ਅਟਾਰੀ ਸਰਹੱਦ 'ਤੇ ਆਈ.ਸੀ.ਪੀ. 'ਚ ਹੋਇਆ ਧਮਾਕਾ, ਡਰਾਈ ਫਰੂਟ ਦੇ ਟਰੱਕ ਥੱਲੇ ਚੁੰਬਕ ਨਾਲ ਲਮਕਾਇਆ ਗਿਆ ਸੀ ਲੋਹੇ ਦਾ ਡੱਬਾ

ਅੰਮ੍ਰਿਤਸਰ - ਭਾਰਤ ਅਫ਼ਗਾਨਿਸਤਾਨ ਦੇਸ਼ਾਂ ਦਰਮਿਆਨ ਪਾਕਿਸਤਾਨ ਰਸਤੇ ਚੱਲ ਰਹੇ ਵਪਾਰ ਰਾਹੀਂ ਪਾਕਿਸਤਾਨ ਦੇ ਘਟੀਆ ਇਰਾਦੇ ਫਿਰ ਇੱਕ ਵਾਰੀ ਸਾਹਮਣੇ ਆ ਗਏ ਹਨ। ਅਟਾਰੀ ਸਰਹੱਦ 'ਤੇ ਡਿਊਟੀ ਨਿਭਾਅ ਰਹੇ ਭਾਰਤੀ ਕਸਟਮ, ਬੀਐੱਸਐੱਫ ਤੇ ਭਾਰਤੀ ਸੂਹੀਆਂ ਏਜੰਸੀਆਂ ਨੇ ਅਟਾਰੀ ਸਰਹੱਦ ਵਿਖੇ ਅਫ਼ਗ਼ਾਨਿਸਤਾਨ ਤੋਂ ਵਾਇਆ ਪਾਕਿਸਤਾਨ ਰਸਤਿਓਂ ਭਾਰਤ ਪੁੱਜੇ ਡਰਾਈ ਫਰੂਟ ਦੇ ਟਰੱਕ ਰਾਹੀਂ ਭੇਜੀ ਗਈ ਆਰਡੀਐਕਸ ਵਰਗੀ ਚੀਜ਼ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਥੇ ਪਤਾ ਲੱਗਿਆ ਕਿ ਅੱਜ ਬਾਅਦ ਦੁਪਹਿਰ ਇਹ ਅਫ਼ਗਾਨਿਸਤਾਨੀ ਟਰੱਕ ਪਾਕਿਸਤਾਨ ਅਫਗਾਨਿਸਤਾਨ ਸਰਹੱਦ ਚਮਨ ਬਾਰਡਰ ਤੋਂ ਡਰਾਈ ਫਰੂਟ ਲੈ ਕੇ ਅਟਾਰੀ ਸਰਹੱਦ ਵਿਖੇ ਸਥਿਤ ਆਈਸੀਪੀ ਵਿਖੇ ਪੁੱਜਾ ਸੀ ਜਿੱਥੇ ਭਾਰਤੀ ਕਸਟਮ ਤੇ ਬੀਐਸਐਫ ਨੇ ਸਾਂਝੀ ਜਾਂਚ ਦੌਰਾਨ ਨਸ਼ੇ ਜਿਵੇਂ ਇਕ ਡੱਬਾ ਉਕਤ ਟਰੱਕ ਵਿੱਚੋਂ ਬਰਾਮਦ ਕੀਤਾ। ਭਾਰਤੀ ਕਸਟਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਡੱਬੇ ਦਾ ਵਜ਼ਨ ਨੌਂ ਸੌ ਗਰਾਮ ਦਾ ਭਾਰ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਲੈਬ ਵਿਖੇ ਭੇਜ ਕੇ ਪਤਾ ਚੱਲੇਗਾ ਕਿ ਇਹ ਪਾਕਿਸਤਾਨ ਤਸਕਰਾਂ ਵੱਲੋਂ ਇਸ ਟਰੱਕ ਰਾਹੀਂ ਕੀ ਭੇਜਿਆ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਗੱਲ ਹੈ ਕਿ ਬੀਤੇ ਤਿੰਨ ਦਿਨ ਪਹਿਲਾਂ ਵੀ ਇਹੋ ਜਿਹੀ ਚੀਜ਼ ਦਾ ਡੱਬਾ ਅਫਗਾਨਿਸਤਾਨ ਦੇ ਇਕ ਟਰੱਕ ਰਾਹੀਂ ਆਇਆ ਸੀ ਜੋ ਅੱਜ ਵਾਲੇ ਫੜੇ ਗਏ ਡੱਬੇ ਦੇ ਨਾਲ ਬਿਲਕੁਲ ਮਿਲਦਾ-ਜੁਲਦਾ ਹੈ ਜਿਸ ਦੀ ਜਾਂਚ ਬਾਰੀਕੀ ਨਾਲ ਕੀਤੀ ਜਾ ਰਹੀ ਹੈ। ਭਾਰਤੀ ਕਸਟਮ ਵਿਭਾਗ ਵੱਲੋਂ ਆਈਸੀਪੀ ਅਟਾਰੀ ਸਰਹੱਦ ਵਿਖੇ ਆਪਣੀ ਟੀਮ ਨਿਯੁਕਤ ਕਰਕੇ ਅਫਗਾਨਿਸਤਾਨੀ ਟਰੱਕ ਵਿੱਚ ਆਈ ਇਸ ਸ਼ੱਕੀ ਚੀਜ਼ ਦੀ ਜਾਂਚ ਲਈ ਪਿਛੋਕੜ ਦਾ ਪਤਾ ਲਗਾਇਆ ਜਾ ਰਿਹਾ ਹੈ।