ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸਿੱਧਵਾਂ ਬੇਟ ਦਾ ਆਮ ਅਜਲਾਸ ਹੋਇਆ  

ਜਗਰਾਉਂ , 29 ਮਈ (ਮਨਜਿੰਦਰ ਗਿੱਲ)  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸਿੱਧਵਾਂ ਬੇਟ ਅਧੀਨ ਪਿੰਡ ਗਾਲਬ ਕਲਾਂ ਵਿਖੇ ਅੱਜ ਬਲਾਕ ਪ੍ਰਧਾਨ ਹਰਜੀਤ ਸਿੰਘ ਕਾਲਾ ਜਨੇਤਪੁਰਾ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਮੈਂਬਰਾਂ ਦਾ ਆਮ ਇਜਲਾਸ ਹੋਇਆ। ਇਸ ਸਮੇਂ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਅਜ ਸੂਬੇ ਭਰ ਚ ਕਿਸਾਨਾਂ ਖਿਲਾਫ ਹਕੂਮਤੀ ਪਾਰਟੀਆਂ ਦੇ ਆਈ ਟੀ ਸੈਲ ਅਤੇ ਫੇਸਬੁੱਕੀ ਵਿਦਵਾਨਾਂ ਵੱਲੋਂ ਝੋਨੇ ਦੀ ਬਿਜਾਈ ਰਾਹੀਂ ਪਾਣੀ ਖ਼ਤਮ ਕਰਨ ਅਤੇ ਵਾਤਾਵਰਨ ਪ੍ਰਦੂਸ਼ਿਤ ਕਰਨ ਦੇ ਕਿਸਾਨਾਂ ਦੇ ਇਲਜਾਮ ਲਗਾਏ ਜਾ ਰਹੇ ਹਨ ਉਸ ਦਾ ਇਕੋ ਇਕ ਕਾਰਨ ਹੈ ਕਿ ਪੰਜਾਬ ਤੇ ਕੇਂਦਰ ਦੀ ਹਕੂਮਤ ਨੂੰ ਇਹ ਡਰ ਸਤਾ ਰਿਹਾ ਹੈ ਕਿ ਸਾਡੀ ਵਿਰੋਧਤਾ ਕਰਨ ਦੀ ਯੋਗਤਾ ਸਿਰਫ ਤੇ ਸਿਰਫ ਕਿਸਾਨ ਜਥੇਬੰਦੀਆਂ ਕੋਲ ਹੈ। ਉਨਾਂ ਕਿਹਾ ਕਿ ਪਿਛਲੇ ਸਮੇਂ ਚ ਹਕੂਮਤਾਂ ਨੇ ਹਰੇ ਇਨਕਲਾਬ ਦੇ ਨਾਂ ਜੋਂ ਖੇਤੀ ਦਾ ਸਾਮਰਾਜੀ ਮਾਡਲ ਕਿਸਾਨੀ ਤੇ ਥੋਪਿਆ ਹੈ ਉਸ ਕਾਰਨ ਅਜ ਪਾਣੀ ਤੇ ਵਾਤਾਵਰਣ‌ ਦਾ ਸੰਕਟ ਖੜਾ ਹੋਇਆ ਹੈ।ਕਿਸਾਨੀ ਕੁਦਰਤ ਪੱਖੀ, ਮਨੁੱਖ ਪੱਖੀ, ਵਾਤਾਵਰਣ ਪੱਖੀ ਖੇਤੀ ਮਾਡਲ ਅਪਨਾਉਣ ਲਈ ਤਿਆਰ ਹੈ ਬਸ਼ਰਤੇ ਕਿ ਹਕੂਮਤਾਂ ਨਵੀਂ ਖੇਤੀ ਨੀਤੀ ਲਈ ਕੋਈ ਠੋਸ ਯੋਜਨਾ ਬਨਾਉਣ, ਪਾਣੀ ਬਚਾਉਣ ਲਈ ਕੋਈ ਠੋਸ ਨੀਤੀ ਬਨਾਉਣ। ਉਨਾਂ ਕਿਹਾ ਕਿ ਕਿਸਾਨ ਝੋਨੇ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ ਬਸ਼ਰਤੇ ਕਿ ਸਹਿਕਾਰੀ ਸੈਕਟਰ ਮਜ਼ਬੂਤ ਕੀਤਾ ਜਾਵੇ, ਬਿਜਲੀ ਦਾ ਨਿਜੀਕਰਨ ਬੰਦ ਕੀਤਾ ਜਾਵੇ, ਖੇਤੀ ਵਸਤਾਂ ਸਸਤੇ ਰੇਟਾਂ ਤੇ ਕਿਸਾਨੀ ਨੂੰ ਮੁਹਈਆ ਕਰਵਾਈਆਂ ਜਾਣ, ਐਮ ਐਸ ਪੀ ਅਤੇ ਸਰਕਾਰੀ ਖਰੀਦ ਦੀ ਗਰੰਟੀ ਕੀਤੀ ਜਾਵੇ। ਉਨਾਂ ਮੂੰਗੀ ਦੀ ਫ਼ਸਲ ਸਿਰਫ ਸੁਸਾਇਟੀ ਦੀ ਦੁਕਾਨ ਤੇ ਵੇਚਣ ਦੇ ਫੈਸਲੇ ਦੀ ਨਿੰਦਾ ਕਰਦਿਆਂ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਸਮੇਂ ਸਮੂਹ ਕਿਸਾਨਾਂ ਨੇ ਹਰ ਸੰਭਵ ਯਤਨ ਰਾਹੀਂ ਪਾਣੀ ਬਚਾਉਣ ਅਤੇ ਹਰ ਕਿਸਾਨ ਨੇ ਦਸ ਦਸ ਬੂਟੇ ਲਗਾਉਣ ਦਾ ਫੈਸਲਾ ਕੀਤਾ। ਇਸ ਸਮੇਂ ਹਾਜ਼ਰ ਮੈਂਬਰਾਂ ਨੇ 9 ਮੈਂਬਰੀ ਪਿੰਡ ਇਕਾਈ ਦੀ ਚੋਣ ਕੀਤੀ ਜਿਸ ਵਿਚ ਦੇਵਿੰਦਰ ਸਿੰਘ ਬੱਬੂ ਪ੍ਰਧਾਨ, ਮਲਕੀਤ ਸਿੰਘ ਮੀਤ ਪ੍ਰਧਾਨ, ਕੁਲਵੰਤ ਸਿੰਘ ਕਾਂਤਾ ਸਕੱਤਰ, ਕੁਲਵੰਤ ਸਿੰਘ ਖਜਾਨਚੀ, ਨਰਿੰਦਰ ਸਿੰਘ ਜਾਇੰਟ ਸਕਤਰ ਤੋਂ ਬਿਨਾਂ ਜਗਨ ਨਾਥ ਸੰਘਰਾਓ,  ,ਜਸਵੀਰ ਸਿੰਘ, ਹਰਜੀਤ ਸਿੰਘ, ਸ਼ੇਰ ਸਿੰਘ ਕਮੇਟੀ ਮੈਂਬਰ ਚੁਣੇ ਗਏ। ਇਸ ਸਮੇਂ ਬਚਿੱਤਰ ਸਿੰਘ ਜਨੇਤਪੁਰਾ, ਕਰਨੈਲ ਸਿੰਘ ਹੇਰਾਂ, ਲਖਵੀਰ ਸਿੰਘ ਸਮਰਾ ਆਦਿ ਆਗੂ ਹਾਜਰ ਸਨ। ਇਸ ਸਮੇਂ ਰਹਿੰਦੇ ਸ਼ਹੀਦ ਕਿਸਾਨ ਪਰਿਵਾਰਾਂ ਦੇ ਵਾਰਸਾਂ ਨੂੰ ਮੁਆਵਜ਼ਾ ਤੇ ਨੋਕਰੀ ਦਿਵਾਉਣ ਲਈ ਪੰਜ ਜੂਨ ਨੂੰ ਹਲਕਾ ਵਿਧਾਇਕ ਦੇ ਦਫ਼ਤਰ ਦੇ ਘਿਰਾਓ ਚ ਸ਼ਾਮਲ ਹੋਣ‌ਦਾ ਵੀ ਐਲਾਨ ਕੀਤਾ ਗਿਆ। ਬਲਾਕ ਸਿੱਧਵਾਂ ਬੇਟ ਦੀ ਜਨਰਲ ਮੀਟਿੰਗ 31 ਮਈ ਨੂੰ ਸਵੇਰੇ 10 ਵਜੇ ਪਿੰਡ ਸੇਖਦੋਲਤ ਵਿਖੇ ਕਰਨ ਦਾ ਫ਼ੈਸਲਾ ਕੀਤਾ ਗਿਆ।