ਪਿੰਡ ਕੈਲਪੁਰ ਚ ਬਣ ਰਹੀ ਇਮਾਰਤ ਦਾ ਮਾਮਲਾ ਗਰਮਾਇਆ


ਸ਼ਿਕਾਇਤ ਤੋ ਬਾਅਦ ਗਲਾਡਾ ਨੇ ਕੰਮ ਰੋਕਣ ਦਾ ਨੋਟਿਸ ਦੇ ਕੇ ਪੱਲਾ ਝਾੜਿਆ 
ਮੁੱਲਾਂਪੁਰ ਦਾਖਾ,10 ਜੂਨ (ਸਤਵਿੰਦਰ ਸਿੰਘ ਗਿੱਲ) ਲੁਧਿਆਣਾ ਤੋ ਸਾਬਕਾ ਕਾਂਗਰਸੀ ਵਿਧਾਇਕ ਦੇ ਨਜ਼ਦੀਕੀ ਰਿਸ਼ਤੇਦਾਰ ਵੱਲੋਂ ਹੱਦ ਬਸਤ ਪਿੰਡ ਕੈਲਪੁਰ ਵਿਖੇ ਬਣਾਏ ਜਾ ਰਹੇ ਗੈਰਕਾਨੂੰਨੀ ਵਪਾਰਕ ਕੰਪਲੈਕਸ ਮਾਮਲੇ ਵਿਚ ਗਲਾਡਾ ਦੇ ਅਧਿਕਾਰੀ ਕਾਰਵਾਈ ਕਰਨ ਦੀ ਬਜਾਏ ਪੱਲਾ ਝਾਡ਼ਦੇ ਵਿਖਾਈ ਦੇ ਰਹੇ ਹਨ।
ਬੇਸ਼ੱਕ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਕਰੀਬ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰੰਤੂ ਲੁਧਿਆਣਾ ਗਲਾਡਾ ਅੰਦਰ ਸਾਬਕਾ ਕਾਂਗਰਸੀ ਵਿਧਾਇਕ ਦੀ ਤੂਤੀ ਅੱਜ ਵੀ  ਪੂਰੀ ਤਰ੍ਹਾਂ ਬੋਲਦੀ ਵਿਖਾਈ ਦੇ ਰਹੀ ਹੈ, ਕਿਉਂਕਿ ਕਰੀਬ ਇੱਕ ਸਾਲ ਪਹਿਲਾਂ ਇਸ ਗੈਰਕਾਨੂੰਨੀ ਵਿਉਪਾਰਕ ਕੰਪਲੈਕਸ ਸੰਬੰਧੀ ਸ਼ਿਕਾਇਤ ਦੇਣ ਦੇ ਬਾਵਜੂਦ ਗਲਾਡਾ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਮੌਜੂਦਾ ਸਮੇਂ ਜਦੋਂ ਵਪਾਰਕ ਕੰਪਲੈਕਸ ਦੇ ਪਹਿਲੇ ਪੜਾਅ ਅੰਦਰ ਕਰੀਬ 13 ਦੁਕਾਨਾਂ ਬਣ ਕੇ ਤਿਆਰ ਹੋ ਚੁੱਕੀਆਂ ਹਨ ਹੁਣ ਗਲਾਡਾ ਵੱਲੋਂ ਕੰਮ ਬੰਦ ਕਰਨ ਸੰਬੰਧੀ  ਨੋਟਿਸ ਜਾਰੀ ਕਰਕੇ  ਖਾਨਾਪੂਰਤੀ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਕੈਲਪੁਰ ਦੇ ਹੀ ਨਿਵਾਸੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਲਾਂਪੁਰ ਤੋਂ ਲਾਡੋਵਾਲ ਤਕ ਜਾਂਦੇ ਬਾਈਪਾਸ ਉੱਪਰ ਕਰੀਬ 26 ਤੋਂ 30 ਦੁਕਾਨਾਂ ਬਣਾਉਣ ਦੀ  ਸ਼ੁਰੂਆਤ ਦੇ ਮਾਮਲੇ ਵਿਚ ਹੀ ਉਨ੍ਹਾਂ ਵੱਲੋਂ ਆਉਣ ਵਾਲੇ ਸਮੇਂ ਅੰਦਰ ਬਾਈਪਾਸ ਤੇ ਟ੍ਰੈਫ਼ਿਕ ਸਮੱਸਿਆ ਦੇ ਮੱਦੇਨਜ਼ਰ  ਇਸ ਨਾਜਾਇਜ਼ ਤੌਰ ਤੇ ਬਣ ਰਹੇ ਵਪਾਰਕ ਕੰਪਲੈਕਸ ਨੂੰ ਨਿਯਮਾਂ ਅਨੁਸਾਰ ਬਣਵਾਉਣ ਲਈ ਗਲਾਡਾ ਨੂੰ ਸ਼ਿਕਾਇਤ ਦਿੱਤੀ ਗਈ ਸੀ, ਪ੍ਰੰਤੂ ਗਲਾਡਾ ਵੱਲੋਂ ਇਸ ਮੁੱਦੇ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ  ਅਤੇ ਹੁਣ ਜਦੋਂ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ ਅਤੇ  ਇਕ ਸਾਲ ਬਾਅਦ  13 ਦੁਕਾਨਾਂ ਬਣ ਕੇ ਤਿਆਰ ਹੋ ਗਈਆਂ ਹਨ ਤਾਂ ਕੰਮ ਬੰਦ ਕਰਨ ਦਾ ਨੋਟਿਸ ਦੇ ਦਿੱਤਾ ਗਿਆ ਹੈ, ਜਦ ਕਿ ਕਾਨੂੰਨ ਅਨੁਸਾਰ ਗਲਾਡਾ ਵੱਲੋਂ ਗੈਰਕਾਨੂੰਨੀ ਵਪਾਰਕ ਕੰਪਲੈਕਸ ਨੂੰ ਡੇਗਣ ਦੇ ਨਾਲ ਮਾਲਕ ਖਿਲਾਫ ਪੁਲਸ ਮੁਕੱਦਮਾ ਦਰਜ  ਕਰਵਾਉਣਾ ਬਣਦਾ ਸੀ, ਇਸ ਦੇ ਨਾਲ ਸੰਬੰਧਤ ਰਕਬੇ ਅੰਦਰ ਇਕ ਸੂਚਨਾ ਬੋਰਡ ਵੀ ਲਗਾਇਆ ਜਾਣਾ ਚਾਹੀਦਾ ਸੀ, ਪਰੰਤੂ ਗਲਾਡਾ ਵੱਲੋਂ ਕਾਰਵਾਈ ਵਿਚ ਕੀਤੀ ਜਾ ਰਹੀ ਢਿੱਲ ਮੱਠ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਕਈ ਸੁਆਲ ਖੜ੍ਹੇ ਕਰਦੀ ਹੈ  
ਹਾਈਕੋਰਟ ਤੱਕ ਪਹੁੰਚ ਕਰਾਂਗਾ : ਸ਼ਿਕਾਇਤਕਰਤਾ  
ਸ਼ਿਕਾਇਤਕਰਤਾ ਮਨਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਗਲਾਡਾ ਪ੍ਰਸ਼ਾਸਨ ਵੱਲੋਂ ਇਸ ਗੈਰ ਕਾਨੂੰਨੀ ਇਮਾਰਤ ਨੂੰ ਨਹੀਂ ਡੇਗਿਆ ਜਾਂਦਾ ਤਾਂ ਉਹ ਮਾਣਯੋਗ ਹਾਈਕੋਰਟ ਤੱਕ ਪਹੁੰਚ ਕਰਨਗੇ ਅਤੇ ਇਸ ਮਾਮਲੇ ਵਿੱਚ ਅਣਦੇਖੀ ਕਰਨ ਵਾਲੇ ਗਲਾਡਾ ਅਧਿਕਾਰੀਆਂ ਖ਼ਿਲਾਫ਼  ਕਾਰਵਾਈ ਦੀ ਮੰਗ ਕਰਨਗੇ।  

ਬਣਦੀ ਕਾਰਵਾਈ ਹੋਵੇਗੀ :ਗਲਾਡਾ ਅਧਿਕਾਰੀ   
ਜਦੋਂ ਇਸ ਸੰਬੰਧੀ ਗਲਾਡਾ ਦਫ਼ਤਰ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਦਬਾਅ  ਹੇਠ ਨਹੀਂ ਹਨ ਅਤੇ ਇਸ ਮਾਮਲੇ ਵਿੱਚ  ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।