- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਕੱਲ੍ਹ ਲਾਂਚ ਕੀਤੀ ਗਈ ਸਕੀਮ
ਲੁਧਿਆਣਾ, 30 ਮਈ (ਰਣਜੀਤ ਸਿੱਧਵਾਂ) : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਅੱਜ 3 ਬੱਚਿਆਂ ਨੂੰ 'ਪੀ.ਐਮ. ਕੇਅਰਜ਼ ਫਾਰ ਚਿਲਡਰਨ ਸਕੀਮ' ਦਾ ਲਾਭ ਦਿੱਤਾ ਗਿਆ ਜਿਨ੍ਹਾਂ ਦੇ ਮਾਤਾ-ਪਿਤਾ ਦੀ ਕੋਵਿਡ ਮਹਾਂਮਾਰੀ ਕਰਕੇ ਮੌਤ ਹੋ ਚੁੱਕੀ ਹੈ।ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋ 'ਪੀ.ਐਮ. ਕੇਅਰਜ਼ ਫਾਰ ਚਿਲਡਰਨ ਸਕੀਮ' ਨੂੰ ਬੀਤੇ ਕੱਲ ਲਾਂਚ ਕੀਤਾ ਗਿਆ ਸੀ। ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਦਾ ਮੁੱਖ ਮੰਤਵ ਕੋਵਿਡ-19 ਮਹਾਂਮਾਰੀ ਨਾਲ ਜਿੰਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਦੋਵੇਂ ਲੀਗਲ ਗਾਰਡੀਅਨ/ਅਡਾਪਟਿਵ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਬੱਚਿਆਂ ਨੂੰ 23 ਸਾਲ ਦੀ ਉਮਰ ਤੱਕ ਮੁਫ਼ਤ ਸਕੂਲੀ ਸਿੱਖਿਆ ਦੇ ਨਾਲ- ਨਾਲ ਉੱਚ ਸਿੱਖਿਆ ਲਈ ਐਜੂਕੇਸ਼ਨ ਲੋਨ ਦੀ ਸਹਾਇਤਾ, ਸਿੱਖਿਆ ਕਰਜ਼ੇ ਦੇ ਵਿਆਜ ਦੀ ਅਦਾਇਗੀ ਪੀਐੱਮ ਕੇਅਰਜ ਦੁਆਰਾ, ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ 23 ਸਾਲ ਦੀ ਉਮਰ ਤੱਕ 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਸੁਨਿਸ਼ਚਿਤ, ਬੀਮੇ ਦੇ ਪ੍ਰੀਮੀਅਮ ਦਾ ਭੁਗਤਾਨ ਪੀ.ਐਮ. ਕੇਅਰਜ ਦੁਆਰਾ,18 ਸਾਲ ਦੀ ਉਮਰ ਹੋਣ 'ਤੇ ਵਿਅਕਤੀਗਤ ਜ਼ਰੂਰਤਾਂ ਦੇ ਲਈ ਮਾਸਿਕ ਵਿੱਤੀ ਸਹਾਇਤਾ, 23 ਸਾਲ ਦੀ ਉਮਰ ਪੂਰੀ ਹੋਣ 'ਤੇ ਪੀਐੱਮ ਕੇਅਰਜ ਤੋਂ 10 ਲੱਖ ਰੁਪਏ ਦੀ ਸਹਾਇਤਾ, ਪਹਿਲੀ ਤੋਂ 12ਵੀਂ ਕਲਾਸ ਤੱਕ ਦੇ ਬੱਚਿਆਂ ਲਈ 20 ਹਜ਼ਾਰ ਰੁਪਏ ਪ੍ਰਤੀ ਸਾਲ ਦਾ ਵਜ਼ੀਫ਼ਾ, ਸਕਿੱਲ ਟ੍ਰੇਨਿੰਗ ਲਈ 'ਕਰਮਾ ਸਕੀਮ' ਟੈਕਨੀਕਲ ਐਜੂਕੇਸ਼ਨ ਲਈ ਸਵਾਨਾਥ ਸਕਾਲਰਸ਼ਿਪ, 50 ਹਜ਼ਾਰ ਰੁਪਏ ਦੀ ਅਨੁਗ੍ਰਹਿ (ਐਕਸ-ਗ੍ਰੇਸ਼ੀਆ) ਰਾਸ਼ੀ ਆਦਿ ਸਹੂਲਤਾਂ 'ਪੀ.ਐਮ. ਕੇਅਰਜ਼ ਫਾਰ ਚਿਲਡਰਨ ਸਕੀਮ' ਤਹਿਤ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਜਿਲ੍ਹਾ ਲੁਧਿਆਣਾ ਦੇ 3 ਬੱਚਿਆਂ ਜਿੰਨ੍ਹਾਂ ਦੇ ਮਾਤਾ-ਪਿਤਾ ਦੀ ਕੋਵਿਡ-19 ਨਾਲ ਮੌਤ ਹੋ ਚੁੱਕੀ ਹੈ, ਉਨ੍ਹਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਗਿਆ ਹੈ।
ਅੱਜ ਨੈਸ਼ਨਲ ਪੱਧਰ ਤੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋ ਵੱਖ-ਵੱਖ ਰਾਜਾਂ ਦੇ ਵੱਖ-ਵੱਖ ਜਿਲ੍ਹਿਆਂ ਦੇ ਬੱਚਿਆਂ ਨੂੰ ਸੰਬੋਧਿਤ ਕੀਤਾ ਗਿਆ। ਮਾਨਯੋਗ ਡਿਪਟੀ ਕਮਿਸ਼ਨਰ, ਲੁਧਿਆਣਾ ਵੱਲੋ ਮਾਨਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਵੱਲੋ ਪ੍ਰਾਪਤ ਸੁਨੇਹ ਪੱਤਰ, 5 ਲੱਖ ਤੱਕ ਸਿਹਤ ਬੀਮਾ ਯੋਜਨਾ ਦੇ ਕਾਰਡ, 10 ਲੱਖ ਰੁਪਏ ਦੀ ਰਾਸ਼ੀ ਦੀ ਪਾਸ ਬੁੱਕ ਦੀਆਂ ਕਿੱਟਾਂ 3 ਲਾਭਪਾਤਰੀਆਂ (2 ਦੀ ਉਮਰ 18 ਸਾਲ ਤੋਂ ਉਪਰ ਅਤੇ 1 ਦੀ ਉਮਰ 18 ਸਾਲ ਤੋਂ ਘੱਟ) ਨੂੰ ਦਿੱਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਵੱਲੋ ਬੱਚਿਆਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ ਗਈ ਹੈ।ਮਾਨਯੋਗ ਡਿਪਟੀ ਕਮਿਸ਼ਨਰ, ਲੁਧਿਆਣਾ ਵੱਲੋ ਤਿੰਨੋਂ ਬੱਚਿਆਂ ਨਾਲ ਗੱਲਬਾਤ ਦੌਰਾਨ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਜਦੋਂ ਵੀ ਉਹਨਾਂ ਨੂੰ ਕੋਈ ਵੀ ਮੁਸ਼ਕਿਲ ਆਉਂਦੀ ਹੈ, ਤਾਂ ਬੱਚੇ ਉਨ੍ਹਾਂ ਨਾਲ ਸਿੱਧੇ ਤੌਰ 'ਤੇ ਗੱਲ ਕਰ ਸਕਦੇ ਹਨ, ਤਾਂ ਜੋ ਉਹਨਾਂ ਦੀਆਂ ਮੁਸ਼ਕਿਲਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾ ਸਕੇ ਅਤੇ ਬੱਚਿਆਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ ਗਈ। ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ, ਚੇਅਰਪਰਸਨ ਅਤੇ ਮੈਂਬਰ, ਬਾਲ ਭਲਾਈ ਕਮੇਟੀ, ਲੁਧਿਆਣਾ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦਾ ਸਟਾਫ਼ ਅਤੇ ਬੱਚਿਆਂ ਦੇ ਗਾਰਡੀਅਨ ਆਦਿ ਵੀ ਹਾਜ਼ਰ ਸਨ।