ਮੁਜ਼ੱਫਰਨਗਰ, ਅਗਸਤ 2019- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਵਿਕਰਮ ਸੈਣੀ ਨੇ ਕਿਹਾ ਕਿ ਧਾਰਾ 370 ਮਨਸੂਖ਼ ਕੀਤੇ ਜਾਣ ਤੋਂ ਪਾਰਟੀ ਵਰਕਰ ਬਹੁਤ ਖ਼ੁਸ਼ ਹਨ ਕਿਉਂਕਿ ਹੁਣ ਉਹ ਕਸ਼ਮੀਰ ਦੀਆਂ ‘ਗੋਰੀਆਂ’ ਲੜਕੀਆਂ ਨਾਲ ਵਿਆਹ ਕਰਵਾ ਸਕਣਗੇ। ਉਸ ਨੇ ਕਿਹਾ ਕਿ ਭਾਜਪਾ ਦੇ ਕੁਆਰੇ ਹੁਣ ਕਸ਼ਮੀਰ ਜਾ ਕੇ ਜ਼ਮੀਨ ਖ਼ਰੀਦ ਸਕਦੇ ਹਨ ਅਤੇ ਵਿਆਹ ਕਰਵਾ ਸਕਦੇ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਕਲਿੱਪ ਵਿੱਚ ਖਾਤੌਲੀ ਦਾ ਇਹ ਵਿਧਾਇਕ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਰੱਦ ਕੀਤੇ ਜਾਣ ਦੇ ਜਸ਼ਨ ਵਿਚ ਰੱਖੇ ਸਮਾਗਮ ਮੌਕੇ ਬੋਲ ਰਿਹਾ ਹੈ। ਸੈਣੀ ਨੇ ਕਿਹਾ, ‘‘ਵਰਕਰ ਬਹੁਤ ਉਤਸ਼ਾਹ ਵਿੱਚ ਹਨ ਅਤੇ ਜਿਹੜੇ ਕੁਆਰੇ ਹਨ, ਉਹ ਉੱਥੇ ਵਿਆਹ ਕਰਵਾ ਸਕਦੇ ਹਨ। ਹੁਣ ਇਸ ਵਿੱਚ ਕੋਈ ਮੁਸ਼ਕਲ ਨਹੀਂ ਹੈ। ਪਹਿਲਾਂ, ਔਰਤਾਂ ’ਤੇ ਬਹੁਤ ਅੱਤਿਆਚਾਰ ਹੁੰਦੇ ਸਨ। ਜੇਕਰ ਕਸ਼ਮੀਰ ਦੀ ਔਰਤ ਉੱਤਰ ਪ੍ਰਦੇਸ਼ ਦੇ ਵਿਅਕਤੀ ਨਾਲ ਵਿਆਹ ਕਰਵਾ ਲੈਂਦੀ ਤਾਂ ਉਸ ਦੀ ਨਾਗਰਕਿਤਾ ਰੱਦ ਕਰ ਦਿੱਤੀ ਜਾਂਦੀ ਸੀ। ਭਾਰਤ ਅਤੇ ਕਸ਼ਮੀਰ ਲਈ ਵੱਖੋ-ਵੱਖਰੀ ਨਾਗਰਕਿਤਾ ਸੀ। ਇੱਥੋਂ ਦੇ ਮੁਸਲਮਾਨ ਵਰਕਰਾਂ ਨੂੰ ਜਸ਼ਨ ਮਨਾਉਣਾ ਚਾਹੀਦਾ ਹੈ। ਉਹ ਉੱਥੇ ਗੋਰੀ ਕਸ਼ਮੀਰੀ ਲੜਕੀ ਨਾਲ ਵਿਆਹ ਕਰਵਾ ਲੈਣ। ਸਭ ਨੂੰ ਇਸ ਦੇ ਜਸ਼ਨ ਮਨਾਉਣੇ ਚਾਹੀਦੇ ਹਨ।’’
ਬਾਅਦ ਵਿੱਚ ਇਨ੍ਹਾਂ ਟਿੱਪਣੀਆਂ ਬਾਰੇ ਪੁੱਛੇ ਜਾਣ ’ਤੇ ਵਿਧਾਇਕ ਨੇ ਕਿਹਾ ਕਿ ਉਸ ਨੇ ਕੁਝ ਵੀ ਇਤਰਾਜ਼ਯੋਗ ਨਹੀਂ ਆਖਿਆ। ਸੈਣੀ ਨੇ ਕਿਹਾ, ‘‘ਹੁਣ ਕੋਈ ਵੀ ਬਿਨਾਂ ਕਿਸੇ ਮੁਸ਼ਕਲ ਤੋਂ ਕਸ਼ਮੀਰੀ ਲੜਕੀ ਨਾਲ ਵਿਆਹ ਕਰਵਾ ਸਕਦਾ ਹੈ। ਮੈਂ ਇਹੀ ਕਿਹਾ ਹੈ ਅਤੇ ਇਹ ਸੱਚ ਹੈ। ਇਹ ਕਸ਼ਮੀਰ ਦੇ ਲੋਕਾਂ ਲਈ ਆਜ਼ਾਦੀ ਹੈ। ਇਸੇ ਕਰਕੇ ਅਸੀਂ ਇਹ ਸਮਾਗਮ ਰੱਖਿਆ। ਹੁਣ, ਕਸ਼ਮੀਰੀਆਂ ਨੂੰ ਆਜ਼ਾਦੀ ਮਿਲ ਗਈ ਹੈ।’’