ਚੰਡੀਗੜ੍ਹ , 21 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)ਸੂਬਾ ਸਰਕਾਰ ਮੌਜੂਦਾ ਸਮੇਂ ਇੱਕ ਵਿਆਪਕ ਨਿਵੇਸ਼ ਪ੍ਰੋਤਸਾਹਨ ਆਊਟਰੀਚ ਪ੍ਰੋਗਰਾਮ ਚਲਾ ਰਹੀ ਹੈ, ਜਿਸ ਵਿੱਚ ਭਾਰਤ ਅਤੇ ਦੁਨੀਆ ਭਰ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸਮਾਗਮ ਅਤੇ ਕਾਨਫਰੰਸਾਂ ਕਰਵਾਈਆਂ ਜਾ ਰਹੀਆਂ ਹਨ। ਇਸ ਉਪਰਾਲੇ ਨੂੰ ਜਾਰੀ ਰੱਖਦਿਆਂ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਨਿਵੇਸ਼ ਪ੍ਰੋਤਸਾਹਨ ਦਲੀਪ ਕੁਮਾਰ ਅਤੇ ਸੀ.ਈ.ਓ. ਨਿਵੇਸ਼ ਪੰਜਾਬ ਕੇ.ਕੇ. ਯਾਦਵ ਨੇ ਪ੍ਰਗਤੀਸ਼ੀਲ ਪੰਜਾਬ ਦੇ ਆਗਾਮੀ 5ਵੇਂ ਐਡੀਸ਼ਨ ਦੇ ਵੱਖ-ਵੱਖ ਰੂਪਾਂ ਬਾਰੇ ਵਿਸਥਾਰਪੂਰਵਕ ਪੇਸ਼ਕਾਰੀ ਦਿੱਤੀ ਅਤੇ 23 ਤੇ 24 ਫਰਵਰੀ 2023 ਨੂੰ ਕਰਵਾਏ ਜਾ ਰਹੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਦੀਆਂ ਤਿਆਰੀਆਂ ਵਿੱਚ ਤੇਜ਼ੀ ਲਿਆਉਣ ਲਈ ਸਰਕਾਰ ਦੀਆਂ ਵੱਖ-ਵੱਖ ਪ੍ਰਬੰਧਕੀ ਕਮੇਟੀਆਂ ਦੇ ਗਠਨ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।