ਦੁਬਈ ਚ ਰੋਜ਼ੀ ਰੋਟੀ ਕਮਾਉਣ ਗਏ ਪੰਜਾਬੀ ਗੱਭਰੂ ਦੀ ਹੋਈ ਸੀ ਮੌਤ,ਮ੍ਰਿਤਕ ਦੇਹ ਪੁੱਜੀ ਪਿੰਡ

ਡੇਰਾ ਬਾਬਾ ਨਾਨਕ, 25 ਜੁਲਾਈ (ਹਰਪਾਲ ਸਿੰਘ ਦਿਓਲ) ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਤੋਂ ਵੱਡੀ ਤੇ ਦੁੱਖਦ ਖਬਰ ਸਾਹਮਣੇਂ ਆਈ ਹੈ। ਜਿਥੇ ਬੀਤੇ ਦਿਨੀਂ ਡੇਰਾ ਬਾਬਾ ਨਾਨਕ ਦੇ ਪਿੰਡ ਚੰਦੂਨੰਗਲ ਦੇ ਨੌਜਵਾਨ ਸੰਨੀ (28) ਪੁੱਤਰ ਯੂਸਫ਼ ਮਸੀਹ ਦੀ ਦੁਬਈ ਚ ਮੌਤ ਹੋਈ ਸੀ ਉਸਦੀ ਮ੍ਰਿਤਕ ਦੇਹ ਉਸਦੇ ਪਿੰਡ ਪਹੁੰਚਣ ਨਾਲ ਇਕ ਵਾਰ ਫਿਰ ਇਲਾਏ ਚ ਮਾਤਮ ਦਾ ਮਾਹੌਲ ਬਣ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਸੰਨੀ ਦੇ ਮਾਮਾ ਮਨਜ਼ੂਰ ਮਸੀਹ ਨੇ ਦੱਸਿਆ ਕਿ ਸੰਨੀ ਬੀਤੇ ਸਾਲ ਦੁਬਈ ਰੋਜ਼ੀ-ਰੋਟੀ ਕਮਾਉਣ ਲਈ ਗਿਆ ਸੀ ਜਿਥੇ ਉਸਦੀ 3 ਜੁਲਾਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨਾਂ ਦੱਸਿਆ ਕਿ ਸਾਡੇ ਵੱਲੋਂ ਉਸਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਦੁਬਈ ਦੇ TPM  ਚਰਚ ਪੈਂਤੀ ਕਾਸਟਲ ਨਾਲ ਸੰਪਰਕ ਕੀਤਾ ਗਿਆ ਸੀ ਜਿਨ੍ਹਾਂ ਦੇ ਵੱਡੇ ਉਪਰਾਲੇ ਅਤੇ ਸਹਿਯੋਗ ਸਦਕਾ ਬੀਤੀ ਰਾਤ ਉਸਦੀ ਮ੍ਰਿਤਕ ਦੇਹ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈਅੱਡੇ ਤੇ ਪੁੱਜੀ। ਉਨਾਂ ਦੱਸਿਆ ਕਿ ਅੱਜ ਉਸਦਾ ਜਨਾਜਾ ਉਸਦੇ ਜੱਦੀ ਪਿੰਡ ਚੰਦੂਨੰਗਲ ਦੇ ਕਬਰਸਤਾਨ ਚ ਪੂਰੇ ਮਸੀਹੀ ਰੀਤੀ ਰਿਵਾਜਾਂ ਨਾਲ ਕਰ ਦਿੱਤਾ ਗਿਆ।ਇਸ ਮੌਕੇ ਮ੍ਰਿਤਕ ਸੰਨੀ ਦੀ ਪਤਨੀ, ਬੇਟੀ ਅਤੇ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਹਰ ਅੱਖ ਨਮ ਸੀ। ਮ੍ਰਿਤਕ ਸੰਨੀ ਪਰਿਵਾਰ ਦੇ ਪਾਲਣ ਪੋਸ਼ਣ ਲਈ ਆਪਣੀਆਂ ਅੱਖਾਂ ਵਿਚ ਸੁਨਹਿਰੀ ਭਵਿੱਖ ਦੇ ਕਈ ਸੁਪਨੇ ਸੰਜੋਏ ਦੁਬਈ ਗਿਆ ਸੀ ਅਤੇ ਹੁਣ ਆਪਣੇ ਪਿਛੇ ਪਤਨੀ ਬਲਵਿੰਦਰ,ਬੇਟੀ ਰੂਫਿਕਾ ਤੇ ਮਾਤਾ ਰਾਜ ਤੇ ਪਿਤਾ ਯੂਸਫ ਮਸੀਹ ਨੂੰ ਛੱਡ ਗਿਆ।