਸਿੰਘ ਖੁਰਾਨਾ ਵੱਲੋਂ ਸਾਂਝੇ ਤੌਰ ਉੱਪਰ ਮੀਟਿੰਗ ਕਰਕੇ ਜ਼ਿਲ੍ਹਾ ਮੋਗਾ ਦੇ ਅਸਲਾ ਲਾਇਸੰਸਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਸ੍ਰ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪੁਲਿਸ ਵੱਲੋਂ 321 ਅਸਲਾ ਲਾਇਸੰਸਧਾਰਕਾਂ ਜਿੰਨ੍ਹਾਂ ਖਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਅਸਲੇ ਦੀ ਦੁਰਵਰਤੋਂ ਕਰਨ ਸਬੰਧੀ ਮੁਕੱਦਮੇ ਦਰਜ ਹੋਏ ਸਨ, ਦੀ ਪਹਿਚਾਣ ਕਰਕੇ, 360 ਅਸਲਾ ਲਾਇਸੰਸਧਾਰਕ ਜਿੰਨ੍ਹਾਂ ਦਾ ਅਸਲਾ ਮੱਦੇ ਅਮਾਨਤ ਵੱਖ-ਵੱਖ ਥਾਣਿਆਂ ਵਿੱਚ ਜਮ੍ਹਾਂ ਹੈ, ਕੁੱਲ 681 ਅਸਲਾ ਲਾਇਸੰਸਧਾਰਕਾਂ ਦੇ ਅਸਲਾ ਲਾਇਸੰਸ ਕੈਂਸਲ ਕਰਨ ਸਬੰਧੀ ਡਿਪਟੀ ਕਮਿਸ਼ਨਰ ਮੋਗਾ ਨੂੰ ਲਿਖ ਕੇ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਉੱਪਰ ਕਾਰਵਾਈ ਕਰਦੇ ਹੋਏ ਡਿਪਟੀ ਕਮਿਸ਼ਨਰ ਮੋਗਾ ਵੱਲੋਂ 15 ਅਸਲਾ ਲਾਇਸੰਸ ਕੈਂਸਲ ਕੀਤੇ ਜਾ ਚੁੱਕੇ ਹਨ ਅਤੇ 360 ਅਸਲਾ ਲਾਇਸੰਸ ਸਸਪੈਂਡ ਕੀਤੇ ਗਏ ਹਨ। ਬਾਕੀ 306 ਅਸਲਾ ਲਾਇਸੰਸਾਂ ਨੂੰ ਕੈਂਸਲ ਕਰਨ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਸਲਾ ਲਾਇਸੰਸਧਾਰਕਾਂ ਦੀ ਮੁੱਖ ਅਫ਼ਸਰਾਨ ਥਾਣਾ ਰਾਹੀ ਵੈਰੀਫਿਕੇਸ਼ਨ ਕਰਵਾਈ ਜਾ ਰਹੀ ਹੈ ਅਤੇ ਵੈਰੀਫਿਕੇਸ਼ਨ ਸਬੰਧੀ ਰੋਜ਼ਾਨਾ ਦੀਆਂ ਪ੍ਰਗਤੀ ਰਿਪੋਰਟਾਂ ਹਾਸਲ ਕੀਤੀ ਆ ਜਾ ਰਹੀਆਂ ਹਨ ਤੇ ਦਿਨ ਪ੍ਰਤੀ ਦਿਨ ਅਸਲਾ ਲਾਇਸੰਸ ਕੈਂਸਲ ਕਰਨ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ 3 ਮਹੀਨਿਆਂ ਦੇ ਸਮੇਂ ਦੇ ਅੰਦਰ-ਅੰਦਰ ਸਾਰੇ ਅਸਲਾ ਲਾਇਸੰਸਧਾਰਕਾਂ ਅਤੇ ਉਨ੍ਹਾਂ ਦੇ ਅਸਲਿਆਂ ਦੀ ਵੈਰੀਫਿਕੇਸ਼ਨ ਮੁਕੰਮਲ ਕਰਕੇ ਮਾੜੇ ਅਨਸਰਾਂ ਦੇ ਅਸਲਾ ਲਾਇਸੰਸ ਕੈਂਸਲ ਕਰਨ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।