You are here

ਖਫਾ ਲੋਕਾਂ ਨੇ ਅੈਮ.ਅੈਲ਼.ਏ. ਦੀ ਕੋਠੀ ਘੇਰੀ, 122 ਦਿਨਾਂ ਤੋਂ ਲੋਕ ਬੈਠੇ ਨੇ ਥਾਣੇ ਅੱਗੇ ਧਰਨੇ ਤੇ

ਲੋਕਾਂ ਨੇ ਦਰਜ ਕਰਾਇਆ ਵੱਡਾ ਰੋਸ
ਜਗਰਾਉਂ 22 ਜੁਲਾਈ ( ਕੌਸ਼ਲ ਮੱਲ੍ਹਾ ) ਦਲਿਤ ਪਰਿਵਾਰ 'ਤੇ ਨਜ਼ਾਇਜ਼ ਹਿਰਾਸਤ 'ਚ ਕੀਤੇ ਅੱਤਿਆਚਾਰਾਂ ਲਈ ਜ਼ਿੰਮੇਵਾਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਥਾਣਾ ਸਿਟੀ ਮੂਹਰੇ ਚੱਲ ਰਿਹਾ ਪੱਕਾ ਮੋਰਚਾ ਅੱਜ 122ਵੇਂ ਦਿਨ ਵੀ ਜਾਰੀ ਰਿਹਾ। ਦੂਜੇ ਪਾਸੇ ਸੀਟੂ ਆਗੂ ਤੇ ਸਾਬਕਾ ਅੈਮ.ਅੈਲ਼.ਏ. ਤਰਸੇਮ ਜੋਧਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਪੰਜਾਬ ਕਿਸਾਨ ਯੂਨੀਅਨ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ, ਦਸਮੇਸ਼ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ) ਦੇ ਆਗੂ ਮਦਨ ਜਗਰਾਉਂ ਤੇ ਬਲਦੇਵ ਸਿੰਘ, ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਮਨਰੇਗਾ ਵਰਕਰ ਬੀਬੀ ਬਾਨੀ ਨੇ ਪੀੜ੍ਹਤ ਪਰਿਵਾਰ ਅਤੇ ਜਨਤਕ ਜੱਥੇਬੰਦੀਆਂ ਵਲੋਂ ਅੱਜ ਭਾਵੇਂ 122ਵੇਂ ਦਿਨ ਵਿੱਚ ਸ਼ਾਮਿਲ ਰਿਹਾ ਹੈ ਪਰ ਬਾਵਜੂਦ ਇਸ ਦੇ ਪੰਜਾਬ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ, ਸੋ ਸੁੱਤੀ ਪਈ ਭਗਵੰਤ ਮਾਨ ਸਰਕਾਰ ਨੂੰ ਜਗਾਉਣ ਲਈ ਜੱਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਹਜ਼ਾਰਾਂ ਲੋਕਾਂ ਨੇ ਅੈਮ.ਅੈਲ.ਏ. ਸਰਬਜੀਤ ਕੌਰ ਮਾਣੂੰਕੇ ਦੀ ਕੋਠੀ ਦਾ ਘਿਰਾਓ ਕੀਤਾ ਹੈ। ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ ਤੇ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਅੈਮ.ਅੈਲ.ਏ.ਦੀ ਕੋਠੀ ਦੇ ਘਿਰਾਓ ਸਬੰਧੀ ਇਲਾਕੇ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਆਮ ਅਦਮੀ ਪਾਰਟੀ ਦੀ  ਸਰਕਾਰ ਪ੍ਰਤੀ ਲੋਕਾਂ ਵਿੱਚ ਰੋਸ ਵਧ ਰਿਹਾ ਹੈ ਕਿਉਂਕਿ ਇਨਸਾਫ਼ ਦੇ ਮੁੱਦੇ ਸਬੰਧੀ ਕੋਈ ਵੀ ਸਰਕਾਰੀ ਨੁਮਾਇੰਦਾ ਸੁਣਵਾਈ ਨਹੀਂ ਕਰਨ ਆਇਆ। ਇਸ ਮੌਕੇ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਆਪਣੇ ਆਪ ਨੂੰ ਥਾਣਾ ਸਿਟੀ ਜਗਰਾਉਂ ਦਾ ਥਾਣਾਮੁਖੀ ਕਹਿੰਦੇ ਗੁਰਿੰਦਰ ਬੱਲ, ਏਅੈਸਆਈ ਰਾਜਵੀਰ ਨੇ ਉਸ ਦੀ ਮਾਤਾ ਸੁਰਿੰਦਰ ਕੌਰ ਅਤੇ ਨੌਜਵਾਨ ਭੈਣ ਕੁਲਵੰਤ ਕੌਰ ਨੂੰ ਘਰੋਂ ਚੁੱਕ ਕੇ ਜਗਰਾਉਂ ਥਾਣੇ ਵਿੱਚ ਲਿਆਂਦਾ ਅਤੇ ਨਜਾਇਜ ਹਿਰਾਸਤ 'ਚ ਰੱਖਿਆ, ਤਸੀਹੇ ਦਿੱਤੇ ਸਨ ਅਤੇ ਕੁੱਟਮਾਰ ਲਰਨ ਨਾਲ ਕੁਲਵੰਤ ਕੌਰ ਸਰੀਰਕ ਤੌਰ ਤੇ ਨਕਾਰਾ ਹੋ ਗਈ ਸੀ ਅਤੇ ਲੰਬਾ ਸਮਾਂ ਮੰਜੇ 'ਤੇ ਪਈ ਇਨਸਾਫ਼ ਮੰਗਦੀ ਰਹੀ, ਅੰਤ ਲੰਘੀ 10 ਦਸੰਬਰ ਨੂੰ ਕੁਲਵੰਤ ਕੌਰ ਦੀ ਮੌਤ ਹੋ ਗਈ ਅਤੇ ਮੌਤ ਦੂਜੇ ਦਿਨ ਦੋਸ਼ੀਆਂ ਖਿਲਾਫ਼ ਪਰਚਾ ਮੁਕੱਦਮਾ ਦਰਜ ਕੀਤਾ ਪਰ ਅੱਜ ਮੁਕੱਦਮੇ ਦਰਜ ਹੋਏ ਨੂੰ 6 ਮਹੀਨੇ ਲੰਘਣ ਦੇ ਬਾਵਜੂਦ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਅੰਤ ਖਫਾ ਹੋਈਆਂ ਜਨਤਕ ਜੱਥੇਬੰਦੀਆਂ ਨੇ ਥਾਣੇ ਮੂਹਰੇ ਪੱਕਾ ਧਰਨਾ ਲਗਾਇਆ ਹੋਇਆ ਹੈ। ਇਸ ਸਮੇਂ ਚਸਮਦੀਦ ਗਵਾਹ ਤੇ ਪੀੜ੍ਹਤਾ ਸੁਰਿੰਦਰ ਕੌਰ ਨੇ ਦੱਸਿਆ ਕਿ ਨਜ਼ਾਇਜ਼ ਹਿਰਾਸਤ ਚ ਰੱਖ ਕੇ ਕੁੱਟਮਾਰ ਕਰਨ ਦੇ ਮਾਮਲੇ ਨੂੰ ਛੁਪਾਉਣ ਲਈ ਹੀ ਮੇਰੇ ਪਰਿਵਾਰ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ ਦਾ 17 ਸਾਲ ਜਾਣਬੁੱਝ ਕੇ ਇੱਕ ਸਾਜਿਸ਼ ਅਧੀਨ ਹੀ ਉਜਾੜਾ ਕੀਤਾ ਗਿਆ ਹੈ। ਪ੍ਰੇੈਸ ਨੂੰ ਜਾਰੀ ਬਿਆਨ 'ਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਜੱਗਾ ਸਿੰਘ ਢਿੱਲੋਂ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਨਿਰਮਲ ਸਿੰਘ, ਮਨਿੰਦਰ ਸਿੰਘ,  ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੈਰ-ਜਮਾਨਤੀ ਧਰਾਵਾਂ ਅਧੀਨ ਦਰਜ ਕੀਤੇ ਗਏ ਮੁਕੱਦਮੇ ਦੇ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਕਰਕੇ ਪੀੜ੍ਹਤ ਗਰੀਬ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਲੰਬੇ ਸਮੇਂ ਦੇ ਆਰਥਿਕ ਉਜਾੜੇ ਦੀ ਭਰਪਾਈ ਕੀਤੀ ਜਾਵੇ । ਮੁਕੱਦਮੇ ਦੇ ਮੁੱਖ ਗਵਾਹ ਨਿਰਮਲ ਸਿੰਘ ਰਸੂਲਪੁਰ ਅਵਤਾਰ ਸਿੰਘ ਰਸੂਲਪੁਰ ਅਮਰਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਉਹ ਅਤੇ ਉਹਨਾਂ ਦੇ ਦੋਵੇਂ ਪਰਿਵਾਰਾਂ ਨਾਂ ਸਿਰਫ਼ ਸਾਲ 2005 ਵਿੱਚ ਤੱਤਕਾਲੀ ਥਾਣਾਮੁਖੀ ਹੱਥੋਂ ਜ਼ਲੀਲ ਹੋਏ ਹਨ ਸਗੋਂ 2005 ਤੋਂ ਅੱਜ ਤੱਕ ਕਰੀਬ 17 ਸਾਲ ਤਸੱਸ਼ਦ ਝੱਲ਼ਿਆ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦੇ ਪਰਿਵਾਰ ਡੇਢ ਦਹਾਕੇ ਤੋਂ ਪੁਲਿਸ ਅੱਤਿਆਚਾਰ ਖਿਲਾਫ਼ ਲੜ੍ਹਾਈ ਲੜ੍ਹ ਰਹੇ ਹਨ ਪਰ ਦੁੱਖ ਦੀ ਗੱਲ਼ ਹੈ ਕਿ ਨਾਂ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਇਨਸਾਫ਼ ਦਿੱਤਾ ਤੇ ਨਾਂ ਹੀ ਪ੍ਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਨੇ ਇਨਸਾਫ਼ ਦਿੱਤਾ ਅਤੇ ਹੁਣ ਬਦਲਾਅ ਲਿਆਉਣ ਦੇ ਨਾਮ ਹੇਠ ਨਵੀਂ ਬਣੀ ਭਗਵੰਤ ਮਾਨ ਦੀ ਸਰਕਾਰ ਇਨਸਾਫ਼ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਉਨ੍ਹਾਂ ਦਾ ਪਰਿਵਾਰ ਗਰੀਬ ਅਨੁਸੂਚਿਤ ਜਾਤੀ ਦਾ ਪਰਿਵਾਰ ਹੋਣ ਕਰਕੇ ਸਰਕਾਰੀ ਇਨਸਾਫ਼ ਤੋਂ ਵਾਂਝਾ ਹੈ। ਇਥੇ ਅਮੀਰ ਲੋਕਾਂ ਦੀ ਹੀ ਸੁਣਵਾਈ ਹੈ ਗਰੀਬ ਦਰ-ਦਰ ਭਟਕਦਾ ਫਿਰਦਾ ਹੈ। ਮਾਤਾ ਨੇ ਇਹ ਵੀ ਕਿਹਾ ਕਿ ਉਹ ਇਨਸਾਫ਼ ਦੀ ਮੰਗ ਨੂੰ ਲੈ ਕੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਰਾਹੀਂ ਭਗਵੰਤ ਮਾਨ ਨੂੰ ਆਪਣੇ ਖੂਨ ਨਾਲ ਖਤ ਲਿਖ ਕੇ ਵੀ ਭੇਜ ਚੁੱਕੇ ਹਨ ਪਰ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਕੋਈ ਅਸਰ ਨਹੀਂ ਹੋਇਆ ਕਿਉਂਕਿ ਮੈਂ ਅਨੁਸੂਚਿਤ ਜਾਤੀ ਪਰਿਵਾਰ ਨਾਲ ਸਬੰਧਤ ਹਾਂ। ਗਰੀਬ ਲੋਕਾਂ ਦਾ ਇਥੇ ਕੋਈ ਦਰਦਮੰਦ ਨਹੀਂ ਹੈ। ਅੱਜ ਧਰਨੇ ਵਿੱਚ ਹਾਜ਼ਰ ਕਿਰਤੀ ਕਿਸਾਨ ਯੂਨੀਅਨ ਦੇ ਇਲਾਕਾ ਪ੍ਰਧਾਨ ਬਲਵਿੰਦਰ ਸਿੰਘ ਪੋਨਾ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ਼) ਦੇ ਪ੍ਰਧਾਨ ਮਦਨ ਸਿੰਘ ਜਗਰਾਉਂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਪੁਲਿਸ ਦੇ ਜੁਲਮਾਂ ਦੀ ਨਿਖੇਧੀ ਕਰਦਿਆਂ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ। ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਡਾ ਸਿੰਘ ਕਾਉਂਕੇ, ਬਾਬਾ ਬੰਤਾ ਸਿੰਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਨਿਹੰਗ ਸਿੰਘ ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਨਛੱਤਰ ਸਿੰਘ ਬਾਰਦੇਕੇ, ਚਰਨ ਸਿੰਘ ਮਾਣੂੰਕੇ, ਸੁਖਦੇਵ ਸਿੰਘ ਮਾਣੂੰਕੇ, ਜੱਗਾ ਸਿੰਘ ਢਿੱਲੋਂ, ਬਾਬਾ ਬੰਤਾ ਸਿੰਘ ਡੱਲਾ ਹਰਭਜਨ ਸਿੰਘ ਨੇ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।