ਹਲਵਾਰਾ ਏਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਰਖਵਾਉਣ ਲਈ ਸਮਾਜ ਸੇਵੀ ਨੌਜਵਾਨ ਸੁੱਖ ਜਗਰਾਉ ਨੇ ਲਿਖਿਆ ਆਪਣੇ ਖੂਨ ਨਾਲ ਮੰਗ ਪੱਤਰ

ਜਗਰਾਉ 31 ਅਗਸਤ (ਅਮਿਤਖੰਨਾ)ਸਮਾਜ ਸੇਵੀ ਨੌਜਵਾਨਾਂ, ਜਥੇਬੰਦੀਆਂ ਤੇ ਵੱਡੀ ਗਿਣਤੀ ਵਿਚ ਸ਼ਹੀਦਾਂ ਦੀ ਸੋਚ ਨੂੰ ਸਮਰਪਿਤ ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਜ਼ਿਲ੍ਹਾ ਲੁਧਿਆਣਾ ਦੇ ਅਧੀਨ ਪੈਂਦੇ ਪਿੰਡ ਹਲਵਾਰਾ ਵਿਖੇ ਬਣ ਰਹੇ ਏਅਰਪੋਰਟ ਦਾ ਨਾਂਅ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ 'ਤੇ ਰੱਖਿਆ ਜਾਵੇ | ਅੱਜ ਸਮਾਜ ਸੇਵੀ ਨੌਜਵਾਨ ਸੁੱਖ ਜਗਰਾਉਂ ਵਲੋਂ ਆਪਣੇ ਸਾਥੀਆਂ ਨਾਲ ਰਲ ਕੇ ਹਲਵਾਰਾ ਅੰਤਰਰਾਸ਼ਟਰੀ ਏਅਰਪੋਰਟ ਦੇ ਬੋਰਡ ਦੇ ਥੱਲੇ ਖੜ੍ਹ ਆਪਣੀ ਮੰਗ ਮਨਵਾਉਣ ਵਾਸਤੇ ਆਪਣੇ ਖ਼ੂਨ ਨਾਲ ਚਿੱਠੀ ਲਿਖ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਗਈ | ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਨੌਜਵਾਨ ਸੁੱਖ ਜਗਰਾਉਂ ਨੇ ਦੱਸਿਆ ਕਿ ਸਾਡੀ ਇਸ ਜਾਇਜ਼ ਮੰਗ ਨੂੰ ਮੰਨਿਆ ਜਾਵੇ | ਅੱਜ ਤੋਂ ਹਰੇਕ ਮਹੀਨੇ ਇਲਾਕੇ ਦੇ ਨੌਜਵਾਨ ਲਗਾਤਾਰ ਆਪਣੇ ਖ਼ੂਨ ਨਾਲ ਚਿੱਠੀਆਂ ਲਿਖ ਕੇ ਮੁੱਖ ਮੰਤਰੀ ਨੂੰ ਭੇਜਣਗੇ | ਇਸ ਮੌਕੇ ਉਨ੍ਹਾਂ ਦੇ ਸਾਥੀ ਸੁਖਵਿੰਦਰ ਸਿੰਘ ਹਲਵਾਰਾ ਨੇ ਆਖਿਆ ਕਿ ਭਗਵੰਤ ਮਾਨ ਜਦੋਂ ਸੰਸਦ ਮੈਂਬਰ ਸਨ ਉਨ੍ਹਾਂ ਨੇ ਖੁਦ ਫ਼ੋਨ ਕਰਕੇ ਇਸ ਮਸਲੇ ਬਾਰੇ ਜਾਣਕਾਰੀ ਲਈ ਸੀ ਤੇ ਇਸ ਮਸਲੇ ਨੂੰ ਸੰਸਦ ਵਿਚ ਚੁੱਕਣ ਵਾਸਤੇ ਆਖਿਆ ਸੀ | ਅੱਜ ਮੁੱਖ ਮੰਤਰੀ ਭਗਵੰਤ ਮਾਨ ਇਸ ਸੂਬੇ ਦੇ ਮੁੱਖ ਮੰਤਰੀ ਨੇ ਉਹ ਲੋਕਾਂ ਦੀ ਇਸ ਮੰਗ ਨੂੰ ਜਲਦ ਤੋਂ ਜਲਦ ਵਿਧਾਨ ਸਭਾ ਵਿਚ ਪ੍ਰਸਤਾਵ ਦੇ ਰੂਪ ਵਿਚ ਪੇਸ਼ ਕਰਕੇ ਕੇਂਦਰ ਸਰਕਾਰ ਨੂੰ ਭੇਜਣ | ਇਸ ਮੌਕੇ ਜਥੇਦਾਰ ਜਗਦੇਵ ਸਿੰਘ, ਗੁਰਦੀਪ ਸਿੰਘ ਰਾਜੋਆਣਾ, ਗਗਨਦੀਪ ਸਿੰਘ ਰਾਜੋਆਣਾ, ਪ੍ਰੇਮ ਸਿੰਘ ਹਲਵਾਰਾ, ਸੰਤੋਖ ਸਿੰਘ ਹਲਵਾਰਾ, ਗੁਰਪ੍ਰੀਤ ਸਿੰਘ ਟੂਸਾ, ਹਰਪ੍ਰੀਤ ਸਿੰਘ ਬਿੱਲਾ ਤੇ ਹੋਰ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਮੌਜੂਦ ਰਹੇ |