ਪਿੰਡ ਮੋਹੀ ਦਾ ਗੁਰਸਿੱਖ ਬਲਜਿੰਦਰ ਸਿੰਘ ਖਾਲਸਾ ਬਣਿਆ ਦਿਨ੍ਹਾਂ ਚ ਕਰੋੜਪਤੀ, 1 ਕਰੋੜ 20 ਲੱਖ ਦੀ ਲੱਗੀ ਲਾਟਰੀ 

 ਲਾਟਰੀ ਦਾ ਕੁਝ ਹਿੱਸਾ ਕਰਾਂਗਾ ਲੋੜਵੰਦਾ ਨੂੰ ਦਾਨ - ਬਲਜਿੰਦਰ ਸਿੰਘ ਖਾਲਸਾ 

ਜੋਧਾਂ ,1 ਸਤੰਬਰ (ਦਲਜੀਤ ਸਿੰਘ ਰੰਧਾਵਾ) ਕਹਿੰਦੇ ਨੇ ਓਪਰ ਵਾਲਾ ਜਦੋਂ ਵੀ ਕਿਸੇ ਤੇ ਮੇਹਰ ਦੀ ਨਦਰ ਕਰ ਦਿੰਦਾ ਹੈ ਤਾਂ ਉਸ ਦੀਆਂ ਸਭ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ ਨਾਲ ਹੀ ਇਕ ਹੋਰ ਕਹਾਵਤ ''ਉਪਰ ਵਾਲਾ ਜਦ ਵੀ ਦਿੰਦਾ ਦਿੰਦਾ ਛੱਪੜ ਫਾੜ ਕੇ '' ਓਦੋਂ ਸੱਚ ਹੋਈ ਜਦੋਂ ਗਰੀਬ ਗੁਰਸਿੱਖ ਪਰਵਾਰ ਦੇ ਬਲਜਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਪਿੰਡ ਮੋਹੀ ਜਿਲ੍ਹਾ ਲੁਧਿਆਣਾ ਨੂੰ ਇਕ ਕਰੋੜ ਵੀਹ ਲੱਖ ਰੁਪਏ ਦੀ ਲਾਟਰੀ ਨਿਕਲ ਆਈ। ਇਸ ਮੌਕੇ ਬਲਜਿੰਦਰ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿੰਡ ਮੋਹੀ ਦੇ ਕੈਂਪ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਜੀਤਸਰ ਮੋਹੀ ਵਿਖੇ ਬਤੌਰ ਸੇਵਾਦਾਰ ਦੀ ਨੌਕਰੀ ਕਰਦਾ ਹੈ ਜਿਸਦੀ ਉਮਰ 57 ਸਾਲ ਹੈ ਤੇ ਪਤਨੀ ਪਰਮਜੀਤ ਕੌਰ ਵੀ ਮਿਹਨਤ ਮਜ਼ਦੂਰੀ ਕਰਦੀ ਹੈ ਉਸਦਾ ਲੜਕਾ ਅਵਤਾਰ ਸਿੰਘ ਜੋਂ ਕੇ ਪਿੰਡ ਅੰਦਰ ਹੀ ਸੁਸਾਇਟੀ ਵਲੋਂ ਲਗਾਏ  ਪੈਟਰੋਲ ਪੰਪ ਤੇ ਤੇਲ ਪਾਉਣ ਦਾ ਕੰਮ ਕਰਦਾ ਹੈ। ਬਲਜਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਉਸਨੇ ਇਹ ਲਾਟਰੀ ਬੀਤੇ ਦਿਨੀਂ 20 ਅਗਸਤ ਨੂੰ ਮੁੱਲਾਂਪੁਰ ਤੋਂ ਗਿਆਨ ਸਿੰਘ ਨਾਮ ਦੇ ਲਾਟਰੀ ਏਜੰਟ ਤੋਂ ਪੰਜਾਬ ਸਟੇਟ ਲਾਟਰੀ ਬੰਪਰ ਦਾ 200 ਰੁਪਏ ਚ ਲਾਟਰੀ ਟਿਕਟ ਅਪਣੇ ਲੜਕੇ ਅਵਤਾਰ ਸਿੰਘ ਦੇ ਨਾਮ ਤੇ ਖਰੀਦੀਆਂ ਸੀ । ਉਨ੍ਹਾਂ ਦੱਸਿਆ ਕਿ ਜਦੋਂ ਸਾਨੂੰ ਲਾਟਰੀ ਵਾਲਿਆਂ ਦਾ ਫੋਨ ਆਇਆ ਕੇ ਤੁਹਾਨੂੰ ਇੱਕ ਕਰੋੜ ਵੀਹ ਲੱਖ ਰੁਪਏ ਦੀ ਲਾਟਰੀ ਨਿਕਲ ਆਈ ਹੈ ਤਾਂ ਉਨ੍ਹਾਂ ਦੀ ਖੁਸੀ ਦੀ ਹੱਦ ਨਾ ਰਹੀ । ਦੱਸਣਯੋਗ ਹੈ ਕਿ ਬਲਜਿੰਦਰ ਸਿੰਘ ਦਾ ਸਾਰਾ ਪਰਵਾਰ ਹੀ ਗੁਰਸਿੱਖ ਪਰਵਾਰ ਹੈ ਜੋ ਕੇ ਬਾਣੇ ਅਤੇ ਬਾਣੀ ਦਾ ਪੂਰਨ ਧਾਰਨੀ ਹਨ। ਬਲਜਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਓਹਨਾ ਨੇ ਸੰਤ ਬਾਬਾ ਨਿਹਾਲ ਸਿੰਘ ਜੀ ਮੋਹੀ ਵਾਲਿਆਂ ਦੀ ਬਹੁਤ ਸੇਵਾ ਕੀਤੀ ਹੈ ਅਤੇ ਉਨ੍ਹਾਂ ਦੇ ਬਚਨਾਂ ਮੁਤਾਬਕ ਗੁਰ ਘਰ ਵਿੱਚ ਹਰ ਵੇਲੇ ਸੇਵਾ ਅਤੇ ਸਿਮਰਨ ਕਰਦੇ ਰਹਿੰਦੇ ਹਨ। ਉਨ੍ਹਾਂ ਲਾਟਰੀ ਦੇ ਪੈਸੇ ਨਾਲ ਕੁਝ ਜ਼ਮੀਨ ਖਰੀਦਣ ਅਤੇ ਆਪਣਾ ਘਰ ਬਣਾਉਣ ਤੋ ਇਲਾਵਾ ਕੁਝ ਕੂ ਪੈਸੇ  ਲੋੜਵੰਦ ਲੋਕਾਂ ਲਈ ਦਾਨ ਦੇਣ ਦੀ ਵੀ ਗੱਲ ਆਖੀ। ਇਸ ਮੌਕੇ ਕੈਂਪ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਜੀਤਸਰ ਮੋਹੀ ਦੇ ਪ੍ਰਿੰਸੀਪਲ ਪਰਮਜੀਤ ਸਿੰਘ ਮੋਹੀ ,ਕਮੇਟੀ ਮੈਂਬਰ ਸੁਖਦੀਪ ਸਿੰਘ ਦੀਪਾ ਅਤੇ ਮਾਸਟਰ ਚਰਨਜੀਤ ਸਿੰਘ ਹਸਨਪੁਰ ਵਲੋਂ ਨੇ ਜਿੱਥੇ ਬਲਜਿੰਦਰ ਸਿੰਘ ਨੂੰ ਲਾਟਰੀ ਨਿਕਲਨ ਤੇ ਮੁਬਾਰਕਬਾਦ ਦਿੱਤੀ ਓਥੇ ਪਰਮਜੀਤ ਸਿੰਘ ਮੋਹੀ ਨੇ ਕਿਹਾ ਕਿ ਬਲਜਿੰਦਰ ਸਿੰਘ ਇਕ ਇਮਾਨਦਾਰ ਸੂਝਵਾਨ ਵਿਅਕਤੀ ਹਨ ਸਕੂਲ ਅਤੇ ਸਮਾਜ ਦੀ ਨਿਸ਼ਕਾਮ ਸੇਵਾ ਸਦਕਾ ਹੀ ਇਸ ਤੇ ਆਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ ਹੈ ।