ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਪ੍ਰਤੀ ਕੀਤਾ ਜਾਗਰੂਕ

ਹੁਣ ਤੱਕ ਜਿਲ੍ਹੇ ਦੇ 400 ਤੋਂ ਵੱਧ ਪਿੰਡਾਂ ਵਿੱਚ ਲਗਾਏ ਜਾ ਚੁੱਕੇ ਹਨ ਕੈਂਪ- ਮੁੱਖ ਖੇਤੀਬਾੜ੍ਹੀ ਅਫ਼ਸਰ  
ਫਤਹਿਗੜ੍ਹ ਸਾਹਿਬ,  17 ਮਈ  (ਰਣਜੀਤ ਸਿੱਧਵਾਂ)   :  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪਿੰਡ-ਪਿੰਡ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਦਰਸ਼ਨ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੇ 400 ਤੋਂ ਵੱਧ ਪਿੰਡਾਂ ਵਿੱਚ ਅਜਿਹੇ ਕੈਂਪ ਲਗਾਏ ਜਾ ਚੁੱਕੇ ਹਨ, ਇਸੇ ਲੜੀ ਤਹਿਤ ਪਿੰਡ ਭੈਣੀ ਕਲਾਂ, ਰੁੜਕੀ, ਅਤਾਪੁਰ, ਖੰਟ, ਮਨੈਲੀ , ਡਡਹੇੜੀ, ਸਿੱਧੁਪੁਰ, ਬਦੇਸ਼ ਖੁਰਦ ਵਿੱਚ ਕੈਂਪ ਲਗਾਏ ਗਏ ਹਨ । ਮੁੱਖ ਖੇਤੀਬਾੜ੍ਹੀ ਅਫ਼ਸਰ ਨੇ ਦੱਸਿਆ ਕਿ ਖੇਤੀ ਮਾਹਿਰਾਂ ਵੱਲੋਂ ਜ਼ੋ ਵੀ ਤਕਨੀਕੀ ਜਾਣਕਾਰੀ ਉਪਲਬੱਧ ਹੈ ਉਸਦਾ ਲਿਟਰੇਚਰ ਕਿਸਾਨਾਂ ਨੂੰ ਵੰਡਿਆ ਜਾ ਰਿਹਾ ਹੈ ਅਤੇ ਕਿਸਾਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਪ੍ਰਤੀ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ  ਧਰਤੀ ਹੇਠਲਾ ਪਾਣੀ ਦਾ ਪੱਧਰ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ ਇਸ ਲਈ ਹਰ ਨਾਗਰਿਕ ਦਾ ਫਰਜ਼ ਹੈ ਪਾਣੀ ਦੀ ਦੁਰਵਰਤੋ ਨੂੰ ਰੋਕਿਆ ਜਾਵੇ। ਲਗਾਤਾਰ ਕੱਦੂ ਕਰਨ ਨਾਲ ਖੇਤਾਂ ਵਿੱਚ ਮਿੱਟੀ ਦੀ ਸਖਤ ਤਹਿ ਬਣ ਗਈ ਹੈ । ਜਿਸ ਕਰਕੇ ਬਾਰਿਸ਼ ਦਾ ਪਾਣੀ ਥੱਲੇ ਧਰਤੀ ਵਿੱਚ ਸਿੰਮਣਾ ਬੰਦ ਹੋ ਗਿਆ ਹੈ। ਲਗਾਤਾਰ 3 ਜਾਂ 4 ਸਾਲ ਝੋਨੇ ਦੀ ਸਿੱਧੀ ਬਿਜਾਈ ਕਰਕੇ ਇਹ ਤਹਿ ਕਮਜੋਰ ਹੋ ਜਾਵੇਗੀ ਅਤੇ ਧਰਤੀ ਹੇਠਲਾ ਪਾਣੀ ਰੀਚਾਰਜ ਹੋ ਸਕੇਗਾ। ਕਣਕ ਦੇ ਸੀਜਨ ਵਿੱਚ ਬਾਰਿਸ਼ ਦਾ ਪਾਣੀ ਖੜਾ ਹੋਣਾ ਹੀ ਇਸ ਸਖਤ ਤਹਿ ਦਾ ਨਤੀਜਾ ਹੇ। ਟੂਟੀਆਂ ਵਿੱਚ ਬੇਲੋੜਾ ਡੁੱਲਦਾ ਪਾਣੀ ਅਤੇ ਦਰਖਤਾਂ ਦੀ ਕਟਾਈ ਕਾਰਨ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ। ਇਸ ਸਬੰਧੀ ਵੀ ਪਿੰਡ ਪੱਧਰ ਤੇ ਗਰੁੱਪ ਬਣਾ ਕੇ ਉਪਰਾਲੇ ਕਰਨ ਦੀ ਲੋੜ ਹੈ।
ਇਸ ਮੌਕੇ ਕੈਂਪ ਵਿੱਚ ਹਾਜਰ ਕਿਸਾਨ ਸ੍ਰੀ ਹਰਦੀਪ ਸਿੰਘ ਅਤੇ ਸ੍ਰੀ ਗੁਰਮਿੰਦਰ ਸਿੰਘ ਨੇ ਸਰਕਾਰ ਨੂੰ ਮੰਗ  ਕੀਤੀ ਕਿ ਬਿਜਾਈ ਤੋਂ ਪਹਿਲਾਂ ਰਾਉਣੀ ਕਰਨ ਲਈ 8 ਘੰਟੇ ਬਿਜਲੀ ਦੀ ਸਪਲਾਈ ਯਕੀਨੀ ਬਣਾਈ ਜਾਵੇ। ਇਸ ਮੌਕੇ  ਸ੍ਰੀ ਜ਼ਸਵਿੰਦਰ ਸਿੰਘ ਖੇਤੀਬਾੜੀ ਅਫ਼ਸਰ ਖੇੜਾ,  ਸ੍ਰੀ ਸਤਵਿੰਦਰ ਸਿੰਘ, ਸ੍ਰੀ ਨਰਾਇਣ ਰਾਮ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।