52ਵੇਂ ਦਿਨ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਮੰਗੀ

ਪੀੜ੍ਹਤ ਮਾਤਾ 45ਵੇਂ ਦਿਨ ਵੀ ਰਹੀ ਭੁੱਖ ਹੜਤਾਲ 'ਤੇ 

ਮੋਟਰ-ਸਾਇਕਲ ਮਾਰਚ ਅੱਜ !

ਜਗਰਾਉਂ 13 ਮਈ (ਮਨਜਿੰਦਰ ਗਿੱਲ  ) ਨੇੜਲੇ ਪਿੰਡ ਰਸੂਲਪੁਰ ਦੀਆਂ ਰਹਿਣ ਵਾਲੀਆਂ ਮਾਵਾਂ-ਧੀਆਂ ਸੁਰਿੰਦਰ ਕੌਰ ਤੇ ਕੁਲਵੰਤ ਕੌਰ ਨੂੰ ਅੱਧੀ ਰਾਤ ਨੂੰ ਘਰੋਂ ਜ਼ਬਰੀ ਚੁੱਕ ਕੇ ਥਾਣੇ 'ਚ ਕੁੱਟਮਾਰ ਜਰਨ ਅਤੇ ਕਰੰਟ ਲਗਾਉਣ ਤੇ ਫਿਰ ਇਸ ਅੱਤਿਆਚਾਰ ਨੂੰ ਛੁਪਾਉਣ ਲਈ ਇਕਬਾਲ ਸਿੰਘ ਨੂੰ ਝੂਠੇ ਕਤਲ਼ ਕੇਸ ਵਿੱਚ ਫਸਾਉਣ ਅਤੇ ਅੱਤਿਆਚਾਰਾਂ ਕਾਰਨ ਰਿੜ-ਰਿੜ ਕੇ ਸਵਰਗਵਾਸ ਹੋਈ ਕੁਲਵੰਤ ਕੌਰ ਦੀ ਮੌਤ ਸਬੰਧੀ ਦਰਜ ਕੀਤੇ ਮੁਕੱਦਮਾ ਨੰਬਰ 274/2021 ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੇਂਡੂ ਮਜ਼ਦੂਰ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ), ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਕੇਕੇਯੂ ਯੂਥ ਵਿੰਗ ਸਮੇਤ ਪੀੜ੍ਹਤ ਪਰਿਵਾਰ ਦੇ ਮੈਂਬਰਾਂ ਨੇ ਅੱਜ 52ਵੇਂ ਦਿਨ ਵੀ ਸਥਾਨਕ ਸਿਟੀ ਥਾਣੇ ਮੂਹਰੇ ਧਰਨਾ ਦਿੱਤਾ। ਇਸ ਸਮੇਂ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾਂ ਨੇ ਪੰਜਾਬ ਸਰਕਾਰ ਨੂੰ ਪਾਣੀ ਪੀ-ਪੀ ਕੋਸਿਆ, ਉਥੇ ਪੰਜਾਬ ਪੁਲਿਸ ਦੇ ਜਿਲ੍ਹਾ ਤੇ ਉੱਚ ਅਧਿਕਾਰੀਆਂ ਦੀ ਮਾੜੀ ਨੀਅਤ ਦੀ ਵੀ ਰੱਜ਼ ਕੇ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਅਫਸਰਾਂ ਦਾ ਵਤੀਰਾ ਬੇਹੱਦ ਘਟੀਆ ਹੈ ਅਤੇ ਅਨਿਆਂ ਭਰਿਆ ਹੈ। ਪ੍ਰੈਸ ਨੂੰ ਜਾਰੀ ਇਕ ਬਿਆਨ ਵਿੱਚ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ 45 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੀ ਬਜ਼ੁਰਗ ਮਾਤਾ 'ਤੇ ਪੁਲਿਸ ਅਧਿਕਾਰੀਆਂ ਨੂੰ ਤਰਸ ਆ ਰਿਹਾ ਹੈ ਅਤੇ ਨਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਰਸ ਆ ਰਿਹਾ ਹੈ। ਉਨ੍ਹਾਂ ਕਿਹਾ "ਆਪ" ਦੀ ਹਕੂਮਤ ਵੀ ਗਰੀਬ ਲੋਕਾਂ 'ਤੇ ਜ਼ਬਰ ਢਾਉਣ ਵਿੱਚ ਹੀ ਲੱਗੀ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਹਕੂਮਤ ਤਾਂ ਗਰੀਬ ਖਾਸ ਕਰ ਅੈਸ.ਸੀ. ਵਿਰੋਧੀ ਸਾਬਤ ਹੋ ਰਹੀ ਏ ਜਿਸ ਦੇ ਰਾਜ ਵਿੱਚ ਸਵਿੰਧਾਨਕ ਬਾਡੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਕਮਾਂ ਦੀ ਦੀ ਵੀ ਪ੍ਰਵਾਹ ਨਹੀਂ ਕੀਤੀ ਜਾਂਦੀ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ 16 ਸਾਲ ਆਂਪੂ ਬਣੇ ਅੈਸ.ਆਈ./ਅੈਸ.ਅੈਸ.ਓ. ਗੁਰਿੰਦਰ ਬੱਲ ਤੇ ਏ.ਅੈਸ.ਆਈ ਰਾਜਵੀਰ ਨੇ ਭੈਣ ਕੁਲਵੰਤ ਕੌਰ ਤੇ ਮਾਤਾ ਸੁਰਿੰਦਰ ਕੌਰ ਨੂੰ ਅੱਧੀ ਰਾਤ ਨੂੰ ਕੰਧਾਂ ਟੱਪ ਕੇ ਘਰੋਂ ਚੁੱਕ ਕੇ ਥਾਣੇ ਲਿਆਂਦਾ ਸੀ ਅਤੇ ਰਾਤ ਨੂੰ ਸ਼ਰਾਬੀ ਹਾਲ਼ਤ ਵਿੱਚ ਨਾਂ ਸਿਰਫ਼ ਅੰਨਾ ਤਸ਼ੱਦਦ ਕੀਤਾ ਸਗੋਂ ਭੈਣ ਨੂੰ ਅਣ-ਮਨੁੱਖੀ ਤਸੀਹੇ ਦਿੰਦਿਆਂ ਕਰੰਟ ਲਗਾਇਆ ਸੀ। ਜਿਸ ਕਾਰਨ ਭੈਣ ਕੁਲਵੰਤ ਕੌਰ ਨਕਾਰਾ ਹੋ ਗਈ ਸੀ ਅੰਤ 10 ਦਸੰਬਰ 2021 ਨੂੰ ਜ਼ਖ਼ਮਾਂ ਦੀ ਤਾਬ ਨਾਂ ਝੱਲ਼ਦੀ ਹੋਈ ਰੱਬ ਨੂੰ ਪਿਆਰੀ ਹੋ ਗਈ ਸੀ। ਰਸੂਲਪੁਰ ਨੇ ਦੱਸਿਆ  ਕਿ ਮੌਤ ਤੋਂ ਦੂਜੇ ਦਿਨ ਜਿਲ੍ਹਾ ਪੁਲਿਸ ਮੁਖੀ ਰਾਜ ਬਚਨ ਸੰਧੂ ਨੇ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕਰਵਾਇਆ ਪਰ ਅਜੇ ਤੱਕ ਗ੍ਰਿਫਤਾਰੀ ਨਹੀਂ ਕੀਤੀ ਰੋਸ ਵਜੋਂ ਪੀੜ੍ਹਤ ਪਰਿਵਾਰ ਅਤੇ ਇਨਸਾਫ਼ ਪਸੰਦ ਲੋਕ ਧਰਨੇ ਤੇ ਬੈਠੇ ਹਨ। ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਜੱਗਾ ਸਿੰਘ ਢਿੱਲੋਂ, ਅਵਤਾਰ ਸਿੰਘ ਡੱਲਾ, ਕਿਰਤੀ ਕਿਸਾਨ ਯੂਨੀਅਨ ਆਗੂ ਰੂਪ ਸਿੰਘ, ਜੱਥੇਦਾਰ ਚੜਤ ਸਿੰਘ ਬਾਰਦੇਕੇ, ਜੱਥੇਦਾਰ ਪਾਲ ਸਿੰਘ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਜੱਥੇਦਾਰ ਹਰੀ ਸਿੰਘ ਚਚਰਾੜੀ, ਮਜ਼ਦੂਰ ਕਮਲਜੀਤ ਕੌਰ, ਕੁਲਦੀਪ ਕੌਰ ਵੀ ਹਾਜ਼ਰ ਸਨ। ਇੱਕ ਵੱਖਰੇ ਬਿਆਨ ਵਿੱਚ ਤਰਲੋਚਨ ਸਿੰਘ ਝੋਰੜਾਂ ਤੇ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕੱਲ 14 ਮਈ ਨੂੰ ਕਿਸਾਨਾਂ-ਮਜ਼ਦੂਰਾਂ ਦਾ ਇੱਕ ਵੱਡਾ ਕਾਫਲਾ ਮੋਟਰਸਾਇਕਲ ਮਾਰਚ ਕਰਦਾ ਹੋਇਆ ਆਮ ਲੋਕਾਂ ਨੂੰ ਧਰਨੇ ਸਬੰਧੀ ਲਾਮਬੰਦ ਕਰੇਗਾ।