ਇਸਾਈ ਭਾਈਚਾਰੇ ਲਈ ਕਬਰਾਂ ਲਈ ਉਚਿਤ ਸਥਾਨਾਂ ਦੀ ਭਾਲ ਪਹਿਲ ਦੇ ਆਧਾਰ 'ਤੇ ਕੀਤੀ ਜਾਵੇ-ਮੁਨੱਵਰ ਮਸੀਹ

ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਚੇਅਰਮੈਨ ਵੱਲੋਂ ਲੁਧਿਆਣਾ ਵਿਖੇ ਰੀਵਿਊ ਮੀਟਿੰਗ

ਲੁਧਿਆਣਾ, ਜੁਲਾਈ 2019( ਮਨਜਿੰਦਰ ਗਿੱਲ )-

ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਮੁਨੱਵਰ ਮਸੀਹ ਨੇ ਜ਼ਿਲਾ ਲੁਧਿਆਣਾ ਦੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜ਼ਿਲੇ ਅੰਦਰ ਰਹਿੰਦੇ ਸਮੂਹ ਈਸਾਈ ਭਾਈਚਾਰੇ ਦੇ ਲੋਕਾਂ ਦੀਆਂ ਕਬਰਾਂ ਲਈ ਉਚਿੱਤ ਜਗਾਂ ਦੀ ਭਾਲ ਪਹਿਲ ਦੇ ਆਧਾਰ 'ਤੇ ਕੀਤੀ ਜਾਵੇ। ਉਨਾਂ ਇਸ ਸੰਬੰਧੀ 10 ਦਿਨਾਂ ਵਿੱਚ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਮੀਟਿੰਗ ਦੌਰਾਨ ਮਸੀਹ ਦੇ ਨਾਲ ਕਮਿਸ਼ਨ ਦੇ ਉੱਪ ਚੇਅਰਮੈਨ ਸ੍ਰੀ ਸੰਜੀਵ ਜੈਨ, ਮੈਂਬਰ ਅਲਬਰਟ ਦੂਆ ਅਤੇ ਭਾਈਚਾਰੇ ਦੇ ਹੋਰ ਸੀਨੀਅਰ ਮੈਂਬਰ ਵੀ ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮਸੀਹ ਨੇ ਜ਼ਿਲਾ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਕਿਹਾ ਕਿ ਇਸ ਜ਼ਰੂਰੀ ਮੰਗ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣ। ਉਨਾਂ ਕਿਹਾ ਕਿ ਲੁਧਿਆਣਾ ਨਗਰ ਨਿਗਮ ਦੀ ਹੱਦ ਅੰਦਰ ਟਿੱਬਾ ਰੋਡ 'ਤੇ ਮੁਹੱਈਆ ਜਗਾਂ ਨੂੰ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਵਿਕਸਤ ਕਰਨ ਤੋਂ ਇਲਾਵਾ ਵੀ ਹੋਰ ਜਗਾਂ ਕਬਰਿਸਤਾਨਾਂ ਲਈ ਹੋਣੀ ਚਾਹੀਦੀ ਹੈ। ਇਸ ਲਈ ਉਨਾਂ ਲਾਡੋਵਾਲ ਖੇਤਰ ਵਿੱਚ ਅਜਿਹੀ ਜਗਾਂ ਦੀ ਭਾਲ ਕਰਨ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਮਸੀਹ ਨੇ ਹਦਾਇਤ ਕੀਤੀ ਕਿ 5-6 ਪਿੰਡਾਂ ਦੇ ਕਲੱਸਟਰ ਬਣਾ ਕੇ ਸਾਂਝੀਆਂ ਜਗਾਵਾਂ ਦੀ ਭਾਲ ਕੀਤੀ ਜਾਵੇ ਤਾਂ ਜੋ ਪਿੰਡਾਂ ਵਿੱਚ ਇਸਾਈ ਅਤੇ ਮੁਸਲਿਮ ਭਾਈਚਾਰਿਆਂ ਨੂੰ ਕਬਰਾਂ ਲਈ ਜਗਾ ਮੁਹੱਈਆ ਕਰਵਾਈ ਜਾ ਸਕੇ। ਇਸ ਤੋਂ ਇਲਾਵਾ ਸ਼ਹਿਰ ਦੇ ਕਿਸੇ ਢੁੱਕਵੇਂ ਖੇਤਰ ਵਿੱਚ ਇਸਾਈ ਭਾਈਚਾਰੇ ਲਈ ਕਮਿਊਨਿਟੀ ਸੈਂਟਰ ਬਣਾਉਣ ਲਈ ਵੀ ਜਗਾ ਲੱਭਣ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ। ਇਸ ਦੌਰਾਨ ਪਿੰਡ ਭੌਰਾ ਵਿਖੇ ਕਬਰਿਸਤਾਨ ਦੀ ਜ਼ਮੀਨ ਸੰਬੰਧੀ ਮਸਲੇ ਸਮੇਤ ਹੋਰ ਕਈ ਮਸਲਿਆਂ ਦੇ ਨਿਪਟਾਰੇ ਲਈ ਪੁਲਿਸ ਅਤੇ ਸਿਵਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ ਨੇ ਵੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸਾਈ ਭਾਈਚਾਰੇ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਲਈ ਤਨਦੇਹੀ ਨਾਲ ਯਤਨ ਕਰਨ। ਉਨਾਂ ਚੇਅਰਮੈਨ ਮਸੀਹ ਨੂੰ ਭਰੋਸਾ ਦਿੱਤਾ ਕਿ ਸਾਰੇ ਮਸਲਿਆਂ ਦਾ ਹੱਲ ਜਲਦ ਕੱਢ ਲਿਆ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ, ਐੱਸ. ਡੀ. ਐੱਮ. ਲੁਧਿਆਣਾ (ਪੱਛਮੀ)  ਅਮਰਿੰਦਰ ਸਿੰਘ ਮੱਲੀ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜਗਤਜੀਤ  ਸਿੰਘ, ਐÎੱਸ. ਪੀ. (ਸਥਾਨਕ) ਲੁਧਿਆਣਾ (ਦਿਹਾਤੀ) ਜਸਵਿੰਦਰ ਸਿੰਘ, ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਜ਼ਿਲਾ ਭਲਾਈ ਅਫ਼ਸਰ ਰਾਜਿੰਦਰ ਕੁਮਾਰ ਅਤੇ ਹੋਰ ਵੀ ਹਾਜ਼ਰ ਸਨ।