ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਦੀ ਰਹਿਨਮਾਈ ਹੇਠ ਜ਼ਿਲ੍ਹਾ ਪੱਧਰੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ

ਫਤਹਿਗੜ੍ਹ ਸਾਹਿਬ, 19 ਮਈ (ਰਣਜੀਤ ਸਿੱਧਵਾਂ)  : ਜ਼ਿਲ੍ਹਾ ਪੱਧਰੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਦੀ ਰਹਿਨੁਮਾਈ ਹੇਠ ਹੋਈ। ਮੀਟਿੰਗ ਵਿੱਚ ਪੁਲਿਸ, ਸਿੱਖਿਆ, ਸਥਾਨਕ ਸਰਕਾਰਾਂ, ਪੇਂਡੂ ਵਿਕਾਸ ਅਤੇ ਪੰਚਾਇਤ, ਨਾਪਤੋਲ, ਕਰ ਅਤੇ ਆਬਕਾਰੀ ਸਮੇਤ ਵੱਖ-ਵੱਖ  ਵਿਭਾਗਾਂ ਦੇ ਮੁਖੀ ਹਾਜ਼ਰ ਹੋਏ । ਇਸ ਮੀਟਿੰਗ ਵਿੱਚ ਸਿਹਤ ਵਿਭਾਗ ਦੇ ਵੱਖ-ਵੱਖ ਸਿਹਤ ਪ੍ਰੋਗਰਾਮਾਂ 'ਤੇ ਚਰਚਾ ਕੀਤੀ ਗਈ । ਡਿਪਟੀ ਕਮਿਸ਼ਨਰ ਪ੍ਰਨੀਤ ਸ਼ੇਰਗਿੱਲ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਸਾਰੇ ਅਦਾਰਿਆਂ ਅਤੇ ਦਫ਼ਤਰਾਂ ਨੂੰ ਤੰਬਾਕੂ ਮੁਕਤ ਕੀਤਾ ਜਾਵੇ ਅਤੇ ਆਪੋ ਆਪਣੇ ਅਧੀਨ ਆਉਂਦੇ ਪਿੰਡਾਂ ਨੂੰ ਤੰਬਾਕੂ ਮੁਕਤ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਕੋਟਪਾ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਚਲਾਨ ਕੀਤੇ ਜਾਣ ਅਤੇ ਆਮ ਲੋਕਾਂ ਨੂੰ ਤੰਬਾਕੂ ਦੇ ਹਾਨੀਕਾਰਕ ਪ੍ਰਭਾਵਾਂ ਅਤੇ ਤੰਬਾਕੂ ਕੰਟਰੋਲ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ।ਮੀਟਿੰਗ ਵਿੱਚ ਸਿਵਲ ਸਰਜਨ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ 31 ਮਈ ਨੂੰ "ਵਿਸ਼ਵ ਨੋ ਤੰਬਾਕੂ ਦਿਵਸ "ਮਨਾਇਆ ਜਾ ਰਿਹਾ ਹੈ ਇਸ ਦਿਹਾੜੇ ਨੂੰ ਸਮਰਪਿਤ 16 ਮਈ ਤੋਂ 31ਮਈ ਤੱਕ ਜ਼ਿਲ੍ਹੇ ਅੰਦਰ ਕੋਟਪਾ-2003 ਤਹਿਤ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ । ਡੇਂਗੂ ਅਤੇ ਚਿਕਨਗੁਨੀਆ ਦੀ ਬਿਮਾਰੀ ਸਬੰਧੀ ਵੀ ਇਸ ਮੀਟਿੰਗ ਵਿੱਚ ਚਰਚਾ ਕੀਤੀ ਗਈ ਡੇਂਗੂ, ਮਲੇਰੀਆ ਅਤੇ ਚਿਕੁਨਗੁਨੀਆ ਤੋਂ ਬਚਣ ਲਈ ਸ੍ਰੀਮਤੀ ਸ਼ੇਰਗਿੱਲ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਸ਼ਹਿਰਾਂ ਅੰਦਰ ਫੋਗਿੰਗ ਕਰਵਾਉਣੀ ਯਕੀਨੀ ਬਣਾਈ ਜਾਵੇ,ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਸਿਹਤ ਵਿਭਾਗ ਦੇ ਸਹਿਯੋਗ ਨਾਲ ਪਿੰਡਾਂ ਅੰਦਰ ਟੋਭਿਆਂ ਵਿੱਚ ਗੰਬੂਜੀਆ ਮੱਛੀ ਛੁਡਵਾਈ ਜਾਵੇ ।ਇਸ ਮੀਟਿੰਗ ਵਿੱਚ ਉਨ੍ਹਾਂ ਨੇ ਕੋਵਿਡ-19 ਸਬੰਧੀ ਚੱਲ ਰਹੀ ਟੀਕਾਕਰਨ ਮੁਹਿੰਮ ਦਾ ਵੀ ਜਾਇਜ਼ਾ ਲਿਆ ਅਤੇ ਨਾਲ ਹੀ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ  ਅਤੇ ਜ਼ਿਲ੍ਹੇ ਅੰਦਰ ਜੱਚਾ-ਬੱਚਾ ਮੌਤ ਦਰ ਉਪਰ ਵੀ ਚਰਚਾ ਕੀਤੀ ਗਈ।ਇਸ ਮੀਟਿੰਗ ਵਿੱਚ ਸਿਵਲ ਸਰਜਨ ਡਾ. ਹਰਵਿੰਦਰ ਸਿੰਘ, ਸਹਾਇਕ ਸਿਵਲ ਸਰਜਨ ਡਾ ਸਵਪਨਜੀਤ ਕੌਰ ,ਜ਼ਿਲ੍ਹਾ ਸਿਹਤ ਅਫਸਰ ਡਾ. ਨਵਜੋਤ ਕੌਰ , ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਦੀਸ਼ ਸਿੰਘ, ਜ਼ਿਲਾ ਟੀਕਾਕਰਨ ਅਫਸਰ ਡਾ. ਰਾਜੇਸ਼ ਕੁਮਾਰ ਆਦਿ ਤੋਂ ਇਲਾਵਾ ਹੋਰ ਵਿਭਾਗਾਂ ਦੇ ਮੁਖੀ ਹਾਜ਼ਰ ਸਨ ।