ਫਾਜ਼ਿਲਕਾ ਜ਼ਿਲ੍ਹੇ ਵਿੱਚ ਤਾਰਬੰਦੀ ਦੇ ਪਾਰ ਜ਼ੀਰੋ ਲਾਇਨ ਦੇ ਨਾਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਹੋਈ ਸ਼ੁਰੂਆਤ

ਜਲਾਲਾਬਾਦ ਦੇ ਵਿਧਾਇਕ, ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਨੇ ਸ਼ੁਰੂ ਕਰਵਾਈ ਜ਼ਿਲ੍ਹੇ ਵਿੱਚ ਸਿੱਧੀ ਬਿਜਾਈ
ਫਾਜ਼ਿਲਕਾ, 23 ਮਈ  (ਰਣਜੀਤ ਸਿੱਧਵਾਂ)  : ਫਾਜ਼ਿਲਕਾ ਜ਼ਿਲ੍ਹੇ ਦੇ ਬਹਾਦਰ ਸਰਹੱਦਾਂ ਦੇ ਰਾਖੇ ਕਿਸਾਨਾਂ ਨੇ ਇੱਕ ਵਾਰ ਫਿਰ ਵਾਤਾਵਰਨ ਦੇ ਰਾਖੇ ਬਣਨ ਦਾ ਅਹਿਦ ਕਰਦਿਆਂ ਅੱਜ ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਤਾਰਬੰਦੀ ਦੇ ਪਾਰ ਬਿਲਕੁੱਲ ਜ਼ੀਰੋ ਲਾਇਨ ਤੋਂ ਜ਼ਿਲ੍ਹੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕੀਤੀ ।ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ, ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸੂ ਅਗਰਵਾਲ ਆਈਏਐਸ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਆਈਏਐਸ, ਐੱਸਐੱਸਪੀ ਸ. ਭੁਪਿੰਦਰ ਸਿੰਘ ਸਿੱਧੂ ਅਤੇ ਐਸਡੀਐਮ ਸ੍ਰੀ ਰਵਿੰਦਰ ਸਿੰਘ ਅਰੋੜਾ ਨੇ ਬੀਐਸਐਫ ਦੀ ਹਾਜਰੀ ਵਿੱਚ ਜਲਾਲਾਬਾਦ ਖੇਤਰ ਵਿੱਚ ਜ਼ੀਰੋ ਲਾਇਨ ਦੇ ਨਾਲੋਂ ਝੋਨੇ ਦੀ ਇਹ ਸਿੱਧੀ ਬਿਜਾਈ ਸ਼ੁਰੂ ਕਰਵਾਈ ਹੈ। ਇਸ ਮੌਕੇ ਬੋਲਦਿਆਂ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ ਨੇ ਕਿਹਾ ਇਸ ਸਮੇਂ ਧਰਤੀ ਅਤੇ ਪਾਣੀ ਦੀ ਸੰਭਾਲ ਸਾਡਾ ਮੁੱਢਲਾ ਫਰਜ਼ ਬਣਦਾ ਹੈ ਅਤੇ ਇਸੇ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਨੂੰ ਪ੍ਰਫੁਲਿਤ ਕਰਨ ਲਈ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਣ ਵੀ ਕੀਤਾ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸੂ ਅਗਰਵਾਲ ਨੇ ਇਸ ਮੌਕੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹਾ ਪਿੱਛਲੇ ਸਾਲ 46 ਫੀਸਦੀ ਰਕਬਾ ਝੋਨੇ ਦੀ ਸਿੱਧੀ ਬਿਜਾਈ ਹੇਠ ਲਿਆ ਕੇ ਪੰਜਾਬ ਵਿਚੋਂ ਮੋਹਰੀ ਰਿਹਾ ਸੀ ਅਤੇ ਇਸ ਵਾਰ ਵੀ ਇਸ ਜ਼ਿਲ੍ਹੇ ਦੇ ਕਿਸਾਨ 70 ਫੀਸਦੀ ਤੋਂ ਜਿਆਦਾ ਰਕਬਾ ਸਿੱਧੀ ਬਿਜਾਈ ਹੇਠ ਲਿਆਉਣਗੇ। ਉਨ੍ਹਾਂ ਨੇ ਕਿਹਾ ਕਿ ਤਾਰੋਂ ਪਾਰ ਜ਼ਿਲ੍ਹੇ ਦੇ ਕਿਸਾਨਾਂ ਦੀ ਲਗਭਗ 3000 ਏਕੜ ਜ਼ਮੀਨ ਪੈਂਦੀ ਹੈ ਜਿੱਥੇ ਕਿਸਾਨਾਂ ਨੂੰ ਖੇਤੀ ਕਰਨ ਲਈ ਕੁਝ ਨਿਰਧਾਰਤ ਸਮਾਂ ਹੀ ਮਿਲਦਾ ਹੈ। ਇਸ ਲਈ ਇੰਨ੍ਹਾਂ ਕਿਸਾਨਾਂ ਨੇ ਵੀ ਇਸ ਵਾਰ ਪੰਜਾਬ ਸਰਕਾਰ ਦੀ ਅਪੀਲ ਮੰਨ ਕੇ ਸਿੱਧੀ ਬਿਜਾਈ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਤਾਰੋਂ ਪਾਰ ਜ਼ਮੀਨਾਂ ਵਾਲੇ ਕਿਸਾਨ ਸਿੱਧੀ ਬਿਜਾਈ ਕਰ ਸਕਦੇ ਹਨ ਤਾਂ ਹੋਰਨਾਂ ਕਿਸਾਨਾਂ ਲਈ ਤਾਂ ਇਹ ਹੋਰ ਵੀ ਆਸਾਨ ਹੈ। ਉਨ੍ਹਾਂ ਨੇ ਕਿਹਾ ਕਿ ਪਿੱਛਲੇ ਸਾਲ ਦੇ ਉਤਸਾਹਵਰਧਕ ਨਤੀਜਿਆਂ ਤੋਂ ਜ਼ਿਲ੍ਹੇ ਦੇ ਕਿਸਾਨ ਖੁਸ਼ ਹਨ ਅਤੇ ਇਸ ਵਾਰ ਸਿੱਧੀ ਬਿਜਾਈ ਵਿੱਚ ਜਿਆਦਾ ਰੁੱਚੀ ਵਿਖਾ ਰਹੇ ਹਨ। ਮੁੱਖ ਖੇਤੀਬਾੜੀ ਅਫ਼ਸਰ ਡਾ. ਰੇਸ਼ਮ ਸਿੰਘ ਨੇ ਕਿਹਾ ਕਿ ਸਿੱਧੀ ਬਿਜਾਈ ਨਾਲ ਖੇਤੀ ਕਰਨ ਨਾਲ ਪਾਣੀ ਦੀ ਬਚਤ ਦੇ ਨਾਲ ਨਾਲ ਕਿਸਾਨ ਦੇ ਖੇਤੀ ਖਰਚੇ ਘੱਟਦੇ ਹਨ। ਪ੍ਰਭਾਤ ਸਿੰਘ ਵਾਲਾ ਦੇ ਕਿਸਾਨ ਹਰਪਾਲ ਸਿੰਘ ਜਿਸ ਦੇ ਖੇਤਾਂ ਵਿੱਚ ਬਿਜਾਈ ਦੀ ਸ਼ੁਰੂਆਤ ਕਰਵਾਈ ਗਈ ਨੇ ਕਿਹਾ ਕਿ ਉਹ ਪਿੱਛਲੇ ਕਈ ਸਾਲਾਂ ਤੋਂ ਅਜਿਹਾ ਕਰਦਾ ਆ ਰਿਹਾ ਹੈ ਅਤੇ ਸਿੱਧੀ ਬਿਜਾਈ ਨਾਲ ਉਸਦੇ ਖਰਚੇ ਘਟੇ ਹਨ ਅਤੇ ਆਮਦਨ ਵਧੀ ਹੈ। ਉਸਨੇ ਹੋਰਨਾਂ ਕਿਸਾਨਾਂ ਨੂੰ ਵੀ ਇਹ ਤਕਨੀਕ ਅਪਨਾਉਣ ਦੀ ਅਪੀਲ ਕੀਤੀ।ਇਸ ਤੋਂ ਬਿਨ੍ਹਾਂ ਇੱਥੇ ਕਿਸਾਨ ਰਛਪਾਲ ਸਿੰਘ, ਇਕਬਾਲ ਸਿੰਘ, ਸਤਪਾਲ ਸਿੰਘ ਨੇ ਵੀ ਸਿੱਧੀ ਬਿਜਾਈ ਆਰੰਭ ਕੀਤੀ ਹੈ। ਬਾਅਦ ਵਿਚ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਚੱਕ ਸੁੱਕੜ ਵਿੱਚ ਕਿਸਾਨ ਸਿਖਲਾਈ ਕੈਂਪ ਲਗਾ ਕੇ ਕਿਸਾਨਾਂ ਨੂੰ ਸਿੱਧੀ ਬਿਜਾਈ ਬਾਰੇ ਜਾਣਕਾਰੀ ਦਿੱਤੀ ਅਤੇ ਪਿੱਛਲੇ ਸਾਲ ਦੌਰਾਨ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ।  ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਹਰਪ੍ਰੀਤ ਕੌਰ, ਏਡੀਓ ਪਰਵਿੰਦਰ ਸਿੰਘ, ਬੀਟੀਐਮ ਆਤਮਾ ਰਾਜਵਿੰਦਰ ਸਿੰਘ, ਬਾਬਾ ਸਤੀ ਦਾਸ ਜੀ, ਸੰਦੀਪ ਸਿੰਘ ਆਦਿ ਵੀ ਹਾਜਰ ਸਨ।