ਵਿਧਾਇਕ ਇਯਾਲੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਦੀ ਖਸਤਾ ਹਾਲਤ ਦਾ ਮੁੱਦਾ ਵਿਧਾਨ ਸਭਾ ਵਿੱਚ ਉਠਾਇਆ 

ਮੁੱਲਾਂਪੁਰ ਦਾਖਾ, 24 (ਸਤਵਿੰਦਰ ਸਿੰਘ ਗਿੱਲ)
ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਅੱਜ ਵਿਧਾਨ ਸਭਾ ਦੇ ਸੈਸ਼ਨ ਦੌਰਾਨ  ਲੁਧਿਆਣਾ ਤੋਂ ਵਾਇਆ ਸਰਾਭਾ ਹੋ ਕੇ ਪੱਖੋਵਾਲ ਤਕ ਜਾਂਦੇ ਮਾਰਗ ਦੀ ਤਰਸਯੋਗ ਹਾਲਤ ਦਾ ਮੁੱਦਾ ਵਿਧਾਨ ਸਭਾ ਵਿੱਚ ਉਠਾਉਂਦੇ  ਹੋਏ ਇਸ ਮਾਰਗ ਦੇ ਜਲਦ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸ਼ਹੀਦ ਕਰਤਾਰ ਕਰਤਾਰ ਸਿੰਘ ਸਰਾਭਾ ਮਾਰਗ ਤੋਂ ਗੁਜ਼ਰਨ ਵਾਲੇ ਲੋਕ  ਪਿਛਲੇ ਕਰੀਬ ਛੇ ਸਾਲ ਤੋਂ  ਆਪਣਾ ਸਰੀਰਕ ਅਤੇ ਆਰਥਿਕ ਨੁਕਸਾਨ ਕਰਵਾਉਣ ਲਈ ਮਜਬੂਰ ਹਨ ਅਤੇ ਇਸ ਮਾਰਗ ਤੇ ਪਏ ਵੱਡੇ ਟੋਏ ਆਏ ਦਿਨ ਹਾਦਸਿਆਂ ਦਾ ਕਾਰਨ ਬਣਦੇ ਹਨ,ਜਿਸ ਕਾਰਨ ਕਈ ਕੀਮਤੀ ਜਾਨਾਂ ਮੌਤ ਦੇ ਮੂੰਹ ਪੈ ਰਹੀਆਂ ਹਨ। ਵਿਧਾਇਕ ਇਯਾਲੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਖਾਤਰ ਛੋਟੀ ਉਮਰੇ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਪਿੰਡ ਵਿੱਚੋਂ ਹੋ ਕੇ ਗੁਜ਼ਰਦੇ ਇਸ ਮਾਰਗ ਨੂੰ ਜਲਦ ਤੋਂ ਜਲਦ ਨਵਿਆਇਆ ਜਾਣਾ ਚਾਹੀਦਾ ਹੈ ਤਾਂ ਜੋ ਇਸ ਮਾਰਗ ਤੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਸਹੂਲਤ ਮਿਲ ਸਕੇ। ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਵਿਧਾਇਕ ਇਯਾਲੀ ਵੱਲੋਂ ਉਠਾਏ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪਰਪੋਜ਼ਲ ਬਣਾ ਕੇ ਵਿੱਤ ਵਿਭਾਗ ਨੂੰ  ਭੇਜੀ ਜਾ ਚੁੱਕੀ ਹੈ ਅਤੇ ਵਿੱਤ ਵਿਭਾਗ ਵੱਲੋਂ ਫੰਡ ਜਾਰੀ ਹੋਣ ਤੇ ਇਸ ਮਾਰਗ ਦਾ ਨਵੀਨੀਕਰਨ ਕਰ ਦਿੱਤਾ ਜਾਵੇਗਾ। ਮੰਤਰੀ ਵੱਲੋਂ ਦਿੱਤੇ ਜਵਾਬ  ਤੋਂ ਬਾਅਦ ਮੁੜ   ਵਿਧਾਇਕ ਇਯਾਲੀ ਵੱਲੋਂ ਮੰਤਰੀ ਨੂੰ ਮਾਰਗ ਦੇ ਨਵੀਨੀਕਰਨ ਦਾ ਕੰਮ ਸਮਾਂ ਬੱਧ ਸਮੇਂ ਵਿਚ ਮੁਕੰਮਲ ਕਰਨ ਦੀ ਮੰਗ ਦੇ ਜਵਾਬ ਦੀ ਬਜਾਏ  ਸਵਾਲ ਦਾ ਜਵਾਬ ਦੇਣ ਤੋਂ  ਭੱਜਦੇ ਨਜ਼ਰ ਆਏ ਅਤੇ ਸ਼ਹੀਦ ਸਰਾਭਾ ਮਾਰਗ ਦੇ ਨਵੀਨੀਕਰਨ  ਦੇ ਕੰਮ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ 
ਵਿਧਾਇਕ ਇਯਾਲੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਬਜਟ ਸੈਸ਼ਨ ਦੌਰਾਨ ਇਸ ਮਾਰਗ ਦੀ ਹਾਲਤ ਸੁਧਾਰਨ ਲਈ  ਵਿਸ਼ੇਸ਼ ਫੰਡ ਰੱਖ ਕੇ ਨਵੀਨੀਕਰਨ ਦਾ ਇਹ ਕੰਮ ਮੁਕੰਮਲ ਕਰਵਾਇਆ ਜਾਵੇ। ਬਜਟ ਸੈਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਇਯਾਲੀ ਨੇ ਕਿਹਾ ਕਿ ਸੂਬੇ ਅੰਦਰ ਅਕਾਲੀ ਸਰਕਾਰ ਦੇ ਸਮੇਂ ਦੌਰਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਅੰਦਰ ਵੱਡੀ ਪੱਧਰ ਤੇ ਵਿਕਾਸ ਕੰਮ ਕਰਵਾਏ ਗਏ ਸਨ ਅਤੇ 2016 ਵਿਚ ਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਪ੍ਰੀਮਿਕਸ ਦਾ ਕੰਮ ਕਰਵਾਇਆ ਗਿਆ ਸੀ ਪ੍ਰੰਤੂ ਅਕਾਲੀ ਸਰਕਾਰ ਜਾਣ ਤੋਂ ਬਾਅਦ  ਇਸ ਮਾਰਗ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਮੌਜੂਦਾ ਸਮੇਂ ਇਹ ਮਾਰਗ ਇਕ ਖੱਡਿਆਂ ਦਾ ਰੂਪ ਧਾਰਨ ਕਰ ਚੁੱਕਾ ਹੈ, ਜਿਸ ਦੀ ਰਿਪੇਅਰ ਲਈ ਉਹ ਪਿਛਲੇ ਕਾਫੀ ਸਮੇਂ ਤੋਂ ਆਵਾਜ਼ ਉਠਾਉਂਦੇ ਆ ਰਹੇ ਹਨ  ਤਾਂ ਜੋ  ਰਾਹਗੀਰਾਂ ਨੂੰ ਆਉਂਦੀ ਦਰਪੇਸ਼ ਇਸ ਮੁਸ਼ਕਿਲ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਆਪਣੇ ਰਾਜਨੀਤਕ ਲਾਭ ਲਈ ਹਮੇਸ਼ਾਂ ਸ਼ਹੀਦਾਂ ਦੀ ਗੱਲ ਕੀਤੀ ਜਾਂਦੀ ਹੈ ਪ੍ਰੰਤੂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਂ ਤੇ ਬਣੇ ਇਸ ਮਾਰਗ ਵੱਲ ਧਿਆਨ ਨਾ ਦੇਣਾ  ਆਪ ਸਰਕਾਰ ਦੀ ਸ਼ਹੀਦਾਂ ਪ੍ਰਤੀ ਸੋਚ ਨੂੰ ਜ਼ਾਹਰ ਕਰਦਾ ਹੈ।