ਆਹ ਭਾਵਨਾਵਾਂ! ✍️ ਸਲੇਮਪੁਰੀ ਦੀ ਚੂੰਢੀ

ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਿਲਰਗੰਜ/ ਢੋਲੇਵਾਲ ਲੁਧਿਆਣਾ ਦੀ ਇਕ ਮਾਸੂਮ ਬੱਚੀ ਬਹੁਤ ਹੀ ਤਾਂਘ ਨਾਲ ਮੇਰੇ ਕੋਲ ਆਈ ਅਤੇ ਬਹੁਤ ਹੀ ਮਾਸੂਮੀਅਤ ਭਰੇ ਚਿਹਰੇ ਨਾਲ ਆਖਣ ਲੱਗੀ-
'ਸਰ ਮੈਂ ਘਰੋਂ ਤੁਹਾਡੇ ਲਈ ਰੱਖੜੀ ਲੈ ਕੇ ਆਈਂ ਆ, ਮੇਰੇ ਕੋਲੋਂ ਬੰਨ੍ਹਾ ਲਵੋਗੇ?'
ਮੈਂ ਬੱਚੀ ਦੇ ਸਿਰ ਉਪਰ ਹੱਥ ਰੱਖਦਿਆਂ ਕਿਹਾ -
'ਹਾਂ ਬੱਚੇ ਕਿਸੇ ਕਮਰੇ ਵਿਚ ਬੈਠ ਕੇ ਬੰਨ੍ਹ ਦੇ!'
ਬੱਚੀ ਦੇ ਮਾਸੂਮੀਅਤ ਭਰੇ
ਲਹਿਜੇ ਵਿਚ ਬੋਲੇ ਬੋਲਾਂ ਨੇ ਮੈਨੂੰ ਵਿਲੱਖਣ ਕਿਸਮ ਦਾ ਸਰੂਰ ਚੜ੍ਹਾ ਦਿੱਤਾ, ਜਿਸ ਬਾਰੇ ਵਰਨਣ ਕਰਨ ਲਈ ਮੇਰੇ ਸ਼ਬਦ ਲੜਖੜਾ ਗਏ ਹਨ। ਇਹ ਬੱਚੀ ਸ਼ਾਇਦ ਕਿਸੇ ਪ੍ਰਵਾਸੀ ਮਜ਼ਦੂਰ ਦੀ ਬੱਚੀ ਹੈ, ਪਰ ਉਸ ਦੇ ਦਿਲ ਦੀਆਂ ਗਹਿਰਾਈਆਂ ਵਿਚੋਂ ਉਪਜੀਆਂ ਭਾਵਨਾਵਾਂ
ਸਨੇਹ ਅਤੇ ਸਤਿਕਾਰ ਵਿਚ ਭਿੱਜੀਆਂ ਉਨ੍ਹਾਂ ਠੰਢੀਆਂ ਹਵਾਵਾਂ ਵਰਗੀਆਂ ਮਹਿਸੂਸ ਹੋਈਆਂ, ਜਿਵੇਂ ਹਾੜ ਦੇ ਮਹੀਨੇ ਮੀਂਹ ਪਿਛੋਂ ਠੰਢੀ ਮਿੱਠੀ ਹਵਾ ਦੇ ਬੁੱਲੇ ਵਗਦੇ ਹੋਣ!
ਮੈਨੂੰ ਇੰਝ ਮਹਿਸੂਸ ਹੋਇਆ ਜਿਵੇਂ ਬੱਚੀ ਦੀਆਂ ਅੱਖਾਂ ਵਿਚਲੀ ਚਮਕ ਸਮਾਜ ਦੇ ਉਨ੍ਹਾਂ ਰਿਸ਼ਤਿਆਂ ਨੂੰ ਦੰਦ ਚਿੜਾ ਰਹੀ ਹੋਵੇ , ਜਿਹੜੇ ਕੇਵਲ ਲੋਭ-ਲਾਲਚ ਨਾਲ ਜੁੜੇ ਹੋਏ ਹੁੰਦੇ ਹਨ।
ਮੈਂ ਬੱਚੀ ਦੀਆਂ ਭਾਵਨਾਵਾਂ ਦੀ ਦਿਲੋਂ ਕਦਰ ਕਰਦਿਆਂ ਜਦੋਂ ਆਪਣੇ ਗੁੱਟ 'ਤੇ ਰੱਖੜੀ ਬੰਨ੍ਹਾਈ ਤਾਂ ਮੈਨੂੰ ਕੁਝ ਪਲਾਂ ਲਈ ਇੰਝ ਮਹਿਸੂਸ ਹੋਇਆ ਜਿਵੇਂ ਮੈਂ ਕਿਸੇ ਅਜਿਹੀ ਦੁਨੀਆ ਵਿਚ ਪਹੁੰਚ ਗਿਆ ਹੋਵਾਂ, ਜਿਸ ਬਾਰੇ ਮੈਨੂੰ ਕਦੀ ਸੁਫਨਾ ਵੀ ਨਹੀਂ ਆਇਆ!
ਮੈਂ ਬਹੁਤ ਸਾਰੇ ਤਿਉਹਾਰਾਂ/ ਮੇਲਿਆਂ ਨੂੰ ਤਰਕ ਦੀ ਕਸੌਟੀ ਉਪਰ ਪਰਖਣ ਦੀ ਕੋਸ਼ਿਸ਼ ਵਿਚ ਰਹਿੰਦਾ ਹਾਂ, ਪਰ ਮੈਂ ਮਾਸੂਮ ਬੱਚੀ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਆਪਣੇ ਸਿਰ 'ਤੇ ਬਿਠਾਇਆ!
ਰੱਖੜੀ ਬੰਨ੍ਹਾਉਣ ਲਈ ਬੱਚੀ ਵਲੋਂ ਕਹੇ ਬੋਲਾਂ ਨੂੰ ਨਕਾਰਾਤਮਕ ਬਣਾਉਣ ਲਈ ਮੇਰੇ ਸ਼ਬਦ ਬੇਜਾਨ ਹੋ ਕੇ ਬਹਿ ਗਏ!
-ਸੁਖਦੇਵ ਸਲੇਮਪੁਰੀ
09780620233
11 ਅਗਸਤ 2022.