ਸ਼ੁਭਮਨ ਗਿੱਲ ਨੇ ਦੂਹਰਾ ਸੈਂਕੜਾ ਜੜ ਕੇ ਗੰਭੀਰ ਦਾ ਰਿਕਾਰਡ ਤੋੜਿਆ

ਤਾਰੋਬਾ, ਅਗਸਤ 2019- ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ 17 ਸਾਲ ਪੁਰਾਣਾ ਰਿਕਾਰਡ ਤੋੜ ਕੇ ਸ਼ੁਭਮਨ ਗਿੱਲ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਦੂਹਰਾ ਸੈਂਕੜਾ ਮਾਰਨ ਵਾਲਾ ਸਭ ਤੋਂ ਨੌਜਵਾਨ ਭਾਰਤੀ ਕ੍ਰਿਕਟਰ ਬਣ ਗਿਆ। ਉਸ ਨੇ ਕਪਤਾਨ ਹਨੁਮਾ ਵਿਹਾਰੀ ਨਾਲ ਮਿਲ ਕੇ ਵੈਸਟ ਇੰਡੀਜ਼ ‘ਏ’ ਖ਼ਿਲਾਫ਼ ਤੀਜੇ ਅਣਅਧਿਕਾਰਤ ਟੈਸਟ ਵਿੱਚ ਭਾਰਤ ‘ਏ’ ਨੂੰ ਜਿੱਤ ਦੇ ਕਰੀਬ ਲਿਆਂਦਾ। ਭਾਰਤੀ ਕ੍ਰਿਕਟ ਟੀਮ ਦੇ ਭਵਿੱਖ ਦੇ ਸਟਾਰ ਮੰਨੇ ਜਾ ਰਹੇ 19 ਸਾਲਾ ਗਿੱਲ ਨੇ 250 ਗੇਂਦਾਂ ਵਿੱਚ ਨਾਬਾਦ 204 ਦੌੜਾਂ ਬਣਾ ਕੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਰਿਕਾਰਡ ਤੋੜਿਆ।
ਗੰਭੀਰ ਨੇ 2002 ਵਿੱਚ ਜ਼ਿੰਬਾਬਵੇ ਖ਼ਿਲਾਫ਼ ਅਭਿਆਸ ਮੈਚ ਦੌਰਾਨ ਇੰਡੀਆ ਬੋਰਡ ਪ੍ਰੈਜ਼ੀਡੈਂਟ ਇਲੈਵਨ ਲਈ 218 ਦੌੜਾਂ ਬਣਾਈਆਂ ਸਨ, ਉਦੋਂ ਉਸ ਦੀ ਉਮਰ 20 ਸਾਲ ਦੀ ਸੀ। ਭਾਰਤ ‘ਏ’ ਨੇ ਕੱਲ੍ਹ ਦੇ ਸਕੋਰ ਤਿੰਨ ਵਿਕਟਾਂ ’ਤੇ 23 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਗਿੱਲ ਦੋ ਦੌੜਾਂ ਬਣਾ ਕੇ ਕ੍ਰੀਜ਼ ’ਤੇ ਸੀ। ਉਸ ਨੇ ਲੰਚ ਤੱਕ ਸੈਂਕੜਾ ਪੂਰਾ ਕੀਤਾ। ਕਪਤਾਨ ਵਿਹਾਰੀ ਨੇ ਵੀ 118 ਦੌੜਾਂ ਦੀ ਨਾਬਾਦ ਪਾਰੀ ਖੇਡੀ। ਦੋਵਾਂ ਨੇ ਪੰਜਵੀਂ ਵਿਕਟ ਲਈ 315 ਦੌੜਾਂ ਦੀ ਅਟੁੱਟ ਭਾਈਵਾਲੀ ਕੀਤੀ। ਭਾਰਤ ‘ਏ’ ਨੇ ਗਿੱਲ ਦਾ ਦੂਹਰਾ ਸੈਂਕੜਾ ਪੂਰਾ ਹੁੰਦੇ ਹੀ ਚਾਰ ਵਿਕਟਾਂ ’ਤੇ 365 ਦੌੜਾਂ ਦੇ ਸਕੋਰ ’ਤੇ ਪਾਰੀ ਐਲਾਨ ਦਿੱਤੀ। ਖੇਡ ਖ਼ਤਮ ਹੋਣ ’ਤੇ ਵੈਸਟ ਇੰਡੀਜ਼ ‘ਏ’ ਨੇ ਜਿੱਤ ਲਈ 373 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬਿਨਾ ਕਿਸੇ ਨੁਕਸਾਨ ਦੇ 37 ਦੌੜਾਂ ਬਣਾ ਲਈਆਂ ਸਨ। ਗਿੱਲ ਨੇ ਆਪਣੀ 204 ਦੌੜਾਂ ਦੀ ਪਾਰੀ ਵਿੱਚ 19 ਚੌਕੇ ਅਤੇ ਦੋ ਛੱਕੇ ਮਾਰੇ। ਵਿਹਾਰੀ ਨੇ ਆਪਣੀ ਪਾਰੀ ਵਿੱਚ 10 ਚੌਕੇ ਜੜੇ। ਇਸ ਤੋਂ ਪਹਿਲਾਂ ਵੈਸਟ ਇੰਡੀਜ਼ ‘ਏ’ ਨੇ ਭਾਰਤ ‘ਏ’ ਨੂੰ ਪਹਿਲੀ ਪਾਰੀ ਵਿੱਚ 201 ਦੌੜਾਂ ’ਤੇ ਆਊਟ ਕਰ ਦਿੱਤਾ ਸੀ।
ਭਾਰਤ ਦੇ ਵੈਸਟ ਇੰਡੀਜ਼ ਦੌਰੇ ਦੌਰਾਨ ਪਹਿਲੇ ਦੋ ਮੈਚਾਂ ਵਿੱਚ ਅਸਫਲ ਰਹਿਣ ਮਗਰੋਂ ਗਿੱਲ ਦਾ ਇਹ ਪ੍ਰਭਾਵਸ਼ਾਲੀ ਪ੍ਰਦਰਸ਼ਨ ਹੈ। ਭਾਰਤ ਨੇ ਸ਼ੁਰੂਆਤੀ ਦੋ ਮੁਕਾਬਲੇ ਜਿੱਤ ਕੇ ਤਿੰਨ ਟੈਸਟਾਂ ਮੈਚਾਂ ਦੀ ਲੜੀ ਪਹਿਲਾਂ ਹੀ ਜਿੱਤ ਲਈ ਹੈ।