You are here

ਸਿਹਤ ਮੰਤਰੀ ਬਨਾਮ ਉਪ-ਕੁਲਪਤੀ ✍️ ਸਲੇਮਪੁਰੀ ਦੀ ਚੂੰਢੀ

- ਪਿਛਲੇ ਦਿਨੀਂ  ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਜਿਸ ਵਿਚ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਚੱਲ ਰਿਹਾ ਹੈ ਦੇ ਉਪ-ਕੁਲਪਤੀ ਨਾਲ ਸਿਹਤ ਮੰਤਰੀ ਪੰਜਾਬ ਵਲੋਂ ਕੀਤੇ ਗਏ ਵਿਵਹਾਰ / ਦੁਰ-ਵਿਵਹਾਰ ਨੂੰ ਲੈ ਕੇ ਫਰੀਦਕੋਟ ਤੋਂ ਲੈ ਕੇ ਚੰਡੀਗੜ੍ਹ-ਦਿੱਲੀ ਤੱਕ ਹਰੇਕ ਅਖਬਾਰ, ਟੀ. ਵੀ. ਚੈਨਲ ਅਤੇ ਸੋਸ਼ਲ ਮੀਡੀਆ ਉਪਰ ਖੂਬ ਚਰਚਾ ਚੱਲ ਰਹੀ ਹੈ। ਸਿਹਤ ਮੰਤਰੀ ਪੰਜਾਬ ਅਤੇ ਉਪ-ਕੁਲਪਤੀ ਵਿਚਾਲੇ ਵਾਪਰੀ ਘਟਨਾ /ਦੁਰਘਟਨਾ ਨੂੰ ਲੈ ਕੇ ਲੋਕ ਦੋ ਹਿੱਸਿਆਂ ਵਿਚ ਵੰਡੇ ਗਏ ਹਨ, ਜਿਨ੍ਹਾਂ ਵਿਚੋਂ ਇਕ ਹਿੱਸਾ ਉਪ-ਕੁਲਪਤੀ ਦੀ ਪਿੱਠ ਉੱਪਰ ਆ ਕੇ ਖੜ੍ਹੋ ਗਿਆ ਹੈ  ਜਦ ਕਿ ਦੂਜਾ ਹਿੱਸਾ ਸਿਹਤ ਮੰਤਰੀ ਚੇਤਨ ਸਿੰਘ ਜੌੜਮਾਜਰਾ ਵਲੋਂ ਕੀਤੀ ਕਾਰਵਾਈ ਨੂੰ ਸਹੀ ਦਰਸਾਉਣ ਲਈ ਸਬੂਤ ਦੇ ਰਿਹਾ ਹੈ। ਸਿਹਤ ਮੰਤਰੀ ਵਲੋਂ ਉਪ-ਕੁਲਪਤੀ ਡਾ ਰਾਜ ਬਹਾਦਰ ਨੂੰ ਹਸਪਤਾਲ ਵਿਚ ਮਰੀਜ਼ਾਂ ਵਾਸਤੇ ਰੱਖੇ ਗਲੇ-ਸੜੇ ਬੈੱਡ ਉਪਰ ਪਾਉਣ ਦੀ ਘਟਨਾ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅਫਸੋਸ ਜਾਹਿਰ ਕੀਤਾ ਗਿਆ ਹੈ। ਉਪ-ਕੁਲਪਤੀ ਵਲੋਂ ਆਪਣੇ ਨਾਲ ਵਾਪਰੀ ਘਟਨਾ ਨੂੰ ਆਪਣੀ ਇੱਜਤ ਉਪਰ ਵੱਜੀ ਗਹਿਰੀ ਸੱਟ ਮੰਨ ਕੇ ਉਪ-ਕੁਲਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਮੁੱਖ ਮੰਤਰੀ ਸ ਮਾਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਜੇਕਰ ਉਪ-ਕੁਲਪਤੀ ਦੇ ਕੰਮ ਪ੍ਰਤੀ ਸੰਤੁਸ਼ਟੀ ਨਹੀਂ ਸੀ ਤਾਂ ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਸੀ।
ਖੈਰ, ਹੁਣ ਤਾਂ ਗੱਲ ਦਾ ਖਿਲਾਰਾ ਪੈ ਚੁੱਕਿਆ ਹੈ। ਲੱਖਾ ਸਿਧਾਣਾ ਵਲੋਂ ਫਰੀਦਕੋਟ ਯੂਨੀਵਰਸਿਟੀ /ਮੈਡੀਕਲ ਕਾਲਜ ਅਤੇ ਹਸਪਤਾਲ ਦੀ ਦੁਰਦਸ਼ਾ ਨੂੰ ਲੈ ਕੇ ਜੋ ਗੰਭੀਰ ਤਸਵੀਰ ਪੇਸ਼ ਕੀਤੀ ਗਈ ਹੈ, ਨੂੰ ਅੱਖੋਂ ਪਰੋਖੇ ਕਰਨਾ ਸਾਡੀ ਬਹੁਤ ਵੱਡੀ ਬੇਵਕੂਫੀ ਹੋਵੇਗੀ। ਲੱਖਾ ਸਿਧਾਣਾ ਵਲੋਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਗਈ ਹੈ ਕਿ ਸਾਲ 2014 ਤੋਂ ਲੈ ਕੇ ਹੁਣ ਤੱਕ ਯੂਨੀਵਰਸਿਟੀ ਵਿਚ ਜੋ ਜੋ ਬੇਨਿਯਮੀਆਂ ਭਾਵੇਂ ਫੈਕਲਟੀ/ ਡਾਕਟਰਾਂ ਜਾਂ ਹੋਰ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਕੀਤੀਆਂ ਗਈਆਂ ਭਰਤੀਆਂ ਦੀ ਗੱਲ ਹੋਵੇ ਜਾਂ ਚੋਣਵੇਂ ਬੰਦਿਆਂ ਨੂੰ ਦਿੱਤੀਆਂ ਤਰੱਕੀਆਂ ਦੀ ਗੱਲ ਹੋਵੇ ਜਾਂ ਫਿਰ ਕੈਂਸਰ ਪੀੜਤਾਂ ਦੇ ਇਲਾਜ ਲਈ ਆਈਆਂ ਗਰਾਂਟਾਂ ਦੀ ਕਥਿਤ ਦੁਰਵਰਤੋਂ ਕਰਨ ਵਾਲਿਆਂ ਨੂੰ 'ਕਲੀਨ ਚਿੱਟ' ਦੇਣ ਦੀ ਗੱਲ ਹੋਵੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ।
ਇਹ ਗੱਲ ਤਾਂ ਬਿਲਕੁਲ ਸੱਚ ਹੈ ਕਿ ਯੂਨੀਵਰਸਿਟੀ/ਕਾਲਜ / ਹਸਪਤਾਲ ਦਾ ਹਾਲ ਬਹੁਤ ਮਾੜਾ ਹੈ। ਮੈਨੂੰ ਯਾਦ ਹੈ ਕਿ ਪਿਛਲੇ ਸਾਲ ਮੋਗਾ ਸ਼ਹਿਰ ਵਲ ਦੇ ਇਕ ਵਿਅਕਤੀ ਦੀ ਲੱਤ ਉਪਰ ਸੱਟ ਵੱਜਣ ਨਾਲ ਉਸ ਦੀ ਲੱਤ ਦੀ ਨਸ ਪੰਕਚਰ ਹੋ ਗਈ ਸੀ । ਨਸ ਪੰਕਚਰ ਹੋਣ ਕਰਕੇ ਖੂਨ ਵਹਿਣ ਲੱਗ ਪਿਆ। ਮਰੀਜ ਦੇ ਨਜ਼ਦੀਕੀ ਉਸ ਨੂੰ ਚੁੱਕ ਕੇ ਜਦੋਂ ਕਿਸੇ ਨੇੜੇ ਦੇ ਹਸਪਤਾਲ ਵਿਚ ਲੈ ਗਏ ਤਾਂ ਉਥੋਂ ਦੇ ਡਾਕਟਰਾਂ ਨੇ ਦੱਸਿਆ ਕਿ ਮਰੀਜ ਨੂੰ ਜਾਂ ਤਾਂ ਫਰੀਦਕੋਟ  ਜਾਂ ਫਿਰ ਲੁਧਿਆਣਾ ਵਿਖੇ ਲੈ ਕੇ ਜਾਓ, ਕਿਉਂਕਿ ਮਰੀਜ ਦੀ ਲੱਤ ਦਾ ਇਲਾਜ ਕਰਨ ਲਈ ਪਲਾਸਟਿਕ ਸਰਜਨ ਦਾ ਕੰਮ ਹੈ। ਡਾਕਟਰਾਂ ਦੀ ਸਲਾਹ ਪਿਛੋਂ ਮਰੀਜ ਨੂੰ ਫਰੀਦਕੋਟ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਪਹਿਲਾਂ ਤਾਂ ਡਾਕਟਰਾਂ ਨੇ ਮਰੀਜ ਨੂੰ ਦਾਖਲ ਕਰਨ ਤੋਂ ਹੀ ਸਾਫ ਨਾਂਹ ਕਰ ਦਿੱਤੀ, ਫਿਰ ਜਦੋਂ ਮਰੀਜ ਦੇ ਨਜ਼ਦੀਕੀਆਂ ਨੇ ਮਿੰਨਤਾਂ-ਤਰਲੇ ਕਰਕੇ ਉਸ ਨੂੰ ਦਾਖਲ ਕਰਵਾਇਆ ਤਾਂ ਮਰੀਜ ਦਾ ਇਲਾਜ ਕਰਨ ਤੋਂ ਪਹਿਲਾਂ ਹੀ ਡਾਕਟਰਾਂ ਵਲੋਂ 14-15 ਹਜਾਰ ਰੁਪਏ ਮੁੱਲ ਦੀਆਂ ਦਵਾਈਆਂ ਅਤੇ ਹੋਰ ਡਾਕਟਰੀ ਸਮਾਨ ਬਾਹਰੋਂ ਮੰਗਵਾ ਕੇ ਰੱਖ ਲਿਆ। ਡਾਕਟਰਾਂ ਨੇ ਮਰੀਜ ਦੇ ਜਖਮ ਉਪਰ ਪੱਟੀ ਵਗੈਰਾ ਕਰਨ ਪਿੱਛੋਂ ਢੁੱਕਵਾਂ ਇਲਾਜ ਕਰਨ ਦੀ ਬਜਾਏ ਟਾਲ-ਮਟੋਲ ਕਰਨਾ ਸ਼ੁਰੂ ਕਰ ਦਿੱਤਾ ਗਿਆ। ਲਗਭਗ 2-3 ਘੰਟਿਆਂ ਬਾਅਦ ਮਰੀਜ ਨੂੰ ਕਿਹਾ ਕਿ 'ਹਸਪਤਾਲ ਵਿਚ ਮਾਈਕਰੋ ਪਲਾਸਟਿਕ ਸਰਜਨ ਨਹੀਂ ਹੈ'। ਡਾਕਟਰਾਂ ਨੇ ਮਰੀਜ ਨੂੰ ਲੁਧਿਆਣਾ ਦੇ ਕਿਸੇ ਵੱਡੇ ਹਸਪਤਾਲ ਵਿਚ ਲਿਜਾਣ ਲਈ ਮਜਬੂਰ ਕਰ ਦਿੱਤਾ। ਇਹ ਹਾਲ ਹੈ ਫਰੀਦਕੋਟ ਦੇ ਮੈਡੀਕਲ ਕਾਲਜ ਅਤੇ ਹਸਪਤਾਲ /ਯੂਨੀਵਰਸਿਟੀ ਦਾ!
ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਪਲਾਸਟਿਕ ਸਰਜਨ ਨਾ ਹੋਣਾ, ਪੰਜਾਬ ਦੇ ਸਰਕਾਰੀ ਸਿਹਤ ਸਿਸਟਮ ਦੇ ਮੱਥੇ ਉਪਰ ਕਲੰਕ ਨਹੀਂ ਤਾਂ ਹੋਰ ਕੀ ਹੈ?
ਯੂਨੀਵਰਸਿਟੀ ਆਪਣੇ ਆਪ ਵਿੱਚ ਇੱਕ ਖੁਦ-ਮੁਖਤਿਆਰ ਸੰਸਥਾ ਹੈ। ਇਸ ਯੂਨੀਵਰਸਿਟੀ ਅਧੀਨ ਵੱਡੀ ਗਿਣਤੀ ਵਿਚ ਮੈਡੀਕਲ, ਨਰਸਿੰਗ ਅਤੇ ਪੈਰਾਮੈਡੀਕਲ ਇੰਸਟੀਚਿਊਟ ਚੱਲ ਰਹੇ ਹਨ, ਜਿਨ੍ਹਾਂ ਤੋਂ ਯੂਨੀਵਰਸਿਟੀ ਨੂੰ ਫੀਸਾਂ / ਫੰਡਾਂ ਦੇ ਰੂਪ ਵਿਚ ਕਰੋੜਾਂ /ਅਰਬਾਂ ਰੁਪਏ ਦੀ ਆਮਦਨ ਹੁੰਦੀ ਹੈ। ਪਰ ਯੂਨੀਵਰਸਿਟੀ ਵਲੋਂ ਨਾ ਤਾਂ ਸਮਾਜ ਦੇ ਗਰੀਬ ਮਰੀਜ਼ਾਂ ਲਈ ਕੋਈ ਢੁੱਕਵਾਂ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਤੀਜਾ ਅਤੇ ਚੌਥਾ ਦਰਜਾ ਮੁਲਾਜ਼ਮਾਂ ਦੀ ਬਿਹਤਰੀ ਲਈ ਕੋਈ ਧਿਆਨ ਦਿੱਤਾ ਜਾ ਰਿਹਾ ਹੈ। ਯੂਨੀਵਰਸਿਟੀ / ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਕੱਚੇ /ਪੱਕੇ ਮੁਲਾਜ਼ਮ ਤ੍ਰਾਹ ਤ੍ਰਾਹ ਕਰ ਰਹੇ ਹਨ। ਆਮ ਵਰਗ ਦੇ ਲੋਕਾਂ ਵਲੋਂ ਹਸਪਤਾਲ ਦੀ ਕਾਰਗੁਜ਼ਾਰੀ ਉਪਰ ਅਕਸਰ ਉਂਗਲ ਚੁੱਕੀ ਜਾਂਦੀ ਹੈ ਕਿ ਇਥੇ ਕੇਵਲ 'ਖਾਸ ਮਰੀਜ਼ਾਂ ਲਈ ਖਾਸ ਇਲਾਜ' ਕਰਨ ਦਾ ਪ੍ਰਬੰਧ ਹੈ।
ਜਾਪਦਾ ਹੈ ਕਿ ਸ਼ਾਇਦ ਸਿਹਤ ਮੰਤਰੀ ਚੇਤਨ ਸਿੰਘ ਜੌੜਮਾਜਰਾ ਜਾਂ ਉਨ੍ਹਾਂ ਦੇ ਕਿਸੇ ਨਜਦੀਕੀ ਨੇ ਵੀ ਇਸ ਹਸਪਤਾਲ ਦੀ ਕਾਰਗੁਜ਼ਾਰੀ ਦਾ ਦਰਦ ਕਦੀ ਆਪਣੇ ਪਿੰਡੇ 'ਤੇ ਹੰਢਾਇਆ ਹੋਵੇ! ਚੇਤਨ ਸਿੰਘ ਜੌੜਮਾਜਰਾ ਹਸਪਤਾਲ ਦੀ ਕਾਰਗੁਜ਼ਾਰੀ ਸਬੰਧੀ ਸਾਰਾ ਦਰਦ ਆਪਣੇ ਅੰਦਰ ਲੁਕਾਈ ਬੈਠੇ ਹੋਣ ਅਤੇ ਹੁਣ ਜਦੋਂ ਉਹ ਤਾਕਤ ਵਿੱਚ ਆਏ ਤਾਂ ਉਨ੍ਹਾਂ ਦਾ ਦਰਦ ਜੁਆਲਾਮੁਖੀ ਵਾਗੂੰ ਉਬਾਲਾ ਮਾਰ ਕੇ ਬਾਹਰ ਆ ਗਿਆ ਹੋਵੇ?
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਡਾ ਰਾਜ ਬਹਾਦਰ ਇੱਕ ਵਧੀਆ ਸਰਜਨ ਹਨ, ਪਰ ਇਹ ਜਰੂਰੀ ਨਹੀਂ ਹੈ ਕਿ ਉਹ ਇਕ ਵਧੀਆ ਪ੍ਰਸ਼ਾਸਨ ਪ੍ਰਬੰਧਕ ਵੀ ਹੋਣ!
ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ 73 ਸਾਲਾ ਉਪ-ਕੁਲਪਤੀ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਕੀ ਉਨ੍ਹਾਂ ਤੋਂ ਸਿਵਾਏ ਪੰਜਾਬ ਵਿਚ ਪੰਜਾਬ ਸਰਕਾਰ ਨੂੰ ਕੋਈ ਪੰਜਾਬੀ ਮਾਹਿਰ ਡਾਕਟਰ ਹੋਣ ਦੇ ਨਾਲ ਨਾਲ ਸੁਲਝਿਆ ਹੋਇਆ ਪ੍ਰਸ਼ਾਸਨ ਪ੍ਰਬੰਧਕ ਹੀ ਨਹੀਂ ਮਿਲਿਆ। ਖੈਰ, ਪੰਜਾਬ ਵਿਚ  ਯੂਨੀਵਰਸਿਟੀ ਦਾ ਉਪ-ਕੁਲਪਤੀ ਲਗਾਉਣ ਲਈ ਪੰਜਾਬ ਸਰਕਾਰ ਨੂੰ ਕੋਈ ਅਨੁਸੂਚਿਤ ਜਾਤੀ /ਜਨ-ਜਾਤੀ /ਪੱਛੜੀ ਸ਼੍ਰੇਣੀ ਨਾਲ ਸਬੰਧਿਤ ਕੋਈ 'ਬੰਦਾ' ਤਾਂ ਨਹੀਂ ਸੀ ਦਿਸਣਾ, ਪਰ ਆਪਣੀ ਪਿਰਤ ਅਨੁਸਾਰ ਕਿਸੇ 'ਜੱਟ' ਨੂੰ ਉਪ-ਕੁਲਪਤੀ ਬਣਾ ਕੇ ਬਿਠਾ ਦਿੰਦੀ !
ਇਥੇ ਇਕ ਗੱਲ ਤਾਂ ਜਰੂਰ ਹੈ ਕਿ ਮੁੱਖ ਮੰਤਰੀ ਸ ਮਾਨ ਨੇ ਅੰਦਰ ਬੈਠ ਕੇ ਗੱਲ ਸੁਲਝਾਉਣ ਲਈ ਜੋ ਕਿਹਾ ਹੈ, ਠੀਕ ਹੈ, ਗੱਲ ਅੰਦਰ ਬੈਠ ਕੇ ਸੁਲਝਾ ਲੈਣੀ ਚਾਹੀਦੀ ਸੀ, ਪਰ ਸਿਹਤ ਮੰਤਰੀ ਸਾਹਿਬ ਜਲਦੀ ਗੁੱਸੇ ਵਿਚ ਆ ਗਏ, ਜਿਸ ਕਰਕੇ ਗੱਲ ਦਾ ਖਿਲਾਰਾ ਪੈ ਗਿਆ, ਜਿਸ ਨੂੰ ਸਮੇਟਣ ਲਈ ਦੇਰ-ਸਵੇਰ ਹੋ ਸਕਦੀ ਹੈ।
 ਸਿਹਤ ਮੰਤਰੀ ਸਾਹਿਬ ਕਾਹਲੀ ਕਾਹਲੀ ਵਿੱਚ ਪੰਜਾਬ ਦਾ ਵਿਗੜਿਆ ਸਿਹਤ ਢਾਂਚਾ ਬਦਲਣ ਦੇ ਰੌਂਅ ਵਿਚ ਹਨ, ਜਿਸ ਦਾ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਪਿਛਲੇ ਦਿਨੀਂ ਜਦੋਂ ਉਨ੍ਹਾਂ ਨੇ ਸਿਹਤ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਤਾਂ ਦੇ ਦੌਰਾਨ ਉਨ੍ਹਾਂ ਨੇ ਕੁਝ ਅਜਿਹੇ ਸਿਹਤ ਅਧਿਕਾਰੀਆਂ ਦੀਆਂ ਦੂਰ ਦੂਰ ਬਦਲੀਆਂ ਕਰ ਦਿੱਤੀਆਂ, ਜਿਨ੍ਹਾਂ ਨੇ ਹਸਪਤਾਲਾਂ ਵਿਚ ਰਿਸ਼ਵਤਖੋਰੀ ਨੂੰ ਠੱਲ੍ਹ ਪਾ ਕੇ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ। ਉਦਾਹਰਣ ਦੇ ਤੌਰ 'ਤੇ
ਸਿਵਲ ਹਸਪਤਾਲ ਲੁਧਿਆਣਾ ਪੰਜਾਬ ਭਰ ਦੇ ਸਮੂਹ ਜਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ ਵਿਚ ਸੱਭ ਤੋਂ ਵੱਡਾ ਹਸਪਤਾਲ ਹੈ, ਦੇ ਵਿੱਚ ਸੁਧਾਰ ਲਿਆਉਣ ਲਈ ਇਥੋਂ ਤਬਦੀਲ ਕੀਤੇ ਗਏ ਐੱਸ. ਐਮ. ਓ. ਡਾ ਅਮਰਜੀਤ ਕੌਰ ਨੇ ਜੋ ਕੰਮ ਕੀਤੇ ਹਨ, ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ, ਪਰ ਉਸ ਨੂੰ ਉਸ ਦੁਆਰਾ ਕੀਤੇ ਗਏ ਚੰਗੇ ਕੰਮਾਂ ਦੀ ਸਜ਼ਾ ਦੇ ਕੇ ਘਰ ਤੋਂ ਡੇਢ ਸੌ ਕਿਲੋਮੀਟਰ ਦੂਰ ਭੇਜ ਦਿੱਤਾ ਗਿਆ ਹੈ। ਡਾ ਅਮਰਜੀਤ ਕੌਰ ਦਾ ਕਸੂਰ ਸਿਰਫ ਇੰਨਾ ਹੀ ਸੀ ਕਿ ਉਸ ਨੇ ਸਿਵਲ ਹਸਪਤਾਲ ਲੁਧਿਆਣਾ ਵਿਚ ਕਿਸੇ ਨਿੱਜੀ ਵਿਅਕਤੀ ਨੂੰ ਆਪਣਾ ਕਾਰੋਬਾਰ ਚਲਾਉਣ ਲਈ ਸਰਕਾਰੀ ਜਗ੍ਹਾ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ ਅਤੇ ਇਸ ਦੇ ਨਾਲ ਹੀ ਉਸ ਨੇ ਹਸਪਤਾਲ ਵਿਚ ਚੱਲ ਰਹੇ ਸਾਇਕਲ /ਸਕੂਟਰ /ਕਾਰ ਸਟੈਂਡ ਦਾ ਠੇਕਾ ਚੁੱਪ ਚੁਪੀਤੇ ਕਿਸੇ  'ਖਾਸ ਬੰਦੇ' ਨੂੰ ਦੇਣ ਤੋਂ ਇਨਕਾਰ ਕਰਦਿਆਂ ਬੋਲੀ ਕਰਵਾ ਕੇ 40-50 ਲੱਖ ਰੁਪਏ ਦਾ ਹਸਪਤਾਲ ਨੂੰ ਆਰਥਿਕ ਲਾਭ ਪਹੁੰਚਾਇਆ!
ਸਿਹਤ ਮੰਤਰੀ ਸਾਹਿਬ ਜੀ ਤੁਹਾਡੀ ਸਰਕਾਰ ਨੇ ਅਜੇ ਪੰਜ ਸਾਲ ਚੱਲਣਾ ਹੈ, ਇਸ ਲਈ ਸਿਹਤ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਤੁਹਾਨੂੰ ਠਰੰਮੇ ਨਾਲ ਚੱਲਣਾ ਚਾਹੀਦਾ ਹੈ। ਅਜੇ ਤਾਂ ਤੁਸੀਂ ਸਿਹਤ ਵਿਭਾਗ ਵਿਚ ਬੈਠੇ ਉਹ ਮੱਗਰਮੱਛ ਫੜਨੇ ਹਨ, ਜਿਨ੍ਹਾਂ ਨੇ ਆਪਣੀ ਡਿਊਟੀ ਦੀ ਥਾਂ ਰਿਸ਼ਵਤ ਤੇ ਕਮਿਸ਼ਨ ਲੈਣਾ ਹੀ ਆਪਣਾ ਧਰਮ ਸਮਝਿਆ ਹੋਇਆ ਹੈ।
ਸਿਹਤ ਮੰਤਰੀ ਜੀ  ਤੁਹਾਡੇ 'ਤੇ ਸੂਬੇ ਦੇ ਲੋਕਾਂ ਨੂੰ ਬਹੁਤ ਆਸਾਂ ਹਨ ਕਿ,ਤੁਸੀਂ ਸਿਹਤ ਵਿਭਾਗ ਵਿਚ ਚੱਲ ਰਹੇ 'ਕਮਿਸ਼ਨ ਦੀ ਥਾਂ ਮਿਸ਼ਨ' ਨੂੰ ਪ੍ਰਜਵਲਿਤ ਕਰੋਗੇ!
-ਸੁਖਦੇਵ ਸਲੇਮਪੁਰੀ
09780620233
31 ਜੁਲਾਈ, 2022.