ਬੁੱਕ ਬੈਂਕ ਸੁਸਾਇਟੀ ਨੇ ਐਡਵੋਕੇਟ ਸੰਨੀ ਵਰਮਾ ਦੀ ਯਾਦ ਵਿੱਚ 140 ਵਿਦਿਆਰਥੀਆਂ ਨੂੰ  ਸਟੇਸ਼ਨਰੀ ਅਤੇ ਥਰਮਸ ਬੋਤਲਾਂ ਵੰਡੀਆਂ 

ਜਗਰਾਉ 13 ਮਈ (ਅਮਿਤਖੰਨਾ)ਬੁੱਕ ਬੈਂਕ ਸੁਸਾਇਟੀ ਜਗਰਾਉਂ  ਵੱਲੋ  ਪ੍ਰਿੰਸ ਜਿਊਲਰਜ਼ ਪਰਵਾਰ ਦੇ ਸਹਿਯੋਗ ਨਾਲ ਐਡਵੋਕੇਟ ਸੰਨੀ ਵਰਮਾ ਦੀ ਯਾਦ ਵਿੱਚ ਸ੍ਰੀ ਦਸ਼ਮੇਸ਼ ਖ਼ਾਲਸਾ ਹਾਈ ਸਕੂਲ ਟਾਹਲੀਆਣਾਂ ਸਾਹਿਬ ਦੇ 140 ਵਿਦਿਆਰਥੀਆਂ ਨੂੰ ਕਾਪੀਆਂ, ਰਜਿਸਟਰ,ਜੀਓਮੈਟਰੀ ਬੌਕਸ ਅਤੇ ਥਰਮਸ ਬੋਤਲਾਂ ਵੰਡੀਆਂ ਗਈਆਂ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਕੁਲਜੀਤ ਕੌਰ ਨੇ ਜਿੱਥੇ ਬੁੱਕ ਬੈਂਕ ਅਤੇ ਵਰਮਾ ਪਰਵਾਰ ਦਾ ਵਿੱਦਿਆ ਦੇ ਖੇਤਰ ਵਿੱਚ ਕੀਤੀ ਸੇਵਾ ਲਈ ਧੰਨਵਾਦ ਕੀਤਾ ਉੱਥੇ ਉਹਨਾ ਬੜੇ ਹੀ ਭਾਵੁਕ ਮਨ ਨਾਲ ਐਡਵੋਕੇਟ ਸੰਨੀ ਵਰਮਾ ਦੀਆਂ ਛੋਟੀ ਜਿਹੀ ਉਮਰ ਵਿੱਚ ਵੱਡੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਐਡਵੋਕੇਟ ਸੰਨੀ ਵਰਮਾ ਵੱਲੋਂ 1984 ਦੇ ਕੇਸਾਂ ਅਤੇ ਬੱਚਿਆਂ ਦੇ ਅਧਿਕਾਰਾਂ ਲਈ ਪ੍ਰਸਿੱਧ ਵਕੀਲ ਸ੍ਰ. ਐਚ ਐਸ ਫੂਲਕਾ ਦੇ ਮੋਢੇ ਨਾਲ ਮੋਢਾ ਲਾਕੇ ਲੜੀ ਲੰਬੀ ਕਨੂੰਨੀ ਲੜਾਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਵਾਨ ਪੁੱਤਰ ਦਾ ਵਿਛੋੜਾ ਮਾਪਿਆਂ ਲਈ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਪਰ ਵਰਮਾ ਪਰਵਾਰ ਨੇ ਆਪਣੇ ਇਸ ਵੱਡੇ ਦੁੱਖ ਵੇਲੇ ਵੀ ਨਿਰਾਸ਼ ਹੋਕੇ ਬੈਠਣ ਦੀ ਥਾਂ ਸਮਾਜ ਸੇਵਾ ਦਾ ਰਾਹ ਚੁਣਿਆਂ ਹੈ ਜੋ ਕਿ ਬਹੁਤ ਸ਼ਲਾਘਾ ਯੋਗ ਹੈ। ਇਸ ਮੌਕੇ ਬੁੱਕ ਬੈਂਕ ਦੇ ਪ੍ਰਧਾਨ ਹਿੰਮਤ ਵਰਮਾ ਜਨਰਲ ਸਕੱਤਰ ਸੁਦਰਸ਼ਨ ਸ਼ਰਮਾਂ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਸਾਬਕਾ ਖ਼ਜ਼ਾਨਾ ਅਫਸਰ ਮੈਡਮ ਰਮਾਂ ਸ਼ਰਮਾ ਅਤੇ ਸਕੂਲ ਦੇ ਸਟਾਫ਼ ਮੈਂਬਰ ਹਾਜ਼ਰ ਸਨ।