ਵਿਧਾਇਕ ਇਆਲੀ ਦੀ ਜਾਗੀ ਜ਼ਮੀਰ,

ਰਾਸ਼ਟਰਪਤੀ ਚੋਣ ਚ ਨਹੀਂ ਪਾਈ ਵੋਟ
*ਕਿਹਾ ਕੇਂਦਰ ਸਰਕਾਰ ਨੇ ਸਾਡੇ ਤੇ ਧੱਕੇ ਕੀਤੇ ਨੇ
ਮੁੱਲਾਂਪੁਰ ਦਾਖਾ, 18 ਜੁਲਾਈ ( ਸਤਵਿੰਦਰ ਸਿੰਘ ਗਿੱਲ)
ਲੰਘੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸੂਬੇ ਦੇ ਮਾਲਵਾ ਇਲਾਕੇ ਵਿਚੋਂ ਇਜ਼ਤ ਰੱਖਣ ਵਾਲੇ ਹਲਕਾ ਦਾਖਾ ਤੋਂ ਜੇਤੂ ਰਹੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਰਾਸ਼ਟਰਪਤੀ ਦੀ ਹੋ ਰਹੀ ਚੋਣ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਦੀ ਦੇਸ਼ ਦੇ ਸਰਵਉਚ ਅਹੁਦੇ ਰਾਸ਼ਟਰਪਤੀ ਦੀ ਉਮੀਦਵਾਰ ਦਰੋਪਾਉਦੀ ਮੁਰਮੂ ਨੂੰ ਵੋਟ ਪਾਉਣ ਲਈ ਕੀਤੇ ਐਲਾਨ ਨੂੰ ਦਰਕਿਨਾਰ ਕਰਕੇ ਵੋਟ ਨਾ ਪਾਉਣ ਦਾ ਐਲਾਨ ਕੀਤਾ ਹੈ। ਸਿੱਖ ਕੌਮ ਦੀਆਂ ਭਾਵਨਾਵਾਂ ਦੇ ਨਾਲ ਪੰਜਾਬ ਦੇ ਅਹਿਮ ਮੁੱਦਿਆਂ ਅਤੇ ਆਪਣੀ ਜ਼ਮੀਰ ਦੀ ਆਵਾਜ਼ ਦਾ ਜ਼ਿਕਰ ਕਰਦਿਆਂ ਸ੍ਰ ਮਨਪ੍ਰੀਤ ਸਿੰਘ ਇਆਲੀ ਨੇ ਅੱਜ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਰੀਬ 8 ਮਿੰਟ ਦੇ ਆਪਣੇ ਇਸ ਐਲਾਨ ਰਾਹੀਂ ਪੰਜਾਬ ਦੇ ਵੱਖ ਵੱਖ ਮੁੱਦਿਆਂ, ਸਿੱਖ ਕੌਮ ਦੇ ਭਖਵੇਂ ਮਸਲੇ ਤੇ ਭਾਵਨਾਵਾਂ ਦਾ ਖੁੱਲ੍ਹ ਕੇ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਦਾ ਪਾਰਟੀ ਨੇ ਸਮਰਥਣ ਕੀਤਾ ਹੈ ਪਰ ਇਸ ਵਿਸ਼ੇ ਤੇ ਮੇਰੀ ਰਾਏ ਨਹੀਂ ਲਈ ਗਈ, ਭਾਜਪਾ ਸਾਡੀ ਸਹਿਜੋਗੀ ਰਹੀ ਪਰ ਕੇਂਦਰ ਸਰਕਾਰ ਨੇ ਸਾਡੇ ਕੋਈ ਮਸਲੇ ਹੱਲ ਨਹੀਂ ਕੀਤੇ ਬਲਕਿ ਸਾਡੇ ਨਾਲ ਧੱਕੇ ਕੀਤੇ ਹਨ। ਉਨ੍ਹਾ ਲੰਬਾ ਸਮਾਂ ਦੇਸ਼ ਵਿੱਚ ਰਾਜ ਕਰਨ ਵਾਲੀ ਕਾਂਗਰਸ ਦੀ ਸਿੱਖ ਕੌਮ ਖਾਸ ਕਰਕੇ ਅਤੇ ਪੰਜਾਬ ਉੱਪਰ ਕੀਤੇ ਜੁਲਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਐਲਾਨ ਦੇ ਨਾਲ ਨਾਲ ਸ੍ਰ ਮਨਪ੍ਰੀਤ ਸਿੰਘ ਇਆਲੀ ਨੇ ਆਪਣੀ ਪਾਰਟੀ ਦੀ ਪ੍ਰਧਾਨਗੀ ਦੇ ਅਹੁਦੇ ਸੰਬੰਧੀ ਵੀ ਸਾਫ ਕਰ ਦਿੱਤਾ ਕਿ 100 ਹਲਕਿਆਂ ਵਾਲੀ ਸ੍ਰ ਝੂੰਧਾ ਦੀ ਲੋਕਾਂ ਦੀਆਂ ਭਾਵਨਾਵਾਂ ਵਾਲੀ ਰੀਪੋਰਟ ਨੂੰ ਦੇਖਦਿਆਂ ਅਗਰ ਪਾਰਟੀ ਲੀਡਰਸ਼ਿਪ ਬਦਲੀ ਜਾਂਦੀ ਤਾਂ ਅੱਜ ਅਸੀਂ ਵਿਧਾਨ ਸਭਾ ਵਿਚ 3 ਹੀ ਨਾ ਰਹਿੰਦੇ। ਚੰਗਾ ਹੁੰਦਾ ਕਿ ਅਸੀਂ ਰਾਜਸੱਤਾ ਪਿੱਛੇ ਭੱਜਣ ਤੋਂ ਪਹਿਲਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ। ਸ੍ਰ ਇਆਲੀ ਦੇ ਇਸ ਫੈਸਲੇ ਦਾ ਸਮਰਥਨ ਕਰਦਿਆਂ ਅਮਰਜੀਤ ਸਿੰਘ ਮੁੱਲਾਂਪੁਰ ਸਾਬਕਾ ਚੇਅਰਮੈਨ, ਪ੍ਰਧਾਨ ਬਲਦੇਵ ਕ੍ਰਿਸ਼ਨ ਅਰੋੜਾ, ਸਾਬਕਾ ਕੌਂਸਲਰ ਸੱਜਣ ਬਾਂਸਲ, ਸਰਵਰਿੰਦਰ ਚੀਮਾ ਸਾਬਕਾ ਪ੍ਰਧਾਨ ਦੁਕਾਨਦਾਰ ਯੂਨੀਅਨ ਮੁੱਲਾਂਪੁਰ ਦਾਖਾ, ਸੁਸ਼ੀਲ ਕੁਮਾਰ ਵਿੱਕੀ ਚੌਧਰੀ ਸਾਬਕਾ ਕੌਂਸਲਰ ਅਤੇ ਸਮੂਹ ਮੁੱਲਾਂਪੁਰ ਸ਼ਹਿਰ ਦੀ ਅਕਾਲੀ ਦਲ ਲੀਡਰਸ਼ਿਪ ਨੇ ਕਿਹਾ ਕਿ ਸ੍ਰ ਮਨਪ੍ਰੀਤ ਸਿੰਘ ਇਆਲੀ ਵੱਲੋਂ ਲਿਆ ਗਿਆ ਇਹ ਫੈਸਲਾ ਬਿਲਕੁੱਲ ਸਹੀ ਅਤੇ ਦਲੇਰਾਨਾ ਕਦਮ ਹੈ ਜਿਸ ਲਈ ਸ੍ਰ ਇਯਾਲੀ ਵਧਾਈ ਦੇ ਹੱਕਦਾਰ ਹਨ।