ਦੁਗਣੀ ਹੋਈ ਵਿਦਿਆਰਥੀਆਂ ਦੀ ਸੰਖਿਆ, ਅਧਿਆਪਕਾਂ ਦੀ ਮਿਹਨਤ ਅਤੇ ਲਗਨ ਨੂੰ ਬੂਰ ਪਿਆ
ਅਬੋਹਰ / ਫ਼ਾਜ਼ਿਲਕਾ 15 ਮਈ (ਰਣਜੀਤ ਸਿੱਧਵਾਂ) : ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਸਿੱਖਿਆ ਦੇ ਨੈਣ ਨਕਸ਼ ਤਰਾਸ਼ੇ ਜਾ ਰਹੇ ਹਨ। ਇਸ ਵਿੱਚ ਅਧਿਆਪਕਾਂ ਦੀ ਲਗਨ ਅਤੇ ਮਿਹਨਤ ਸਾਫ਼ ਝਲਕਣ ਲੱਗੀ ਹੈ। ਜ਼ਿਲ੍ਹੇ ਦੇ ਜੇਕਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਵਾਨ ਖੇੜਾ ਦੀ ਜੇਕਰ ਗੱਲ ਕਰੀਏ ਤਾਂ ਇਹ ਸਕੂਲ ਸੁੰਦਰ ਇਮਾਰਤਸਾਜੀ ਕਰਕੇ ਹੋਰਨਾਂ ਸਕੂਲਾਂ ਲਈ ਮਾਰਗਦਰਸ਼ਕ ਬਣ ਕੇ ਉਭਰ ਰਿਹਾ ਹੈ। ਸਕੂਲ ਦੀ ਸੁੰਦਰ ਇਮਾਰਤ, ਅਤਿ ਆਧੁਨਿਕ ਸਾਜੋ ਸਮਾਨ, ਹਰਿਆ ਭਰਿਆ ਵਾਤਾਰਵਣ, ਅਵੱਲ ਦਰਜੇ ਦੀ ਸਾਫ਼ ਸਫ਼ਾਈ, ਛੋਟੇ ਬਾਲਾਂ ਲਈ ਸਮਾਰਟ ਕਲਾਸਾਂ, ਅੰਗਰੇਜੀ ਅਤੇ ਪੰਜਾਬੀ ਮਾਧਿਅਮ ਵਿੱਚ ਸਿੱਖਿਆ, ਲਾਇਬ੍ਰੇਰੀ , ਕੰਪਿਊਟਰ ਲੈਬ ਅਤੇ ਪ੍ਰਾਜੈਕਟਰ ਨਾਲ ਲੈਸ ਸਮਾਰਟ ਕਲਾਸ ਰੂਮ ਵਿਦਿਆਰਥੀਆਂ ਨੂੰ ਨਵੇਂ ਰਾਹਾਂ ਵੱਲ ਉਡਾਰੀ ਭਰਨ ਲਈ ਪ੍ਰੇਰਿਤ ਕਰ ਰਿਹਾ ਹੈ।
ਸਕੂਲ ਦੀਆਂ ਕੰਧਾਂ ਵੀ ਵਿਦਿਆਰਥੀਆਂ ਨੂੰ ਰਾਜਨੀਤੀ, ਸਮਾਜਿਕ ਅਤੇ ਹੋਰਨਾਂ ਖੇਤਰਾਂ ਦੀ ਜਾਣਕਾਰੀ ਮੁਹੱਈਆ ਕਰਵਾਉਂਦੀਆਂ ਹਨ। ਜਿੱਥੇ ਭਾਰਤ ਦੇ ਹੁਣ ਤੱਕ ਦੇ ਰਾਸ਼ਟਰਪਤੀ , ਪੰਜਾਬ ਦੇ ਮੁੱਖ ਮੰਤਰੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਬੱਚਿਆਂ ਦੇ ਬੈਠਣ ਲਈ ਬੈਂਚ ਅਤੇ ਕੁਰਸੀਆਂ ਵਿਦਿਆਰਥੀਆਂ ਲਈ ਮੁਹੱਈਆ ਕਰਵਾਈਆਂ ਗਈਆਂ ਹਨ। ਸਕੂਲ ਵਿੱਚ ਵਿਦਿਆਰਥੀਆਂ ਲਈ ਐਜੂਕੇਸ਼ਨ ਪਾਰਕ ਬਣਾਇਆ ਗਿਆ ਹੈ। ਜਿਸ ਵਿੱਚ ਵਿਦਿਆਰਥੀਆਂ ਲਈ ਗਣਿਤ ਸਬੰਧੀ ਫਾਰਮੂਲੇ ਸੌਖੇ ਤਰੀਕੇ ਨਾਲ ਸਮਝਾਏ ਗਏ ਹਨ। ਇਸ ਦੇ ਨਾਲ ਹੀ ਸਕੂਲ ਵਿੱਚ ਲਿਸਨਿੰਗ ਲੈਬ ਦਾ ਵੀ ਨਿਰਮਾਣ ਕੀਤਾ ਗਿਆ ਹੈ।ਸਕੂਲ ਦੇ ਮੁੱਖ ਅਧਿਆਪਕ ਸੁਰਿੰਦਰ ਕੰਬੋਜ ਨੇ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆਂ ਨੂੰ ਉਚ ਗੁਣਵਤਾ ਵਾਲੀ ਸਿੱਖਿਆ ਮੁਹੱਈਆ ਕਰਵਾਉਣ ਵਿੱਚ ਜਿੱਥੇ ਅਧਿਆਪਕ ਜੀਅ ਜਾਨ ਨਾਲ ਮਿਹਨਤ ਕਰਦੇ ਹਨ। ਉਥੇ ਹੀ ਪਿੰਡ ਵਾਸੀਆਂ ਦਾ ਸਕੂਲ ਦੀ ਇਮਾਰਤਸਾਜੀ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਵਿਸ਼ੇਸ਼ ਯੋਗਦਾਨ ਮਿਲਦਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਪਿੱਛਲੇ ਤਿੰਨ ਸਾਲਾਂ ਵਿੱਚ ਇਸ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਦੁਗਣੀ ਹੋ ਗਈ ਹੈ। ਇਸ ਵੇਲੇ ਸਕੂਲ ਵਿਚ 354 ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ। ਇਸ ਦੇ ਨਾਲ ਹੀ ਸਕੂਲ ਵਿੱਚ ਪ੍ਰੀ ਪ੍ਰਾਇਮਰੀ ਦੀਆਂ ਕਲਾਸਾਂ ਸ਼ੁਰੂ ਹੋ ਚੁੱਕੀਆਂ ਹਨ। ਸਕੂਲ ਦੇ ਵਿਦਿਆਰਥੀ ਜਿੱਥੇ ਪੜਾਈ ਵਿੱਚ ਹੁਸ਼ਿਆਰ ਹਨ, ਉਥੇ ਹੀ ਹੋਰ ਗਤੀਵਿਧੀਆਂ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਂਦੇ ਹਨ। ਸਕੂਲ ਵਿੱਚ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਸਕੂਲ ਵਿੱਚ ਪਾਰਕਾਂ ਦਾ ਨਿਰਮਾਣ ਕੀਤਾ ਗਿਆ ਹੈ। ਉਥੇ ਹੀ ਸਕੂਲ ਵਿੱਚ ਵਿਦਿਆਰਥੀਆਂ ਅੰਦਰ ਨੈਤਿਕ ਸਿੱਖਿਆ ਦੇ ਗੁਣ ਪੈਦਾ ਕਰਨ ਲਈ ਮਾਟੋ ਡਿਸਪਲੇਅ ਕੀਤੇ ਗਏ ਹਨ।
ਜੇਕਰ ਸਕੂਲ ਦੇ ਅਧਿਆਪਕਾਂ ਵਲੋਂ ਵਾਤਾਵਰਣ ਨੂੰ ਬਚਾਉਣ ਲਈ ਕੀਤੀ ਜਾਂਦੀ ਚਾਰਾਚੋਈ ਨੂੰ ਦੇਖੀਏ ਤਾਂ ਅਧਿਆਪਕਾਂ ਵਲੋਂ ਵਾਤਾਵਰਣ ਪ੍ਰਤੀ ਹਾਂ ਪੱਖੀ ਨਜ਼ਰੀਆ ਅਪਣਾਇਆ ਜਾ ਰਿਹਾ ਹੈ। ਸਕੂਲ ਦੇ ਵਾਤਾਵਰਣ ਨੂੰ ਹਰਾ ਭਰਾ ਰੱਖਣ ਲਈ ਸਕੂਲ ਵਿੱਚ ਦਰਖੱਤ ਵੀ ਲਗਾਏ ਗਏ ਹਨ। ਇਸ ਦੇ ਨਾਲ ਹੀ ਸਕੂਲ ਦੇ ਵਿਦਿਆਰਥੀਆਂ ਦੇ ਲਈ ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਜਿੱਥੇ ਪਾਣੀ ਵਾਲੀ ਜਗਾ ਤੇ ਸ਼ੈੱਡ ਦਾ ਨਿਰਮਾਣ ਕਰਵਾਇਆ ਗਿਆ ਹੈ। ਮਿਡ ਡੇਅ ਮੀਲ ਲਈ ਜਿੱਥੇ ਵਧੀਆ ਰਸੋਈ ਬਣਾਈ ਗਈ ਹੈ। ਉਥੇ ਹੀ ਵਿਦਿਆਰਥੀਆਂ ਦੇ ਖਾਣ ਵਾਲੇ ਸਥਾਨ ਤੇ ਚੰਗੇ ਮਗਨਰੇਗਾ ਤਹਿਤ ਸ਼ੈੱਡ ਦਾ ਨਿਰਮਾਣ ਕੀਤਾ ਗਿਆ ਹੈ। ਸਕੂਲ ਵਿੱਚ ਇਕ ਸੁੰਦਰ ਹੱਟ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਗਿਆ ਹੈ। ਜਿਸ ਵਿੱਚ ਇਕ ਹਜ਼ਾਰ ਦੇ ਕਰੀਬ ਕਿਤਾਬਾਂ ਰੱਖੀਆਂ ਗਈਆਂ ਹਨ। ਜਿੱਥੇ ਵਿਦਿਆਰਥੀ ਸ਼ਬਦਾਂ ਨਾਲ ਸਾਂਝ ਪਾਉਂਦੇ ਹਨ। ਵਿਦਿਆਰਥੀ ਕਹਿੰਦੇ ਹਨ ਕਿ ਉਨ੍ਹਾਂ ਦੀ ਅਧਿਆਪਕਾਂ ਨਾਲ ਸਾਂਝ ਦੋਸਤਾਂ ਵਰਗੀ ਹੈ।ਸਕੂਲ ਮੁੱਖੀ ਸ੍ਰੀ ਕੰਬੋਜ ਨੇ ਦੱਸਿਆ ਕਿ ਆਸੇ ਪਾਸੇ ਦੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਲਿਆਉਣ ਲਈ ਦੋ ਵੈਨ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਉਡਾਰੀਆਂ ਭਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।