You are here

ਸ੍ਰੀ ਗੁਰੂ ਰਵੀਦਾਸ ਮੰਦਿਰ ਦਾ ਮਾਮਲਾ ਭਾਰਤ ਸਰਕਾਰ ਕੋਲ ਉਠਾਵਾਂਗੇ- ਕੁਲਦੀਪ ਸਿੰਘ ਵੈਦ

ਕਿਹਾ ਕਿ ਪਾਰਟੀ ਕਾਨੂੰਨੀ ਲੜਾਈ @ਚ ਮੱਦਦ ਕਰਨ ਲਈ ਤਿਆਰ ਹੈ

ਲੁਧਿਆਣਾ,ਅਗਸਤ 2019( ਮਨਜਿੰਦਰ ਗਿੱਲ )-ਵਿਧਾਇਕ ਕੁਲਦੀਪ ਸਿੰਘ ਵੈਦ ਨੇ ਤੁਗਲਕਾਬਾਦ ਦਿੱਲੀ ਵਿਖੇ ਦਿੱਲੀ ਵਿਕਾਸ ਅਥਾਰਟੀ ਵੱਲੋਂ ਸ੍ਰੀ ਗੁਰੂ ਰਵੀਦਾਸ ਜੀ ਦਾ ਇਤਿਹਾਸਕ ਮੰਦਿਰ ਢਾਹੁਣ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਕਾਂਗਰਸ ਇਸ ਕੇਸ ਦੀ ਕਾਨੂੰਨੀ ਲੜਾਈ ਚ ਮੱਦਦ ਕਰਨ ਅਤੇ ਇਤਿਹਾਸਕ ਮੰਦਿਰ ਦੀ ਮੁੜ ਉਸਾਰੀ ਦਾ ਖਰਚਾ ਉਠਾਉਣ ਲਈ ਤਿਆਰ ਹੈ। ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਸ੍ਰੀ ਗੁਰੂ ਰਵੀਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਨਿੱਖੜਵਾਂ ਅੰਗ ਹੈ, ਵਿਧਾਇਕ ਨੇ ਕਿਹਾ ਕਿ ਕਾਂਗਰਸ ਪਾਰਟੀ ਧਾਰਮਿਕ ਗੁਰੂਆਂ ਦੀ ਬੇਅਦਬੀ ਬਰਦਾਸ਼ਤ ਨਹੀਂ ਕਰੇਗੀ ਅਤੇ ਜਲਦੀ ਹੀ ਇਹ ਮਾਮਲਾ ਭਾਰਤ ਸਰਕਾਰ ਕੋਲ ਉਠਾਏਗੀ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਵਿਧਾਇਕ ਸ਼੍ਰੀ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਇਹ ਸ੍ਰੀ ਗੁਰੂ ਰਵੀਦਾਸ ਜੀ ਦੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਰਹਿੰਦੇ ਲੱਖਾਂ ਸ਼ਰਧਾਲੂਆਂ ਦੇ ਵਿਸ਼ਵਾਸ ਅਤੇ ਭਰੋਸੇ ਦਾ ਸੁਆਲ ਹੈ। ਇਸ ਘੜੀ ਵਿਚ ਕਾਂਗਰਸ ਪਾਰਟੀ ਪੂਰੀ ਤਰਾਂ ਸ੍ਰੀ ਗੁਰੂ ਰਵੀਦਾਸ ਜੀ ਦੇ ਸ਼ਰਧਾਲੂਆਂ ਦੇ ਨਾਲ ਖੜੀ ਹੈ। ਵਿਧਾਇਕ ਸ਼੍ਰੀ ਕੁਲਦੀਪ ਸਿੰਘ ਵੈਦ ਨੇ ਇਸ ਗੱਲ ਉੱਤੇ ਹੈਰਾਨੀ ਅਤੇ ਅਫਸੋਸ ਪ੍ਰਗਟ ਕੀਤਾ ਕਿ ਸਾਸ਼ਕ ਸਿਕੰਦਰ ਲੋਧੀ ਦੁਆਰਾ ਦਿੱਤੀ ਜਿਸ ਜ਼ਮੀਨ ਉੱਤੇ ਇਹ ਇਤਿਹਾਸਕ ਮੰਦਿਰ ਬਣਿਆ ਸੀ, ਉਸ ਦੀ ਪੁਸ਼ਟੀ ਮਾਲ ਵਿਭਾਗ ਦੇ ਰਿਕਾਰਡ ਵੀ ਕਰਦੇ ਹਨ ਕਿ ਇਹ ਜ਼ਮੀਨ ਰਵੀਦਾਸ ਭਾਈਚਾਰੇ ਦੀ ਹੈ। ਉਹਨਾਂ ਕਿਹਾ ਕਿ ਦਿੱਲੀ ਵਿਕਾਸ ਅਥਾਰਟੀ ਵੱਲੋਂ ਨਾ ਸਿਰਫ ਇਸ ਮੰਦਿਰ ਨੂੰ ਤੋੜਿਆ ਗਿਆ, ਸਗੋਂ ਜ਼ਮੀਨ ਉੱਤੇ ਕਬਜ਼ਾ ਕਰਨ ਲਈ ਸ੍ਰੀ ਗੁਰੂ ਰਵੀਦਾਸ ਜੀ ਦੀ ਮੂਰਤੀ ਨੂੰ ਵੀ ਜਬਦਰਸਤੀ ਉੱਥੋਂ ਹਟਾ ਦਿੱਤਾ ਗਿਆ ਅਤੇ ਮੰਦਿਰ ਦੇ ਸੇਵਾਦਾਰ ਨੂੰ ਬੰਦੀ ਬਣਾ ਲਿਆ ਗਿਆ ਹੈ। ਵਿਧਾਇਕ ਸ਼੍ਰੀ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਇਸ ਤਰਾਂ ਲੱਗਦਾ ਹੈ ਕਿ ਮੰਦਿਰ ਦੀ ਸਥਾਨਕ ਪ੍ਰਬੰਧਕ ਕਮੇਟੀ ਅਦਾਲਤ ਵਿਚ ਸਹੀ ਢੰਗ ਨਾਲ ਇਸ ਕੇਸ ਨੂੰ ਪੇਸ਼ ਨਹੀਂ ਕਰ ਸਕੀ। ਇਤਿਹਾਸਕ ਸ਼੍ਰੀ ਰਵਿਦਾਸ ਮੰਦਰ ਨੂੰ ਢਾਹੁਣ ਦੀ ਕੀਤੀ ਕਾਰਵਾਈ ਨਾਲ ਦੇਸ਼ ਭਰ ਦੇ ਲੱਖਾ ਲੋਕਾਂ ਦੀਆ ਧਾਰਮਿਕ ਭਾਵਨਾ ਨੂੰ ਡੁੰਘੀ ਠੇਸ ਪਹੁੰਚੀ ਹੈ ਇਸ ਘਟਨਾ ਦੀ ਸਖਤ ਸ਼ਬਦਾ ਵਿੱਚ ਨਿਖੇਧੀ ਕਰਦਿਆਂ ਅਤੇ ਪੰਜਾਬ ਬੰਦ ਅੰਦੋਲਨ ਦਾ ਸਮਰਥਨ ਕੀਤਾ ਅਤੇ ਉਨਾਂ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਮਨ ਸ਼ਾਤੀ ਬਣਾਕੇ ਰੱਖਣ ਅਤੇ ਸ਼ਾਂਤਮਈ ਤਰੀਕੇ ਨਾਲ ਆਪਣਾ ਰੋਸ ਪ੍ਰਗਟ ਕਰਨ, ਇਸ ਸੰਬਧ ਵਿਚ ਉਨਾਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੈਮੋਰੰਡਮ ਵੀ ਦਿਤਾ ਗਿਆ।