ਕਣਕ ਦੀ ਫਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ ਬਿਜਾਈ ਤੋਂ ਪਹਿਲਾਂ ਬੀਜ ਨੂੰ ਜ਼ਰੂਰ ਸੋਧ ਲੈਣਾ ਚਾਹੀਦਾ - ਡਾ. ਸੁਖਰਾਜ ਕੌਰ ਦਿਓਲ

ਕਿਹਾ! ਕਿਸਾਨ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਣ ਜਾਂ ਹਟਾਉਣ ਦੀ ਬਜਾਏ ਸੁਪਰ ਸੀਡਰ, ਹੈਪੀ ਸੀਡਰ ਜਾਂ ਹੋਰ ਖੇਤੀ ਸੰਦਾਂ ਨਾਲ ਖੇਤਾਂ ਵਿੱਚ ਮਿਲਾ ਕੇ ਵਧੇਰੇ ਝਾੜ ਪ੍ਰਾਪਤ ਕਰਨ

ਮੋਗਾ, 9 ਨਵੰਬਰ (ਕੁਲਦੀਪ ਸਿੰਘ ਦੌਧਰ )ਕਣਕ ਦੀ ਫਸਲ ਨੂੰ ਪਾਈਆਂ ਖਾਦਾਂ ਦੀ ਕਾਰਜਕੁਸ਼ਲਤਾ ਵਧਾਉਣ ਲਈ, ਖਾਦਾਂ ਦੀ ਸਹੀ ਮਾਤਰਾ ਵਿੱਚ, ਉਚਿਤ ਸਮੇਂ ਤੇ ਅਤੇ ਯੋਗ ਢੰਗ ਨਾਲ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ। ਇਹ ਪ੍ਰਗਟਾਵਾ ਖੇਤੀਬਾੜੀ ਵਿਕਾਸ ਅਫ਼ਸਰ ਮੋਗਾ ਡਾ. ਸੁਖਰਾਜ ਕੌਰ ਦਿਓਲ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਚਲਾਈ ਜਾ ਰਹੀ ਹਾੜ੍ਹੀ ਮੁਹਿੰਮ ਤਹਿਤ ਕਿਸਾਨਾਂ ਨਾਲ ਕਣਕ ਦੀ ਬਿਜਾਈ ਸੰਬੰਧੀ ਤਕਨੀਕੀ ਜਾਣਕਾਰੀ ਸਾਂਝੀ ਕਰਦਿਆਂ ਕੀਤਾ।ਉਹਨਾਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹੇ ਦੇ ਪਿੰਡਾਂ ਵਿੱਚ ਵੀ ਕੈਂਪ ਲਗਾ ਕੇ ਵਿਭਾਗ ਵੱਲੋਂ ਨਿਯੁਕਤ ਖੇਤੀ ਮਾਹਿਰਾਂ ਵੱਲੋਂ ਕਣਕ ਦੀ ਬਿਜਾਈ ਸੰਬੰਧੀ ਨਵੀਨਤਮ ਤਕਨੀਕਾਂ,ਪਰਾਲੀ ਦੀ ਸਚੱਜੀ ਸੰਭਾਲ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਇਸ ਮੌਕੇ ਕਿਸਾਨਾਂ ਨੂੰ ਕਣਕ ਦੀ ਫਸਲ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਖੇਤੀ ਲਾਗਤ ਖਰਚੇ ਘਟਾਉਣ ਲਈ, ਫਸਲਾਂ ਵਿੱਚ ਰਸਾਇਣਕ ਅਤੇ ਦੇਸੀ ਖਾਦਾਂ ਦੀ ਵਰਤੋਂ ਜ਼ਮੀਨ ਵਿੱਚ ਮੌਜੂਦ ਖੁਰਾਕੀ ਤੱਤਾਂ ਦੇ ਆਧਾਰ ਤੇ ਕਰਨੀ ਚਾਹੀਦੀ ਹੈ ਤਾਂ ਜੋ ਵਾਧੂ ਖਾਦਾਂ ਦੀ ਖਪਤ ਨੂੰ ਘਟਾ ਕੇ ਖੇਤੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਖੇਤੀ ਲਾਗਤ ਖਰਚੇ ਘਟਾਏ ਜਾ ਸਕਣ। ਉਨਾਂ ਕਿਹਾ ਕਿ ਕਣਕ ਦੀ ਬਿਜਾਈ ਲਈ ਕੇਵਲ ਸਿਫਾਰਸ਼ਸ਼ੁਦਾ ਕਿਸਮਾਂ ਦੀ ਹੀ ਵਰਤੋਂ ਕੀਤੀ ਜਾਵੇ। ਬਿਜਾਈ ਸਮੇਂ ਫਾਸਫੋਰਸ ਖੁਰਾਕੀ ਤੱਤ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ।ਉਨਾਂ ਕਿਹਾ ਕਿ ਜੇਕਰ ਡੀ ਏ ਪੀ ਖਾਦ ਉਪਲਬਧ ਨਾ ਹੋਵੇ ਤਾਂ ਕਣਕ ਨੂੰ ਹੰਗਾਮੀ ਹਾਲਤਾਂ ਵਿੱਚ ਗੰਧਕੀ ਫ਼ਾਸਫ਼ੇਟ ਜਾਂ ਅਮੋਨੀਅਮ ਫ਼ਾਸਫ਼ੇਟ ਖਾਦ, ਕਿਸਾਨ ਖਾਦ ਬਦਲਵੇਂ ਰੂਪ ਵਿੱਚ ਵਰਤੀਆਂ ਜਾ ਸਕਦੀਆਂ ਹਨ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਫਾਸਫੋਰਸ ਤੱਤ ਸਿੰਗਲ ਸੁਪਰ ਫਾਸਫੇਟ ਖਾਦ ਤੋਂ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਣ ਜਾਂ ਹਟਾਉਣ ਦੀ ਬਜਾਏ ਖੇਤਾਂ ਵਿੱਚ ਮਿਲਾ ਦੇਣਾ ਚਾਹੀਦਾ ਹੈ। ਸੁਪਰ ਸੀਡਰ/ਬੀਜ ਡਰਿੱਲ ਦੀ ਵਰਤੋਂ ਕਰਕੇ ਵੀ ਕਣਕ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਨੀ ਹੈ ਤਾਂ ਖੇਤ ਨੂੰ ਵਾਹੁਣ ਤੋਂ ਬਗੈਰ ਹੀ ਕਰਨੀ ਚਾਹੀਦਾ ਹੈ। ਉਨਾਂ ਕਿਹਾ ਕਿ ਕਣਕ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਰਸਾਇਣਾਂ ਅਤੇ ਕੰਸ਼ੋਰਸ਼ੀਅਮ ਨਾਲ ਸੋਧ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ 500 ਗ੍ਰਾਮ ਕੰਸ਼ੋਰਸ਼ੀਅਮ ਪ੍ਰਤੀ ਏਕੜ ਬੀਜ ਲਈ ਵਰਤਿਆ ਜਾ ਸਕਦਾ ਹੈ ਅਤੇ ਜੋ ਖੇਤੀਬਾੜੀ ਦਫਤਰਾਂ ਵਿੱਚ ਉਪਲਬਧ ਹੈ।ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗੇ ਲਗਾਏ ਬਿਨਾਂ ਸੁਪਰ ਸੀਡਰ, ਹੈਪੀ ਸੀਡਰ ਜਾਂ ਹੋਰ ਖੇਤੀ ਸੰਦਾਂ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕਰਨ, ਇਸ ਤਰ੍ਹਾਂ ਕਰਨ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਣ ਕਰਕੇ ਕਣਕ ਦੀ ਫਸਲ ਦਾ ਝਾੜ ਵਧੇਗਾ ਉੱਥੇ ਵਾਤਾਵਾਰਨ ਵੀ ਪ੍ਰਦੂਸ਼ਿਤ ਨਹੀਂ ਹੋਵੇਗਾ।