ਬਲੌਜ਼ਮਜ਼ ਦੀਆਂ ‘ਧੀਆਂਨੇ ‘ਹਰਿਆਲੀ ਤੀਆਂ ਤੇ ਬੰਨ੍ਹਿਆਂ ਰੰਗ


ਜਗਰਾਉ 30 ਜੁਲਾਈ (ਅਮਿਤਖੰਨਾ,ਅਮਨਜੋਤ))ਬਲੌਜ਼ਮਜ਼ ਕਾਨਵੈਂਟ ਸਕੂਲ ਦੀਆਂ ਧੀਆਂ ਨੇ ਸਾਉਣ ਮਹੀਨੇ ਦੀਆਂ ਇਸ ਹਰਿਆਲੀ ਤੀਆਂ ਦੇ ਤਿਉਹਾਰ ਤੇ ਸੱਭਿਆਚਾਰਕ ਰੰਗ ਬੰਨਦੇ ਹੋਏ ਆਪਣੇ ਅਲੋਪ ਹੋ ਰਹੇ ਵਿਰਸੇ ਨੂੰ ਮੁੜ ਤੋਂ ਸੁਰਜੀਤ ਕਰਦੇ ਹੋਏ ਅੱਜ ਇਕ ਦੇਖਣਯੋਗ ਨਜ਼ਾਰਾ ਪੇਸ਼ ਕੀਤਾ।ਇਸ ਮੌਕੇ ਛੋਟੀਆਂ-ਛੋਟੀਆਂ ਬੱਚੀਆਂ ਨੇ ਧਰਤੀ ਤੇ ਅੱਡੀ ਮਾਰ-ਮਾਰ ਕੇ ਗਿੱਧੇ ਵਿਚ ਖੂਬ ਰੰਗ ਬੰਨਿਆਂ ਤੇ ਵਿਰਸੇ ਨਾਲ ਜੁੜੀਆਂ ਬੋਲੀਆਂ ਦਾ ਪਿੜ ਬੰਨਿਆਂ।ਇਸਦੇ ਨਾਲ ਹੀ ਵੱਡੀਆਂ ਬੱਚੀਆਂ ਨੇ ਸਾਡੇ ਵਿਰਸੇ ਦੀ ਖਾਦ-ਖੁਰਾਕ ਮਾਲਪੂੜੇ, ਖੀਰ, ਸੇਵੀਆਂ, ਗੁਲਗੁਲੇ, ਲੱਸੀ, ਮੱਠੀਆਂ ਆਦਿ ਪਕਵਾਨਾਂ ਨੂੰ ਵੱਖਰੇ ਢੰਗ ਨਾਲ ਪੁਰਾਤਨ ਭਾਂਡਿਆਂ ਵਿਚ ਪਰੋਸਦੇ ਹੋਏ ਖੂਬ ਖਾਧਾ ਤੇ ਵੰਡਿਆਂ।ਇਹਨਾਂ ਬੱਚੀਆਂ ਨੇ ਅੱਜ ਆਪਣੇ ਪੰਜਾਬੀ ਪਹਿਰਾਵੇ ਦੀ ਝਲਕ ਨੂੰ ਰੰਗਲੇ ਤੇ ਪੁਰਾਤਨ ਪੰਜਾਬ ਦੇ ਰੰਗ ਵਿਚ ਰੰਗਿਆ।ਇਸਦੇ ਨਾਲ ਹੀ ਬੱਚੀਆਂ ਨੇ ਇਕ-ਦੂਜੇ ਦੇ ਮਹਿੰਦੀ ਲਗਾ ਕੇ ਆਪਣੀ ਕਲਾ ਦੀ ਪ੍ਰਦਰਸ਼ਨੀ ਵੀ ਕੀਤੀ।ਸਕੂਲ ਵਿਚਲੇ ਇਸ ਅਲੌਕਿਕ ਨਜ਼ਾਰੇ ਨੂੰ ਦੇਖਦੇ ਹੋਏ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਧੀਆਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਬੱਚੀਆਂ ਦੀ ਉਮਰ ਲੋਕ ਗੀਤ ਜਿੰਨ੍ਹੀ ਹੋਵੇ ਤਾਂ ਜੋ ਇਹ ਆਪਣੇ ਅਲੋਪ ਹੋ ਰਹੇ ਵਿਰਸੇ ਨੂੰ ਬਚਾ ਸਕਣ।ਅੱਜ ਦੀ ਪੀੜੀ ਪੱਛਮੀਂ ਸੱਭਿਆਚਾਰ ਦੀ ਐਸੀ ਭੇਟ ਚੜ੍ਹ ਰਹੀ ਹੈ ਕਿ ਆਪਣੇ ਇਹਨਾਂ ਅੱਜ ਦੇ ਦਿਨ ਵਰਗੇ ਰੌਸ਼ਨ ਰੰਗਾਂ ਨੂੰ ਭੁੱਲ ਰਹੇ ਹਨ।ਪਰ ਬੱਚੀਆਂ ਦੇ ਅੰਦਰ ਪੰਜਾਬੀਅਤ ਨੂੰ ਦੇਖ ਕੇ ਇਕ ਆਸ ਦੀ ਕਿਰਨ ਜਾਗੀ ਹੈ ਕਿ ਸਾਡੀਆਂ ਧੀਆਂ ਆਪਣੇ ਵਿਰਸੇ ਦੀਆਂ ਜੜ੍ਹਾਂ ਅਗਲੀ ਪੀੜ੍ਹੀ ਅੰਦਰ ਵੀ ਲਾ ਰਹੀਆਂ ਹਨ।ਇਹਨਾਂ ਨੂੰ ਦੇਖ ਕੇ ਸੱਭਿਆਚਾਰ ਦੇ ਦੂਰ ਹੋ ਰਹੇ ਵਿਰਸੇ ਨੂੰ ਮੁੜ ਰਾਹੇ ਪੈਣ ਦੀ ਅਸੀਂ ਆਸ ਕਰ ਸਕਦੇ ਹਾਂ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ.ਮਨਪ੍ਰੀਤ ਸਿੰਘ ਬਰਾੜ, ਸ. ਅਜਮੇਰ ਸਿੰਘ ਰੱਤੀਆਂ  ਅਤੇ ਸ. ਰਛਪਾਲ ਸਿੰਘ ਨੇ ਵੀ ਬੱਚੀਆਂ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ ।