ਕੁਲਵੰਤ ਕੌਰ ਰਸੂਲਪੁਰ ਦੇ ਪਰਿਵਾਰ ਨੂੰ ਇਨਸਾਫ਼ ਦਿਓ-ਅਕਾਲੀ ਦਲ਼(ਮਾਨ)
ਜਗਰਾਉਂ 7 ਅਗਸਤ ( ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਪੰਜਾਬ ਪੁਲਿਸ ਦੇ ਅੱਤਿਆਚਾਰ ਤੋਂ ਪੀੜ੍ਹਤ ਗਰੀਬ ਪਰਿਵਾਰ ਨੂੰ ਅੱਜ ਤੱਕ ਇਨਸਾਫ਼ ਨਾਂ ਮਿਲਣਾ ਪੰਜਾਬ ਸਰਕਾਰ ਦੇ ਮੱਥੇ 'ਤੇ ਵੱਡਾ ਕਲ਼ੰਕ ਸਾਬਤ ਹੋ ਰਿਹਾ ਹੈ। ਇਹ ਵਿਚਾਰ ਸਥਾਨਕ ਥਾਣੇ ਮੂਹਰੇ ਲੱਗੇ ਪੱਕਾ ਧਰਨਾ ਲਗਾਈ ਬੈਠੇ ਧਰਨਾਕਾਰੀਆਂ ਵਿੱਚ ਸ਼ਾਮਲ ਹੋਏ ਸ਼੍ਰੋਮਣੀ ਅਕਾਲੀ ਦਲ਼ (ਅਮ੍ਰਿੰਤਸਰ) ਯੂਥ ਵਿੰਗ ਹਲਕਾ ਜਗਰਾਉਂ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਕਹੇ। ਇਸ ਸਮੇਂ ਯੂਥ ਵਿੰਗ ਦੇ ਪ੍ਰਧਾਨ ਹਰਪ੍ਰੀਤ ਸਿੰਘ ਨਾਲ ਧਰਨੇ ਹਾਜ਼ਰ ਸੁਰਿੰਦਰ ਸਿੰਘ, ਜੁਗਰਾਜ ਸਿੰਘ ਰਸੂਲਪੁਰ, ਰਾਜਵਿੰਦਰ ਸਿੰਘ ਜਗਰਾਉਂ, ਦੀਪ ਸਿੰਘ ਢੁਡੀਕੇ ਨੇ ਪ੍ਰੈਸ ਨੂੰ ਜਾਰੀ ਬਿਆਨ ਰਾਹੀਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਮ੍ਰਿਤਕ ਬੀਬੀ ਕੁਲਵੰਤ ਕੌਰ ਸਿੰਘ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸੜਕ ਤੇ ਬੈਠੇ ਪੀੜ੍ਹਤਾਂ ਨੂੰ ਤੁਰੰਤ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪੀੜ੍ਹਤਾਂ ਨੂੰ ਇਨਸਾਫ਼ ਨਾਂ ਦਿੱਤਾ ਤਾਂ ਇਹ ਮਾਮਲਾ ਸ਼੍ਰੋਮਣੀ ਅਕਾਲੀ ਦਲ਼ (ਅਮ੍ਰਿੰਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਧਿਆਨ 'ਚ ਲਿਆਂਦਾ ਜਾਵੇਗਾ ਅਤੇ ਮਾਮਲੇ ਨੂੰ ਭਾਰਤੀ ਸੰਸਦ ਵਿੱਚ ਉਠਾਇਆ ਜਾਵੇ। ਯੂਥ ਪ੍ਰਧਾਨ ਨੇ ਇਹ ਵੀ ਕਿਹਾ ਕਿ ਇਸ ਦੇ ਨਾਲ-ਨਾਲ ਯੂਥ ਵਿੰਗ ਵਲੋਂ ਧਰਨਾਕਾਰੀ ਜੱਥੇਬੰਦੀਆਂ ਨਾਲ ਤਾਲ਼ਮੇਲ ਕਰਕੇ ਆਉਣ ਵਾਲੇ ਸਮੇਂ ਵਿੱਚ ਜਲ਼ਦੀ ਹੀ ਰੋਸ ਮੁਜ਼ਾਹਰਾ ਉਲ਼ੀਕਿਆ ਜਾਵੇਗਾ। ਇਸ ਸਮੇਂ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਬਲਦੇਵ ਸਿੰਘ ਫੌਜ਼ੀ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਰਾਮਤੀਰਥ ਸਿੰਘ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਹਰੀ ਸਿੰਘ ਚਚਰਾੜੀ ਨੇ ਪੰਜਾਬ ਸਰਕਾਰ ਤੋਂ ਗੈਰ-ਜਮਾਨਤੀ ਧਰਾਵਾਂ ਦੇ ਦੋਸ਼ੀਆਂ ਨੂੰ ਜੇਲ਼ ਦੀਆਂ ਸੀਖਾਂ ਪਿੱਛੇ ਬੰਦ ਕਰਨ ਦੀ ਮੰਗ ਕੀਤੀ। ਜਿਕਰਯੋਗ ਹੈ ਕਿ ਧਰਨਾਕਰੀ ਬਿਰਧ ਮਾਤਾ ਸੁਰਿੰਦਰ ਕੌਰ ਰਸੂਲਪੁਰ ਨੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਰਾਹੀਂ ਆਪਣੇ ਖੂਨ ਨਾਲ ਇੱਕ ਖਤ ਲਿਖ ਕੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਹੁਣ ਪੀੜ੍ਹਤ ਪਰਿਵਾਰ ਤੇ ਧਰਨਾਕਾਰੀਆਂ ਦਾ ਕਾਨੂੰਨ ਅਤੇ ਪੰਜਾਬ ਸਰਕਾਰ ਤੋਂ ਵਿਸਵਾਸ਼ ਉਠਦਾ ਜਾ ਰਿਹਾ ਹੈ। ਧਰਨੇ ਵਿਚ ਬੈਠੇ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਸਾਲ 2005 ਤੋਂ ਇਨਸਾਫ਼ ਦੀ ਮੰਗ ਕਰਦਾ ਆ ਰਿਹਾ ਹੈ ਅਤੇ ਨਾਂ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ, ਨਾਂ ਹੀ ਦੋ ਵਾਰ ਬਣੀ ਪ੍ਰਕਾਸ਼ ਸਿੰਘ ਬਾਦਲ਼ ਦੀ ਅਕਾਲੀ-ਭਾਜਪਾ ਸਰਕਾਰ ਅਤੇ ਨਾਂ ਹੀ ਦੋਵਾਰਾ ਬਣੀ ਕੈਪਟਨ ਤੇ ਚਰਨਜੀਤ ਚੰਨੀ ਸਰਕਾਰ ਇਨਸਾਫ਼ ਦੇ ਸਕੀ। ਪਰਿਵਾਰ ਨੇ ਭਰੇ ਮਨ ਨਾਲ਼ ਕਿਹਾ ਕਿ ਭਾਵੇਂ ਪਹਿਲੀਆਂ ਸਰਕਾਰਾਂ ਤੋਂ ਤਾਂ ਇਸ ਕਰਕੇ ਆਸ ਨਹੀਂ ਸੀ ਕਿ ਉਹ ਤਾਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਸਨ ਪਰ ਹੁਣ ਨਵੀਂ ਚੁਣੀ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਆਮ ਲੋਕਾਂ ਨੂੰ ਵਡੇਰੀ ਆਸ ਸੀ। ਉਨ੍ਹਾਂ ਹਲਕਾ ਵਿਧਾਇਕ 'ਤੇ ਵਰਦਿਆਂ ਕਿਹਾ ਕਿ ਉਨ੍ਹਾਂ ਦੇ ਹਰ ਧਰਨੇ 'ਚ ਇਨਸਾਫ਼ ਦਿਵਾਉਣ ਦਾ ਵਾਅਦਾ ਕਰਨ ਵਾਲੀ ਬੀਬੀ ਵੋਟਾਂ ਲੈ ਕੇ ਬਦਲ਼ ਗਈ ਏ ਅਤੇ ਬੀਬੀ ਨੇ ਆਮ ਲੋਕਾਂ ਦੀਆਂ ਆਸਾਂ ਤੇ ਪਾਣੀ ਫੇਰਿਆ ਹੈ। ਉਨ੍ਹਾਂ ਕਿਹਾ ਕਿ ਉਹ ਡੇਢ ਦਹਾਕੇ ਤੋਂ ਪੁਲਿਸ ਅੱਤਿਆਚਾਰ ਖਿਲਾਫ਼ ਲੜ੍ਹਾਈ ਲੜ੍ਹ ਰਹੇ ਹਨ ਅਤੇ ਇਨਸਾਫ਼ ਦੀ ਪ੍ਰਾਪਤੀ ਤੱਕ ਲੜ੍ਹਦੇ ਰਹਿਣਗੇ। ਇਸ ਸਮੇਂ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਆਤਮਾ ਸਿੰਘ ਪ੍ਰਧਾਨ ਗੁਰੂ ਰਵੀਦਾਸ ਸਭਾ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਡਾ ਸਿੰਘ ਕਾਉਂਕੇ, ਬਾਬਾ ਬੰਤਾ ਸਿੰਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਨਛੱਤਰ ਸਿੰਘ, ਚਰਨ ਸਿੰਘ, ਰਾਮਤੀਰਥ ਸਿੰਘ ਲੀਲਾ, ਅਮਰਜੀਤ ਸਿੰਘ ਬੈੰਸ, ਅਵਤਾਰ ਸਿੰਘ ਠੇਕੇਦਾਰ ਵੀ ਹਾਜ਼ਰ ਰਹੇ।