ਮੁੱਲਾਂਪੁਰ ਦਾਖਾ, 17 ਜੂਨ (ਸਤਵਿੰਦਰ ਸਿੰਘ ਗਿੱਲ) ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਲਾਸਾਨੀ ਸ਼ਹੀਦੀ ਦਿਵਸ ਨੂੰ ਸਮਰਪਿਤ ਅੱਜ ਥਾਣਾ ਦਾਖਾ ਦੇ ਟਰੈਫਿਕ ਇੰਚਾਰਜ ਥਾਣੇਦਾਰ ਬਲਦੇਵ ਸਿੰਘ ਭੁੱਲਰ ਦੀ ਅਗਵਾਈ ਹੇਠ ਸਮੂਹ ਟਰੈਫਿਕ ਅਫਸਰਾਂ ਅਤੇ ਮੁਲਾਜ਼ਮਾਂ ਵੱਲੋਂ ਸਥਾਨਿਕ ਮੁੱਖ ਚੌਂਕ ਵਿੱਚ ਠੰਢੇ ਮਿੱਠੇ ਰੂਹ ਅਫ਼ਜਾ ਅਤੇ ਮੈਂਗੋ ਸ਼ਰਬਤ ਦੀ ਛਬੀਲ ਲਗਾਈ ਗਈ। ਛਬੀਲ ਵਿਖੇ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਸੁਰੇਸ਼ ਗੋਇਲ ਵੱਲੋਂ ਹਾਜ਼ਰੀ ਲਗਵਾਈ ਗਈ। ਉਨ੍ਹਾਂ ਇਸ ਮੌਕੇ ਟਰੈਫਿਕ ਪੁਲਿਸ ਅਤੇ ਛਬੀਲ ਤੇ ਸੇਵਾ ਕਰ ਰਹੇ ਵਿਅਕਤੀਆਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਦਾਨ ਪੁੰਨ ਕਰਨ ਦੀ ਅਤੇ ਅੱਤ ਦੀ ਗਰਮੀ ਵਿੱਚ ਪਿਆਸੇ ਰਾਹਗੀਰਾਂ ਲਈ ਠੰਡੇ ਮਿੱਠੇ ਜਲ ਦੀ ਸੇਵਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਸਮੇਂ ਤੋਂ ਚੱਲੀ ਆ ਰਹੀ ਹੈ ਤੇ ਇਸ ਦਿਹਾੜੇ ਦੀ ਬਹੁਤ ਵੱਡੀ ਮਹਾਂਨਤਾ ਹੈ। ਸਵੇਰ ਤੋਂ ਸ਼ਾਮ ਤੱਕ ਚੱਲੀ ਇਸ ਛਬੀਲ ਵਿੱਚ ਸੇਵਾ ਕਰਨ ਵਾਲਿਆਂ ਵਿੱਚ ਥਾਣੇਦਾਰ ਬਲਦੇਵ ਸਿੰਘ ਭੁੱਲਰ, ਥਾਣੇਦਾਰ ਹਰਪਾਲ ਸਿੰਘ, ਕਾਂਸਟੇਬਲ ਦੇਵ ਰਾਜ, ਗੁਰਦੇਵ ਸਿੰਘ ਘੋਲੂ ਢਾਬਾ, ਚਮਨ ਫਰੂਟਾਂ ਵਾਲਾ, ਬਲਦੇਵ ਸਿੰਘ ਭਲਵਾਨ, ਸੁਖਜੀਤ ਢਿੱਲੋਂ, ਬਾਬੂ ਸੁੰਦਰ ਕੁਮਾਰ, ਬੰਟੀ, ਜਸਪਾਲ ਜੱਸੀ, ਮਨਦੀਪ ਘਈ ਤੇ ਦਿਲਬਾਰਾ ਸਿੰਘ ਅਦਿ ਵੀ ਸ਼ਾਮਿਲ ਸਨ।