"ਆ ਰਿਹਾ ਹੈ ਵਿਰਸਾ ਯਾਦ" ✍️ ਜਸਵੀਰ ਸ਼ਰਮਾਂ ਦੱਦਾਹੂਰ

ਖੁਰਲੀ ਉੱਤੇ ਬੰਨ੍ਹੀਆਂ ਹੋਵਣ, ਕਾਲੀਆਂ ਬੂਰੀਆਂ ਮੱਝਾਂ ਜੀ।

ਸ਼ਾਮ ਸਵੇਰੇ ਚਾਈਂ ਚਾਈਂ ਉੱਠ ਧਾਰਾਂ ਕੱਢਾਂ ਜੀ।।

ਬੱਠਲ ਦੇ ਵਿੱਚ ਗੋਹਾ ਚੁੱਕ ਕੇ ਪੱਥਣ ਨੂੰ ਜੀਅ ਕਰਦਾ ਏ।

ਪਹਿਲਾਂ ਜਿਹਾ ਪੰਜਾਬ ਹੁਣ ਤਾਂ ਤੱਕਣ ਨੂੰ ਜੀਅ ਕਰਦਾ ਏ।।

 

ਘੋੜੀਆਂ ਗਾਉਂਦੀ ਨਾ ਮੈਂ ਥੱਕਾਂ ਵੀਰ ਮੇਰੇ ਦਾ ਵਿਆਹ ਹੋਵੇ।

ਧਰਤੀ ਉੱਤੇ ਪੱਬ ਨਾ ਲੱਗੇ ਦਿਲ ਵਿੱਚ ਐਨਾ ਚਾਅ ਹੋਵੇ।।

ਨੱਚ ਨੱਚ ਕੇ ਕੱਚਾ ਵਿਹੜਾ ਪੱਟਣ ਨੂੰ ਜੀਅ ਕਰਦਾ ਏ,,,,,

ਪਹਿਲਾਂ ਜਿਹਾ ਪੰਜਾਬ ਹੁਣ,,,,

 

ਕੱਚੇ ਘਰ ਦੀ ਉੱਚੀ ਡਿਉਢੀ ਅੱਜ ਵੀ ਚੇਤੇ ਆਉਂਦੀ ਏ।

ਵਿੱਛੜ ਗਈਆਂ ਸਖੀਆਂ ਦੀ ਸਦਾ ਹੀ ਯਾਦ ਸਤਾਉਂਦੀ ਏ।।

ਵਿੱਚ ਤ੍ਰਿੰਝਣ ਚਰਖਾ ਡਾਹਕੇ ਕੱਤਣ ਨੂੰ ਜੀਅ ਕਰਦਾ ਏ,,,,

ਪਹਿਲਾਂ ਜਿਹਾ ਪੰਜਾਬ,,,,

 

ਓਹ ਯਾਦ ਨਾ ਭੁੱਲਦੀ ਏ ਜਦ ਤੁਰਦੇ ਵੱਟਾਂ ਬੰਨੇ ਸੀ।

ਘਲਾੜੀ ਤੇ ਗੁੜ ਬਣਦਾ ਵੇਖਿਆ ਪੀੜ ੨ ਕੇ ਗੰਨੇ ਜੀ।।

ਹਲਟ ਜੋ ਬਲਦਾਂ ਵਾਲਾ ਸੀ ਓਹ ਹੱਕਣ ਨੂੰ ਜੀਅ ਕਰਦਾ ਏ,,,,

ਪਹਿਲਾਂ ਜਿਹਾ ਪੰਜਾਬ,,,,,

 

ਮਹਿਕਾਂ ਵੰਡਦੇ ਨਜ਼ਰ ਸੀ ਆਉਂਦੇ ਖਿੜੇ ਓਹ ਫੁੱਲ ਗੁਲਾਬ ਦੇ।

ਬਚਪਨ ਦੇ ਹੀ ਨਾਲ ਬੀਤ ਗਏ ਰੰਗਲੇ ਦਿਨ ਪੰਜਾਬ ਦੇ।।

ਮੁੜ ਆਵਣ ਤਾਂ ਓਸੇ ਰੰਗ ਵਿੱਚ ਰੱਚਣ ਨੂੰ ਜੀਅ ਕਰਦਾ ਏ,,,,

ਪਹਿਲਾਂ ਜਿਹਾ ਪੰਜਾਬ,,,,

 

ਸੱਚੀਂ ਮੁੱਚੀਂ"ਸ਼ਰਨ"ਤਾਂ ਕੋਈ ਜ਼ਖ਼ਮ ਪੁਰਾਣੇ ਖਰੋਚ ਰਹੀ।

ਮਿੱਟੀ ਦੇ ਨਾਲ ਮਿੱਟੀ ਹੋਜਾਂ ਦੱਦਾਹੂਰੀਆ ਸੋਚ ਰਹੀ।।

ਇਸ ਨੂੰ ਛੱਡ ਕੇ ਹੋਰ ਕਿਤੇ ਨਾ ਵੱਸਣ ਨੂੰ ਜੀਅ ਕਰਦਾ ਏ,,,,

ਪਹਿਲਾਂ ਜਿਹਾ ਪੰਜਾਬ,,,,

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556