ਪੁਲਿਸ ਅੱਤਿਆਚਾਰਾਂ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਧਰਨਾ ਜਾਰੀ !

ਨਿਆਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ-ਜੱਗਾ ਸਿੰਘ ਢਿੱਲੋਂ 

ਜਗਰਾਉਂ 1 ਸਤੰਬਰ  ( ਮਨਜਿੰਦਰ ਗਿੱਲ  ) ਮੁਕੱਦਮੇ 'ਚ ਨਾਮਜ਼ਦ ਦੋਸ਼ੀ ਤੱਤਕਾਲੀ ਆਪੂ ਬਣੇ ਅੈਸ.ਅੈਚ.ਓ. ਗੁਰਿੰਦਰ ਬੱਲ ਹੁਣ ਡੀ.ਅੈਸ.ਪੀ., ਤੱਤਕਾਲੀ ਏ.ਅੈਸ.ਆਈ. ਰਾਜਵੀਰ ਸਿੰਘ ਤੇ ਤੱਤਕਾਲੀ ਸਰਪੰਚ ਹਰਜੀਤ ਸਿੰਘ ਖਿਲਾਫ਼ ਦਰਜ ਕੀਤੇ ਮੁਕੱਦਮਾ ਨੰਬਰ 0274/ 2021 ਦੀ ਏ.ਆਈ.ਜੀ./ਕਰਾਈਮ ਦੀ ਅਗਵਾਈ 'ਚ ਤਫਤੀਸ਼ ਕਰ ਰਹੀ "ਸਿੱਟ" ਨੂੰ ਪੀੜ੍ਹਤ ਪਰਿਵਾਰ ਨੇ ਦਰਜ ਮੁਕੱਦਮਾ ਨਾਲ ਸਬੰਧਤ ਸਾਰੇ ਗਵਾਹ ਅਤੇ ਦਸਤਾਵੇਜ਼ੀ ਸਬੂਤ ਸੌਂਪ ਦਿੱਤੇ ਹਨ। ਉਨਾਂ ਕਿਹਾ ਕਿ 14.07.2005 ਦੀ ਰਾਤ ਦੀ ਵਾਪਰੀ ਘਟਨਾ ਤੋਂ ਲੈ ਕੇ ਮਰਨ ਤੱਕ ਇਲਾਜ਼ ਕਰਨ ਵਾਲੇ ਗਵਾਹਾਂ ਦੇ ਬਿਆਨ ਵੀ ਰਿਕਾਰਡ ਸਮੇਤ ਦਰਜ ਕਰਵਾ ਦਿੱਤੇ ਹਨ। ਪੇਂਡੂ ਮਜ਼ਦੂਰ ਯੂਨੀਅਨ ਦੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਅਤੇ ਬਲਾਕ ਕਮੇਟੀ ਮੈਂਬਰ ਜੱਗਾ ਢਿਲੋਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਸਕੱਤਰ ਜਸਦੇਵ ਸਿੰਘ ਲਲਤੋਂ, ਕਿਸਾਨ ਸਭਾ ਦੇ ਅਾਗੂ ਨਿਰਮਲ ਸਿੰਘ ਧਾਲੀਵਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਨੇ ਕਿਹਾ ਕਿ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਲਈ ਥਾਣਾ ਸਿਟੀ ਮੂਹਰੇ 23 ਮਾਰਚ ਤੋਂ ਸ਼ੁਰੂ ਕੀਤਾ ਅਣਮਿਥੇ ਸਮੇਂ ਦਾ ਧਰਨਾ ਅੱਜ 163ਵੇੰ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਮਾਸਟਰ ਹਰਭਜਨ ਸਿੰਘ, ਨਿਹੰਗ ਚੜਤ ਸਿੰਘ, ਰਾਮਤੀਰਥ ਸਿੰਘ ਨੇ ਥਾਣੇ ਮੂਹਰੇ ਖੜ੍ਹ ਕੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਖਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ ਤੇ ਪੁਰਜ਼ੋਰ ਮੰਗ ਕੀਤੀ ਕਿ ਗੈਰ-ਜਮਾਨਤੀ ਧਰਾਵਾਂ ਦੇ ਉਕਤ ਦੋਸ਼ੀਆਂ ਨੂੰ ਤੁਰੰਤ ਸੀਖਾਂ ਪਿੱਛੇ ਬੰਦ ਕਰਕੇ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਅੈਸ.ਸੀ/ਬੀ.ਸੀ. ਏਕਤਾ ਭਲਾਈ ਮੰਚ ਦੇ ਪ੍ਰਧਾਨ ਇੰਜ਼ੀ. ਦਰਸ਼ਨ ਸਿੰਘ ਧਾਲੀਵਾਲ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਤੇ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਦਹਾਕਿਆਂ ਬੱਧੀ ਲੜਾਈ ਲੜਣ ਦੇ ਬਾਵਜੂਦ ਵੀ ਪਰਿਵਾਰ ਨੂੰ ਇਨਸਾਫ਼ ਨਾਂ ਮਿਲਣਾ ਸਭ ਤੋਂ ਵੱਡੀ ਤਰਾਸਦੀ ਹੈ। ਉਨ੍ਹਾਂ ਕਿਹਾ ਕਿ ਇੰਝ ਲੱਗ ਰਿਹਾ ਹੈ ਕਿ ਜਿਵੇਂ ਦੇਸ਼ ਵਿੱਚ ਨਿਆਂ ਪ੍ਰਣਾਲੀ ਬੁਰੀ ਤਰ੍ਹਾਂ ਫੇਲ਼ ਹੋ ਚੁੱਕੀ ਹੈ। ਹਲਕਾ ਵਿਧਾਇਕ ਦੇ ਇਨਸਾਫ਼ ਦਿਵਾਉਣ ਦੇ ਕੀਤੇ ਦਾਅਵੇ ਸਬੰਧੀ ਇਕ ਸਵਾਲ ਦੇ ਜਵਾਬ ਵਿੱਚ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਅਾਗੂ ਬਲਦੇਵ ਸਿੰਘ ਫੌਜ਼ੀ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿੱਲੋਂ ਤੇ ਝੱਡਾ ਸਿੰਘ ਲੀਲ੍ਹਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਨੇ ਕਿਹਾ ਸਿਆਸੀ ਲੀਡਰ, ਲੋਕਾਂ ਨੂੰ ਗੁੰਮਰਾਹ ਕਰਕੇ ਸਿਰਫ਼ ਸਤਾ ਹਾਸਲ ਕਰਨ ਤੱਕ ਹੀ ਸੀਮਤ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਵੋਟਾਂ ਲੈ ਕੇ ਲੋਕਾਂ ਦੇ ਮਸਲਿਆਂ ਨੂੰ ਦਰ-ਕਿਨਾਰ ਕਰ ਦਿੰਦੇ ਹਨ।  ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਪਿਛਲੇ 3-4 ਤੋਂ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਲਗਦੇ ਧਰਨਿਆਂ ਵਿੱਚ ਨਾ ਸਿਰਫ ਹਾਜ਼ਰ ਹੁੰਦੀ ਸੀ ਸਗੋਂ ਉੱਚ ਪੁਲਿਸ ਅਧਿਕਾਰੀਆਂ ਨੂੰ ਪੱਤਰ ਵੀ ਲਿਖਤੀ ਰਹੀ ਹੈ। ਜ਼ਿਕਰਯੋਗ ਹੈ ਕਿ ਪੀੜ੍ਹਤ ਪਰਿਵਾਰ 2005 ਤੋਂ ਹੀ ਪੁਲਿਸ ਦੇ ਅੱਤਿਆਚਾਰਾਂ ਖਿਲਾਫ਼ ਅਤੇ ਇਨਸਾਫ਼ ਪ੍ਰਾਪਤੀ ਦੀ ਲੜ੍ਹਾਈ ਲੜ੍ਹ ਰਿਹਾ ਹੈ। ਏਟਕ ਆਗੂ ਜਗਦੀਸ਼ ਸਿੰਘ ਕ‍ਾਉਂਕੇ ਨੇ ਵੀ ਮੁਕੱਦਮੇ 'ਚ ਨਾਮਜ਼ਦ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਧਰਨੇ ਵਿੱਚ ਲਗਾਤਾਰ  ਹਾਜ਼ਰੀ ਭਰਨ ਵਾਲੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਡਾ ਸਿੰਘ ਕਾਉਂਕੇ, ਬਾਬਾ ਬੰਤਾ ਸਿੰਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਜੱਥੇਦਾਰ ਚੜ੍ਤ ਸਿੰਘ ਗਗੜਾ, ਚਰਨ ਸਿੰਘ, ਜੱਗਾ ਸਿੰਘ ਢਿੱਲੋਂ, ਮਹਿੰਦਰ ਸਿੰਘ ਬੀਏ, ਰਾਮਤੀਰਥ ਸਿੰਘ ਲੀਲਾ, ਗੁਰਮੀਤ ਸਿੰਘਾਪੁਰ , ਅਵਤਾਰ ਸਿੰਘ ਠੇਕੇਦਾਰ ਦੀ ਸ਼ਲਾਘਾ ਕੀਤੀ ਹੈ।