ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਧਰਨਾ136ਵੇਂ ਦਿਨ ਵੀ ਜਾਰੀ

ਜਗਰਾਉ,ਹਠੂਰ,5,ਅਗਸਤ-(ਕੌਸ਼ਲ ਮੱਲ੍ਹਾ) -ਪੰਜਾਬ ਪੁਲਿਸ ਦੇ ਅੱਤਿਆਚਾਰਾਂ ਖਿਲਾਫ਼ ਪੀੜ੍ਹਤ ਪਰਿਵਾਰ ਅਤੇ ਇਨਸਾਫ਼ਪਸੰਦ ਜਨਤਕ ਜੱਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਸਥਾਨਕ ਸ਼ਹਿਰੀ ਥਾਣੇ ਅੱਗੇ ਦਿੱਤੇ ਜਾ ਰਿਹਾ ਅਣਮਿਥੇ ਸਮੇਂ ਦਾ ਧਰਨਾ ਜਿਥੇ ਅੱਜ 136ਵੇਂ ਦਿਨ ਜਾਰੀ ਰਿਹਾ। ਧਰਨਾਕਾਰੀਆਂ ਨੂੰ ਸੰਬੋਧਨ ਕਰਨ ਤੋਂ ਬਾਦ ਪ੍ਰੈਸ ਨੂੰ ਜਾਰੀ ਬਿਆਨ 'ਚ ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਦੋਸ਼ ਲਗਾਇਆ ਕਿ ਰਾਜ ਵਿੱਚ ਅਾਮ ਲੋਕ ਇਨਸਾਫ਼ ਨੂੰ ਤਰਸ ਚੁੱਕੇ ਹਨ। ਉਨ੍ਹਾਂ ਕਿਹਾ ਕਿਰਤੀ ਲੋਕ ਤੇ ਪੀੜ੍ਹਤ ਪਰਿਵਾਰ ਦੇ ਮੈਂਬਰ ਪਿਛਲੇ

136 ਦਿਨਾਂ ਤੋਂ ਥਾਣੇ ਮੂਹਰੇ ਪੱਕਾ ਧਰਨਾ ਲਗਾਈ ਇਨਸਾਫ਼ ਦੀ ਉਡੀਕ ਵਿੱਚ ਬੈਠੇ ਹਾਂ ਪਰ ਕੋਈ ਵੀ ਸਤਾਧਾਰੀ ਨੁਮਾਇੰਦਾ ਪਰਿਵਾਰ ਦਾ ਦਰਦ ਸੁਣਨ ਨਹੀਂ ਆਇਆ ਜਦੋਂਕਿ ਵੋਟਾਂ ਸਮੇਂ ਇਹ ਲੋਕ ਅੱਧੀ ਰਾਤ ਨੂੰ ਵੀ ਗਧੇ ਨੂੰ ਬਾਪੂ ਕਹਿੰਦੇ ਫਿਰਦੇ ਰਹਿੰਦੇ ਹਨ। ਆਗੂਆਂ ਨੇ ਪੰਜਾਬ ਸਰਕਾਰ ਨੂੰ ਸਖਤ ਚਿਤਾਵਨੀ ਦਿੱਤੀ ਕਿ ਜਾਂ ਤਾਂ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰੋ ਜਾਂ ਫਿਰ ਆਉਣ ਵਾਲੇ ਦਿਨਾਂ 'ਚ ਸਤਾਧਾਰੀ ਨੁਮਾਇੰਦਾ ਲੋਕਾਂ ਨੂੰ ਮਜ਼ਦੂਰਾਂ-ਕਿਸਾਨਾਂ ਦੇ ਜਨਤਕ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪਵੇਗਾ। ਇਸ ਸਮੇਂ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਬਲਦੇਵ ਸਿੰਘ ਫੌਜ਼ੀ, ਸੁਖਦੇਵ ਸਿੰਘ ਮਾਣੂੰਕੇ, ਬਖਤਾਵਰ ਸਿੰਘ ਜਗਰਾਉਂ ਤੇ ਬੀਕੇਯੂ(ਡਕੌਂਦਾ) ਦੇ ਜੱਗਾ ਸਿੰਘ ਢਿੱਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ ਨੇ ਵੀ ਸਤਾਧਾਰੀ ਸਿਆਸੀ ਧਿਰਾਂ ਨੂੰ ਚਿਤਾਵਨੀ ਦਿੱਤੀ ਕਿ ਕਿਸਾਨਾਂ-ਮਜ਼ਦੂਰਾਂ ਦੇ ਹੱਕੀ ਸੰਘਰਸ਼ ਨੂੰ ਜਾਣ-ਬੁੱਝ ਕੇ ਅਣਦੇਖਿਆ ਕਰਨਾ ਮਹਿੰਗਾ ਪਵੇਗਾ। ਉਹਨਾਂ ਹਲਕਾ ਵਿਧਾਇਕ ਨੂੰ ਵੀ ਕਰੜੇ ਹੱਥੀ ਲੈਂਦਿਆਂ ਕਿਹਾ ਇਸੇ ਕਰਕੇ ਆਮ ਲੋਕਾਂ ਦਾ ਵਿਸਵਾਸ਼ ਲੀਡਰਾਂ ਤੋਂ ਉਠਦਾ ਜਾ ਰਿਹਾ ਕਿ ਬੀਬੀ ਪਹਿਲਾਂ ਸਿਰਫ਼ ਵੋਟਾਂ ਲੈਣ ਲਈ ਧਰਨਿਆਂ ਵਿੱਚ ਆਉਂਦੀ ਸੀ ਅਤੇ ਜਿੱਤ ਕੇ ਗਰੀਬਾਂ ਨੂੰ ਭੁੱਲ ਗਈ ਹੈ। ਉਨ੍ਹਾਂ ਯਾਦ ਕਰਵਾਇਆ ਕਿ ਸੈਂਕੜੇ ਲੋਕਾਂ ਦੀ ਹਾਜ਼ਰੀ ਵਿੱਚ ਬੀਬੀ ਨੇ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਬਿਆਨ ਮੀਡੀਆ ਨੂੰ ਵੀ ਦਿੱਤਾ ਸੀ ਹੁਣ ਉਹ ਵਾਅਦੇ ਕਿਥੇ ਗਏ? ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਕੁੰਡਾ ਸਿੰਘ ਕਾਉੰਕੇ, ਬਾਬਾ ਬੰਤਾ ਸਿੰਘ ਡੱਲਾ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ(ਰਜ਼ਿ) ਦੇ ਹਰੀ ਸਿੰਘ ਚਚਰਾੜੀ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰੂਪ ਸਿੰਘ ਝੋਰੜਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਏ ਕਿ ਗੈਰ-ਜ਼ਮਾਨਤੀ ਧਰਾਵਾਂ ਅਧੀਨ ਦਰਜ ਦੇ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਕੀਤਾ ਜਾਵੇ ਤਾਂ ਕਿ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ ਅਤੇ ਆਮ ਲੋਕਾਂ ਦਾ ਵਿਸਵਾਸ਼ ਕਾਨੂੰਨ ਵਿਚ ਬਣਿਆ ਰਹੇ। ਮ੍ਰਿਤਕਾ ਕੁਲਵੰਤ ਕੌਰ ਰਸੂਲਪੁਰ ਦੀ ਬਿਰਧ ਮਾਤਾ ਸੁਰਿੰਦਰ ਕੌਰ ਰਸੂਲਪੁਰ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਡੇਢ ਦਹਾਕੇ ਤੋਂ ਨਿਆਂ ਦੀ ਮੰਗ ਕਰਦਾ ਆ ਰਿਹਾ ਹੈ ਪਰ ਕਿਸੇ ਵੀ ਸਰਕਾਰ ਨੇ ਨਿਆਂ ਨਹੀਂ ਦਿੱਤਾ। ਭਲਾਈ ਮੰਚ ਦੇ ਆਗੂ ਦਰਸ਼ਨ ਸਿੰਘ ਧਾਲੀਵਾਲ ਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਤੇ ਪ੍ਰਕਾਸ਼ ਸਿੰਘ ਬਾਦਲ਼ ਦੀ ਅਕਾਲੀ-ਭਾਜਪਾ ਸਰਕਾਰ ਸਮੇਤ ਦੋਵਾਰਾ ਬਣੀ ਕੈਪਟਨ ਤੇ ਚਰਨਜੀਤ ਸਿੰਘ 'ਚੰਨੀ' ਸਰਕਾਰ ਨੂੰ ਹਜ਼ਾਰਾਂ ਚਿੱਠੀਆਂ-ਪੱਤਰ ਲਿਖੇ ਸਨ ਪਰ ਕਿਸੇ ਸਰਕਾਰ ਨੇ ਇਨਸਾਫ਼ ਦਿੱਤਾ। ਉਨ੍ਹਾਂ ਕਿਹਾ ਕਿ ਭਾਵੇਂ ਪਹਿਲੀਆਂ ਸਰਕਾਰਾਂ ਇਨਸਾਫ਼ ਨਹੀਂ ਦੇ ਸਕੀਆਂ ਪਰ ਮੌਜੂਦਾ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਰਗੀ ਹੀ ਲੱਗ ਰਹੀ ਏ ਜੋ 136 ਦਿਨਾਂ ਤੋਂ ਬੈਠੇ ਧਰਨਾਕਾਰੀਆਂ ਦੀ ਗੱਲ਼ ਸੁਣਨ ਨੂੰ ਤਿਆਰ ਨਹੀਂ ਹੈ, ਫਿਰ ਉਨ੍ਹਾਂ ਦਾ ਪਰਿਵਾਰ ਇਨਸਾਫ਼ ਲਈ ਲੜਦਾ ਰਹੇਗਾ। ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਡਾ ਸਿੰਘ ਕਾਉਂਕੇ, ਬਾਬਾ ਬੰਤਾ ਸਿੰਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬੌਰਾ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ, ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਗੁਰਚਰਨ ਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ, ਬਚਨ ਸਿੰਘ ਗੋਲਡੀ, ਬਲਵਿੰਦਰ ਬੱਬੀ ਵੀ ਹਾਜ਼ਰ ਸਨ।