ਸ਼ ਸ਼ਾਮ ਸਿੰਘ ਅਟਾਰੀਵਾਲਾ ਸਭਰਾਵਾਂ ਦੇ ਮੈਦਾਨ ਵਿਚ ਸ਼ਹਾਦਤ 10 ਫਰਵਰੀ 1846

10 ਫਰਵਰੀ 1846 ਨੂੰ ਆਜ਼ਾਦੀ ਦਾ ਪੁਜਾਰੀ, ਦੇਸ਼ ਤੋਂ ਮਰ ਮਿਟਣ ਵਾਲਾ ਤੇ ਕੁਰਬਾਨੀ ਦਾ ਦੇਵਤਾ ਸ਼ਹੀਦ ਹੋ ਕੇ ਸੱਚਖੰਡ ਨਿਵਾਸ ਕਰ ਗਿਆ

ਕਹਿਣੀ ਤੇ ਕਰਨੀ ਦਾ ਬਲੀ ਸਿੰਘ ਸੂਰਮਾ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ  9 ਫਰਵਰੀ, 1846 ਨੂੰ ਸਭਰਾਵਾਂ ਦ ਜੰਗ ਦੇ ਮੈਦਾਨ ਵਿੱਚ ਪੁੱਜਾ। ਸਤਲੁਜ ਦਰਿਆ ਪਾਰ ਅੱਜ ਦੇ ਦਿਨ 10 ਫਰਵਰੀ 1846  ਨੂੰ ਜੰਗ ਸ਼ੁਰੂ ਹੋਈ , ਪਰ ਗ਼ਦਾਰ ਤੇਜਾ ਸਿੰਹੁ ਤੇ ਭਈਆ ਲਾਲ ਸਿੰਹੁ ਨੇ ਐਨ ਉਸ ਵੇਲੇ ਗ਼ਦਾਰੀ ਕੀਤੀ ਜਦੋਂ ਸਿੱਖ ਫੌਜ ਨੇ ਅੰਗਰੇਜ਼ ਫੌਜਾਂ ਦੇ ਪੈਰ ਜੰਗ ਦੇ ਮੈਦਾਨ ਵਿੱਚੋਂ ਉਖਾੜ ਦਿੱਤੇ ਸਨ| ਸਿੱਖ ਫੌਜਾਂ ਦੀ ਲਗ-ਪਗ ਜਿੱਤ ਹੋ ਚੁੱਕੀ ਸੀ ਪਰ ਇਨ੍ਹਾਂ ਗ਼ਦਾਰਾਂ ਨੇ ਸਿੱਖ ਫੌਜਾਂ ਦਾ ਬਰੂਦ ਅਸਲਾ ਅਤੇ ਗੋਲੀ ਸਿੱਕਾ ਬੰਦ ਕਰ ਦਿੱਤਾ ਅਤੇ ਆਪ ਜੰਗ ਦਾ ਮੈਦਾਨ ਛੱਡ ਕੇ ਭੱਜਦੇ ਹੋਏ ਦਰਿਆ ’ਤੇ ਬਣਿਆ ਬੇੜੀਆਂ ਦਾ ਪੁਲ ਵੀ ਤੋੜ ਗਏ  | ਅਖੀਰ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਨੇ ਸਿੰਘਾਂ ਨੂੰ ਲਲਕਾਰਾ ਮਾਰ ਕੇ ਤਲਵਾਰਾਂ ਸੂਤ ਕੇ ਅੰਗਰੇਜ਼ਾਂ ਦੀ ਫੌਜ ਉਂਤੇ ਹਮਲਾ ਕੀਤਾ। 10 ਫਰਵਰੀ, 1846 ਵਾਲੇ ਦਿਨ ਦੀ ਤੜਕਸਾਰ ਜੰਗ  ਸ਼ੁਰੂ ਹੋਈ ਸਰਦਾਰ ਸ਼ਾਮ ਸਿੰਘ ਨੇ ਖ਼ਾਲਸਾ ਫ਼ੌਜ ਨੂੰ ਸੰਬੋਧਨ ਕਰਦਿਆਂ ਆਪਣੇ ਗੁਰੂਆਂ ਦੇ ਕਾਰਨਾਮੇ,ਕੌਮੀ ਸ਼ਹੀਦਾਂ, ਮੁਰੀਦਾਂ ਤੇ ਪੁਰਖਿਆਂ ਦੀਆਂ ਕੁਰਬਾਨੀਆਂ ਤੇ ਕਾਰਨਾਮਿਆਂ ਦੀ ਯਾਦ ਤਾਜ਼ਾ ਕਰਵਾਈ। ਸਭਰਾਉਂ (ਜ਼ਿਲ੍ਹਾ ਫ਼ਿਰੋਜ਼ਪੁਰ, ਨੇੜੇ ਕਸਬਾ ਮਖੂ) ਦੇ ਮੈਦਾਨ-ਏ-ਜੰਗ ਵਿੱਚ ਅੰਗਰੇਜ਼ ਤੇ ਖ਼ਾਲਸਾ ਫ਼ੌਜਾਂ ਵਿਚਾਲੇ ਆਰ ਤੇ ਪਾਰ ਦੀ ਜੰਗ ਸ਼ੁਰੂ ਹੋਈ | ਦੋਵੇਂ ਬਾਦਸ਼ਾਹੀ ਫ਼ੌਜਾਂ ਭਾਰੀਆਂ ਸਨ ਪਰ ਸਿੰਘਾਂ ਦੇ ਜੋਸ਼ ਅੱਗੇ ਫਿਰੰਗੀਆਂ ਦੇ ਪੈਰ ਥਿੜਕ ਰਹੇ ਸਨ। ਦੋਵਾਂ ਧਿਰਾਂ ਦਰਮਿਆਨ ਭਿਆਨਕ ਤੇ ਲਹੂ ਡੋਲ੍ਹਵੀਂ ਜੰਗ ਹੋਈ। ਸਿੰਘਾਂ ਨੇ ਆਪਣੀ ਸ਼ਹੀਦੀ ਰਵਾਇਤ ਕਾਇਮ ਰੱਖਦਿਆਂ ਇੱਕ ਵਾਰ ਫਿਰ ਬਹਾਦਰੀ, ਜਜ਼ਬੇ ਅਤੇ ਸੂਰਬੀਰਤਾ ਦੀ ਮਿਸਾਲ ਕਾਇਮ ਕੀਤੀ ਅਤੇ ਵੈਰੀਆਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ।

ਆਈਆਂ ਪੜਤਲਾਂ ਬੀੜ ਕੇ ਤੋਪਖਾਨੇ,

ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ।

ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ,

ਹੱਲੇ ਤਿੰਨ ਫਰੰਗੀ ਦੇ ਤੋੜ ਸੁੱਟੇ।

ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ,

ਬੰਨ੍ਹ ਸ਼ਸਤਰੀ ਜੋੜ ਵਿਛੋੜ ਸੁੱਟੇ।

ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,

ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।

ਜਦ ਲਾਲ ਸਿੰਹੁ ਭਈਏ ਤੇ ਤੇਜ਼ ਸਿੰਹੁ ਭਈਏ ਨੇ ਵੇਖਿਆ ਕਿ ਖਾਲਸਾ ਫੌਜ ਬੜੀ ਬਹਾਦਰੀ ਨਾਲ ਸ਼ ਸ਼ਾਮ ਸਿੰਘ ਅਟਾਰੀ ਦੀ ਕਮਾਂਡ ਹੇਠ ਜੂਝ ਰਹੀ ਹੈ ਤਾਂ ਉਨ੍ਹਾਂ ਸਿੱਖਾਂ ਨਾਲ ਗ਼ਦਾਰੀਆਂ ਅਤੇ ਅੰਗਰੇਜ਼ਾਂ ਨਾਲ ਵਫ਼ਾਦਾਰੀਆਂ ਨਿਭਾਉਂਦਿਆਂ ਹੋਇਆਂ ਸਿਖ ਫੌਜ ਦੀਆਂ ਬਾਰੂਦ ਭਰੀਆਂ ਪੇਟੀਆਂ ਦਰਿਆ ਸਤਲੁਜ ਵਿਚ ਡੋਬ ਦਿੱਤੀਆਂ। ਬਾਰੂਦ ਦੀ ਥਾਂ ਪੇਟੀਆਂ ਵਿਚ ਸਰ੍ਹੋਂ ਦੇ ਬੂਟੇ ਅਤੇ ਰੇਤ ਭਰ ਕੇ ਭੇਜ ਦਿੱਤੀ। ਬੇੜੀਆਂ ਦਾ ਬਣਾਇਆ ਆਰਜ਼ੀ ਪੁਲ ਵੀ ਡੋਬ ਦਿੱਤਾ ਅਤੇ ਆਪਣੇ ਹਮਾਇਤੀ ਫੌਜੀਆਂ ਨਾਲ ਮੈਦਾਨ ਛਡ ਕੇ ਭੱਜ ਗਏ। ਬੰਦੂਕਚੀਆਂ ਨੂੰ ਬਾਰੂਦ ਮਿਲਣਾ ਬੰਦ ਹੋ ਗਿਆ | ਦੂਰ-ਮਾਰੂ ਤੋਪਾਂ ਦੇ ਗੋਲੇ ਅੰਗਰੇਜ਼ੀ ਫੌਜ ਦੇ ਉਪਰ ਦੀ ਅਗਲੇ ਪਾਸੇ ਜਾ ਕੇ ਪੈਂਦੇ ਸਨ ਕਿਉਂਕਿ ਉਨ੍ਹਾਂ ਤੋਪਾਂ ਦੇ ਚਲਾਉਣ ਵਾਲੇ ਵਿਕਾਉ ਸਨ ਜੋ ਤੋਪਾਂ ਦੇ ਮੂੰਹ ਉਚੇ ਕਰ ਕੇ ਚਲਾਉਂਦੇ ਸਨ ਤਾਂ ਜੋ ਦੁਸ਼ਮਣ ਦਾ ਕੋਈ ਨੁਕਸਾਨ ਨਾ ਹੋਵੇ। ਅੰਤ ਵਿਚ ਤੋਪਾਂ ਹੌਲੀ-ਹੌਲੀ ਚਲਣੋਂ ਬੰਦ ਹੋ ਗਈਆਂ। ਇੰਨੇ ਤੱਕ ਅੰਗਰੇਜ਼ ਫੌਜਾਂ ਦੋ-ਤਿੰਨ ਥਾਂਵਾਂ ਤੋਂ ਸਿੱਖਾਂ ਦੇ ਮੋਰਚੇ ਵਿਚ ਦਾਖਲ ਹੋ ਗਈਆਂ। ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਸਭ ਤੋਂ ਮੁਹਰੇ ਮੋਰਚੇ ‘ਤੇ ਜਾ ਪੁਜਾ| ਚਿੱਟਾ ਨੂਰਾਨੀ ਦਾੜ੍ਹਾ, ਚਿੱਟੇ ਸ਼ਹੀਦੀ ਬਾਣੇ ਵਿੱਚ  ਸਜਿਆ ਹੋਇਆ ਉਹ ਸਫ਼ੈਦ ਘੋੜੇ ਉਤੇ ਸੋਭ ਰਿਹਾ ਸੀ। ਉਹ ਮੋਰਚੇ ਦੀ ਹਾਲਤ ਵੇਖ ਕੇ ਹੈਰਾਨ ਰਹਿ ਗਿਆ। ਸ਼ਹੀਦੀ ਤੋਂ ਬਿਨਾਂ ਹੋਰ ਸਭ ਦਰਵਾਜ਼ੇ ਬੰਦ ਹੋ ਚੁੱਕੇ ਸਨ। ਉਹ ਕੌਮੀ ਪ੍ਰਵਾਨਾ, ਅਣਖ ਦਾ ਪੁਤਲਾ ਦੁਸ਼ਮਣ ਅੱਗੇ ਕਾਇਰਾਂ ਵਾਂਗ ਝੁਕਣ ਅਤੇ ਹਥਿਆਰ ਸੁੱਟਣ ਦੀ ਥਾਂ ਸ਼ਹੀਦੀ ਪਾਉਣੀ ਯੋਗ ਸਮਝਦਾ ਸੀ। ਅਸਲਾ ਮੁੱਕ ਜਾਣ ਕਰ ਕੇ ਤਲਵਾਰ ਮਿਆਨੋਂ ਕੱਢ ਕੇ ਵੈਰੀਆਂ ਦੇ ਸੱਥਰ ਵਿਛਾ ਦਿੱਤੇ। ਇਸੇ ਦੌਰਾਨ ਸ਼ ਸ਼ਾਮ ਸਿੰਘ 7 ਗੋਲੀਆਂ ਛਾਤੀ ਵਿਚ ਖਾ ਕੇ ਘੋੜੇ ਤੋਂ ਥੱਲੇ ਡਿੱਗ ਪਿਆ। ਉਹ ਆਜ਼ਾਦੀ ਦਾ ਪੁਜਾਰੀ, ਦੇਸ਼ ਤੋਂ ਮਰ ਮਿਟਣ ਵਾਲਾ ਤੇ ਕੁਰਬਾਨੀ ਦਾ ਦੇਵਤਾ ਸ਼ਹੀਦ ਹੋ ਕੇ ਸੱਚਖੰਡ ਨਿਵਾਸ ਕਰ ਗਿਆ। 

ਸ਼ ਸ਼ਾਮ ਸਿੰਘ ਸਭਰਾਵਾਂ ਦੇ ਮੈਦਾਨ ਵਿਚ ਸ਼ਹਾਦਤ ਦਾ ਜਾਮ ਪੀ ਗਿਆ ਤਾਂ ਅੰਗਰੇਜ਼ ਨੇ ਕੇਸਰੀ ਨਿਸ਼ਾਨ ਉਤਾਰ ਕੇ ਯੂਨੀਅਨ ਜੈਕ ਲਹਿਰਾ ਦਿੱਤਾ ਅਤੇ ਪੰਜਾਬ ਵੀ ਗੋਰਿਆਂ ਦਾ ਗੁਲਾਮ ਹੋ ਗਿਆ|ਅਸੀਂ ਉਸ ਮਹਾਨ ਜਰਨੈਲ ਦੀ ਸ਼ਹਾਦਤ ਨੂੰ ਸਿਰ ਝੁਕਾਕੇ ਪ੍ਰਣਾਮ ਕਰਦੇ ਹਾਂ।

ਅਮਨਜੀਤ ਸਿੰਘ ਖਹਿਰਾ