ਬਟਾਲੇ ਵਾਲ਼ਾ ਰੋਡ ✍️ ਰਮੇਸ਼ ਕੁਮਾਰ ਜਾਨੂੰ

ਪਾ ਲੈ ਘੁੱਟ ਕੇ ਤੂੰ ਲੱਕ ਨੂੰ ਕਲਾਵਾ
    ਬਟਾਲੇ ਵਾਲ਼ਾ ਰੋਡ ਆ ਗਿਆ
ਤੇਰੇ ਨਾਲ ਮੈਂ ਹੁਲਾਰੇ ਪਿਆ ਖਾਵਾਂ
    ਬਟਾਲੇ ਵਾਲ਼ਾ ਰੋਡ ਆ ਗਿਆ

ਕਦੋਂ ਦੀਆਂ ਟੁੱਟੀਆਂ ਨੇ ਸ਼ਹਿਰ ਦੀਆਂ ਸੜਕਾਂ
ਮਿੱਟੀ ਘੱਟਾ ਉੱਡੇ ਪੈਣ ਅੱਖਾਂ ਵਿੱਚ ਰੜਕਾਂ
    ਨੀ ਲੱਗੇ ਝੱਟਕਾ ਬਰੇਕ ਜਦੋਂ ਲਾਵਾਂ
    ਬਟਾਲੇ ਵਾਲ਼ਾ ਰੋਡ ਆ ਗਿਆ-----

ਟੋਇਆਂ ਵਿੱਚ ਵੱਜਨ ਤੋਂ ਕਿੰਨਾ ਕੁ ਮੈਂ ਬਚਦਾ
ਸਾਜ਼ ਤੋਂ ਬਿਨਾਂ ਹੀ ਇੱਥੇ,ਮੈਂ ਵੀ ਫਿਰਾਂ ਨੱਚਦਾ
    ਪਿੱਛੇ ਬੈਠੀ ਨੂੰ ਮੈਂ ਤੈਨੂੰ ਵੀ ਨਚਾਵਾਂ
    ਬਟਾਲੇ ਵਾਲ਼ਾ ਰੋਡ ਆ ਗਿਆ-----

ਸੜਕਾਂ ਤੇ ਡੂੰਘੇ ਕੁਝ ਇਹੋ ਜਿਹੇ ਟੋਏ ਨੀ
ਨੇਰ੍ਹੇ ਵਿੱਚ ਛੱਡੋ ਉਹ ਤਾਂ ਲੱਭਦੇ ਨਾ ਲੋਏ ਨੀ
    ਖੱਬੇ ਜਾਂਦਾ-ਜਾਂਦਾ ਸੱਜੇ ਹੋਈ ਜਾਵਾਂ
    ਬਟਾਲੇ ਵਾਲ਼ਾ ਰੋਡ ਆ ਗਿਆ-----

ਖੋਰੇ ਕਿਹੜੀ ਗੱਲੋਂ ਕੀਤੇ ਰੋਡ ਕਈ ਬੰਦ ਨੇ
ਯੂ ਟਰਨ ਲੈਂਦੇ ਜਿਹੜੇ ਹੁੰਦੇ ਬੜਾ ਤੰਗ ਨੇ
    ਦੇ ਵੀਂ ਹੱਥ ਮੈਂ ਵੀ ਹੈਂਡਲ ਘੁੰਮਾਵਾਂ
    ਬਟਾਲੇ ਵਾਲ਼ਾ ਰੋਡ ਆ ਗਿਆ-----

ਗਟਰ ਨੇ ਖੁੱਲ੍ਹੇ, ਖੜ੍ਹਾ ਸ਼ੜਕਾਂ ਤੇ ਪਾਣੀ ਏ
ਕਾਗ਼ਜ਼ਾਂ 'ਚ' ਲਿਖੀ ਹੋਈ ਝੂਠੀ ਜਿਹੀ ਕਹਾਣੀ ਏ
    ਕਿਵੇਂ ਛੇਤੀ ਤੈਨੂੰ ਘਰ ਮੈਂ ਪਚਾਵਾਂ
    ਬਟਾਲੇ ਵਾਲ਼ਾ ਰੋਡ ਆ ਗਿਆ-----

ਚੁੰਨੀ ਨਾਲ ਨੱਕ ਘੁੱਟ,ਲਾ ਨਾ ਬਹੁਤੀ ਦੇਰ ਨੀ
ਥਾਂ ਥਾਂ ਤੇ ਲੱਗੇ ਇੱਥੇ ਗੰਦਗੀ ਦੇ ਢੇਰ ਨੀ
    ਮੈਂ ਵੀ ਮਾਸਕ ਨੂੰ ਮੂੰਹ ਤੇ ਚੜਾਵਾਂ
    ਬਟਾਲੇ ਵਾਲ਼ਾ ਰੋਡ ਆ ਗਿਆ-----

ਨਸ਼ਿਆਂ ਵੀ ਕੀਤੇ 'ਜਾਨੂੰ' ਇਹਦੇ ਮਾੜੇ ਹਾਲ ਨੇ
ਰੋਕਨਾ ਏ ਜਿੰਨ੍ਹਾਂ ਓਵੀ ਰਲ਼ੇ ਹੋਏ ਨਾਲ ਨੇ
    ਗੱਲਾਂ ਘਰ ਜਾ ਕੇ ਹੋਰ ਵੀ ਸੁਣਾਵਾਂ
    ਬਟਾਲੇ ਵਾਲ਼ਾ ਰੋਡ ਆ ਗਿਆ-----
              ਲੇਖਕ-ਰਮੇਸ਼ ਕੁਮਾਰ ਜਾਨੂੰ
             ਫੋਨ ਨੰ:-98153-20080