ਸਿੱਖਾਂ ਦੀ ਪਹਿਲੀ ਰਾਜਨੀਤਕ ਰੁਚੀਆਂ ਵਾਲ਼ੀ ਅਖ਼ਬਾਰ ਦੇ ਸਥਾਪਨਾ ਦਿਵਸ ਤੇ ਵਿਸ਼ੇਸ਼ ✍️ ਸ.ਸੁਖਚੈਨ ਸਿੰਘ ਕੁਰੜ

ਰੋਜ਼ਾਨਾ ਅਕਾਲੀ ਅਖ਼ਬਾਰ ਸਿੱਖਾਂ ਦੀ ਪਹਿਲੀ ਰਾਜਨੀਤਕ ਰੁਚੀਆਂ ਵਾਲ਼ੀ ਅਖ਼ਬਾਰ ਵਜੋਂ ਜਾਣੀ ਜਾਂਦੀ ਹੈ। ਇਸ ਅਖਬਾਰ ਸਦਕਾ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈਆਂ।  ਇਸ ਅਖਬਾਰ ਦਾ ਉਦਘਾਟਨ 21 ਮਈ 1920 ਨੂੰ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਿਵਸ ਤੇ ਲਾਹੌਰ ਵਿਖੇ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਰਾਜ ਸਮੇਂ ਦੇ ਮਸਹੂਰ ਸਿੱਖ ਫ਼ੌਜੀ ਜਰਨੈਲ ਫੂਲਾ ਸਿੰਘ ਅਕਾਲੀ ਦੀਆਂ ਬੇਮਿਸਾਲ ਜਿੱਤਾ ਤੇ ਬਹਾਦਰੀ ਦੇ ਚਰਚਿਆਂ ਕਾਰਣ ਹੀ ਸਿੱਖ ਭਾਈਚਾਰੇ ਨੇ ਅਖਬਾਰ ਦਾ ਨਾਮ ਅਕਾਲੀ ਰੱਖਿਆ ਸੀ।
ਇਸ ਅਖ਼ਬਾਰ ਨੂੰ ਜਾਰੀ ਕਰਨ ਦਾ ਖ਼ਿਆਲ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦਾ ਸੀ। ਮਾਸਟਰ ਸੁੰਦਰ ਸਿੰਘ ਨੇ ਆਪਣੇ ਇੱਕ ਮਿੱਤਰ ਕੋਲੋਂ 500 ਰੁਪਏ ਲੈਕੇ ਇਹ ਪੱਤਰ ਜਾਰੀ ਕੀਤਾ।
ਇਸ ਦੇ ਸੰਪਾਦਕੀ ਮੰਡਲ ਵਿੱਚ ਗਿਆਨੀ ਹੀਰਾ ਸਿੰਘ ਦਰਦ ਤੇ ਸ ਮੰਗਲ ਸਿੰਘ ਦਾ ਵਿਸ਼ੇਸ਼ ਰੋਲ ਰਿਹਾ ਹੈ। ਮੰਗਲ ਸਿੰਘ ਉਸ ਸਮੇਂ ਆਪਣੀ ਤਹਿਸੀਲਦਾਰੀ ਦੀ ਨੌਕਰੀ ਛੱਡਕੇ ਸੰਪਾਦਨ ਦੇ ਖੇਤਰ ਵਿੱਚ ਆਇਆ ਸੀ। ਇਸ ਅਖ਼ਬਾਰ ਦੀ ਆਮਦ ਤੋ ਪਹਿਲਾਂ ਵੀ ਖਾਲਸਾ ਸਮਾਚਾਰ,ਪੰਥ-ਸੇਵਕ ਤੇ ਪੰਜਾਬ ਦਰਪਨ ਵਰਗੇ ਕੁਝ ਹਫ਼ਤਾਵਾਰੀ ਪਰਚੇ ਛਪਦੇ ਸਨ। ਇਹ ਸਾਰੇ ਹੀ ਪਰਚੇ ਆਮ ਸਿੱਖਾਂ ਦੀ ਸੋਚ ਦੀ ਨੁਮਾਇੰਦਗੀ ਨਹੀਂ ਕਰਦੇ ਸਨ। ਪੰਜਾਬੀ ਵਿੱਚ ਅਕਾਲੀ ਅਖ਼ਬਾਰ ਪਹਿਲਾ ਅਜਿਹਾ ਅਖ਼ਬਾਰ ਸੀ ਜਿਸ ਨਾਲ਼ ਆਗਿਆਕਾਰੀ( ਸਰਕਾਰ ਪੱਖੀ) ਦੀ ਥਾਂ ਅਵਗਿਆਕਾਰੀ ਪੱਤਰਕਾਰੀ ਦਾ ਅਰੰਭ ਹੋਇਆ ਸੀ। ਇਸ ਦਾ ਸੰਪਾਦਕੀ ਮੰਡਲ ਸੁਖ-ਸਹੂਲਤਾਂ ਨੂੰ ਛੱਡਕੇ ਬਿਨਾ ਤਨਖ਼ਾਹ ਦੇ ਹੀ ਕੰਮ ਕਰਦਾ ਸੀ ਤੇ ਰੋਟੀ ਦਾ ਪ੍ਰਬੰਧ ਸਾਂਝੇ ਲੰਗਰ ਵਿੱਚੋਂ ਕੀਤਾ ਜਾਂਦਾ ਸੀ।ਸਰਕਾਰ ਵਿਰੋਧੀ ਟਿੱਪਣੀਆਂ ਕਰਕੇ ਢਾਈ ਸਾਲਾਂ ਵਿੱਚ ਇਸ ਅਖਬਾਰ ਦੇ 12 ਸੰਪਾਦਕ ਸਮੇਂ-ਸਮੇਂ ਤੇ ਕੈਦ ਹੋਏ। ਸ਼ੁਰੂਆਤ ਵਿੱਚ ਇਸ ਦੇ ਛਪਣ ਦੀ ਗਿਣਤੀ ਚਾਰ ਹਜ਼ਾਰ ਸੀ ਪਰ ਗੁਰਦੁਆਰਾ ਸੁਧਾਰ ਲਹਿਰ ਵੇਲ਼ੇ 25 ਹਜ਼ਾਰ ਤੱਕ ਪਹੁੰਚ ਗਈ ਸੀ।  ਅਕਾਲੀ ਅਖਬਾਰ ਨੇ 21 ਮਈ 1920 ਨੂੰ ਛਪੇ ਆਪਣੇ ਪਹਿਲੇ ਹੀ ਪਰਚੇ ਵਿੱਚ ਹੇਠ ਦਿੱਤੀਆਂ ਆਪਣੀਆਂ ਨੀਤੀਆਂ ਦਰਸਾਈਆਂ ਸੀ:-
1.ਗੁਰਦਵਾਰਿਆਂ ਦਾ ਪ੍ਰਬੰਧ ਭਰਿਸ਼ਟ ਮਹੰਤਾਂ ਤੋਂ ਖੋਹ ਕੇ ਸਿੱਖ ਭਾਈਚਾਰੇ ਦੀ ਜਮਹੂਰੀ ਦੇਖ-ਰੇਖ ਅਧੀਨ ਕਰਨਾ।
2.ਖਾਲਸਾ ਕਾਲਜ ਅੰਮ੍ਰਿਤਸਰ ਨੂੰ ਸਰਕਾਰੀ ਦਖਲੰਦਾਜ਼ੀ ਤੋ ਪਾਸੇ ਕਰਕੇ ਸਿੱਖਾਂ ਦੇ ਜਮਹੂਰੀ ਕੰਟਰੋਲ ਹੇਠ ਚਲਾਉਣਾ।
3.ਦਿੱਲੀ ਦੇ ਰਕਾਬ-ਗੰਜ ਗੁਰੂਦਵਾਰਾ ਦੀ 1913 ਈ. ਵਿੱਚ ਢਾਹੀ ਗਈ ਕੰਧ ਨੂੰ ਉਸੇ ਥਾਂ 'ਤੇ ਮੁੜ ਉਸਾਰੀ ਲਈ ਕੇਂਦਰੀ ਹਕੂਮਤ ਤੇ ਜੋਰ ਪਾਉਣਾ।
4.ਸਿੱਖ ਭਾਈਚਾਰੇ ਅੰਦਰ ਰਾਜਸੀ ਤੇ ਕੌਮੀ ਚੇਤਨਾਂ ਭਰਨੀ,ਉਹਨਾਂ ਨੂੰ ਕੌਮੀ ਆਜ਼ਾਦੀ ਦੀ ਲਹਿਰ ਅੰਦਰ ਪੂਰੀ ਤਨਦੇਹੀ ਨਾਲ ਹਿੱਸਾ ਪਾਉਣ ਲਈ ਪ੍ਰੇਰਿਤ ਕਰਨਾ।
5.ਜਮਹੂਰੀ ਅਸੂਲਾਂ ਤੇ ਅਧਾਰਿਤ ਸਿੱਖ ਭਾਈਚਾਰੇ ਲਈ ਕੇਂਦਰੀ ਜਥੇਬੰਦੀ ਬਣਾਉਣੀ।
1922 ਅਕਤੂਬਰ ਮਹੀਨੇ ਮਾ. ਤਾਰਾ ਸਿੰਘ ਤੇ ਪ੍ਰੋ. ਨਿਰੰਜਨ ਸਿੰਘ ਇਸ ਦੇ ਦਫ਼ਤਰ ਨੂੰ ਲਾਹੌਰ ਤੋਂ ਅੰਮ੍ਰਿਤਸਰ ਲੈ ਆਏ। ਪਰਦੇਸੀ ਨਾਲ਼ ਮਿਲਾਕੇ ਅਕਾਲੀ ਤੇ ਪਰਦੇਸੀ ਨਾਂ ਅਧੀਨ ਛਾਪਣਾ ਅਰੰਭ ਕਰ ਦਿੱਤਾ। ਸਮੇਂ ਸਮੇਂ ਇਸ ਨੂੰ ਵੀ ਸਰਕਾਰੀ ਜਬਰ ਦਾ ਸਾਹਮਣਾ ਕਰਨਾ ਪਿਆ। 1930 ਈ. ਤੋਂ ਬਾਅਦ ਇਹ ਅਖ਼ਬਾਰ ਆਕਾਲੀ ਪ੍ਰਤਿਕਾ ਨਾਂ ਅਧੀਨ ਛਪਣ ਲੱਗਾ।  ਅੱਜਕਲ੍ਹ ਇਹ ਅਕਾਲੀ ਪ੍ਰਤਿਕਾ ਨਾਂ ਹੇਠ ਜਲੰਧਰ ਤੋਂ ਲਗਾਤਾਰ ਛਪ ਰਿਹਾ ਹੈ।

 

ਸ.ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)