ਸਵੱਦੀ ਕਲਾਂ ਖੇਤਾਂ ਵਿਚ ਲੱਗੀ ਅੱਗ ਅਸੀਂ ਨਹੀਂ ਲਗਾਈ,ਸਾਡਾ ਆਪਣਾ ਨਾੜ ਤੇ ਪਾਪੂਲਰ ਵੀ ਅੱਗ ਦੀ ਭੇਂਟ ਚੜ੍ਹੇ—ਗੁਰਦਿਆਲ ਸਿੰਘ ਤੂਰ

ਪੁਲਿਸ ਅਸਲੀ ਦੋਸ਼ੀ ਫੜੇ,ਤੇ ਸਾਨੂੰ ਵੀ ਮਿਲੇ ਮੁਆਵਜਾ
ਮੁੱਲਾਂਪੁਰ ਦਾਖਾ,6 ਮਈ(ਸਤਵਿੰਦਰ ਸਿੰਘ ਗਿੱਲ) ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਸਵੱਦੀ ਕਲਾਂ ਦੇ ਕਿਸਾਨਾਂ ਦੇ ਖੇਤਾਂ ਵਿਚ ਲੱਗੀ ਅੱਗ ਦਾ ਮਾਮਲਾ ਹੁਣ ਟੇਢੀ ਖੀਰ ਬਣਦਾ ਜਾ ਰਿਹਾ ਹੈ ਕਿਉਕਿ ਚੋਂਕੀ ਭੂੰਦੜੀ ਵਿਚ ਪੀੜਤ ਗੁਰਵਿੰਦਰ ਸਿੰਘ ਅਤੇ ਜਗਦੀਪ ਸਿੰਘ ਵਾਸੀ ਸਵੱਦੀ ਕਲਾਂ ਨੇ ਜੌ ਦਰਖਾਸਤ ਗੁਰਦਿਆਲ ਸਿੰਘ ਪੁੱਤਰ ਲਾਲ ਸਿੰਘ ਖਿਲਾਫ ਦਿਤੀ ਸੀ ਉਸ ਤੇ ਹੁਣ ਮਾਮਲਾ ਉਲਟਾ ਪੈਂਦਾ ਨਜਰ ਆ ਰਿਹਾ ਹੈ ਕਿਉਕਿ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਗੁਰਦਿਆਲ ਸਿੰਘ ਨੇ ਦੱਸਿਆ ਕਿ ਜਿਸ ਦਿਨ ਕਣਕ ਦੇ ਖੇਤਾਂ ਨੂੰ ਅੱਗ ਲੱਗੀ ਹੈ ਉਸ ਦਿਨ ਉਹ ਪਿੰਡ ਮੌਜੂਦ ਹੀ ਨਹੀਂ ਸਨ ਅਤੇ ਉਹਨਾਂ ਨੂੰ ਤਾਂ ਆਪ ਫੋਨ ਤੇ ਜਾਣਕਾਰੀ ਮਿਲੀ ਹੈ ਕਿ ਉਹਨਾਂ ਦੇ ਖੇਤ ਵਿੱਚ ਅੱਗ ਲੱਗ ਗਈ ਹੈ। ਜਿਸ ਨਾਲ ਉਹਨਾਂ ਦਾ ਕਰੀਬ 9 ਏਕੜ ਨਾੜ ਸੜ ਗਿਆ ਹੈ ਅਤੇ ਵੱਡੀ ਗਿਣਤੀ ਪਾਪੂਲਰ ਦੇ ਬੂਟੇ ਵੀ ਸੜ ਕੇ ਸੁਆਹ ਹੋ ਗਏ ਹਨ। ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਹੈਰਾਨੀ ਉਸ ਵੇਲੇ ਹੋਈ ਜਦੋਂ ਉਹਨਾਂ ਨੂੰ ਪੁਲਿਸ ਚੋਂਕੀ ਭੂੰਦੜੀ ਬੁਲਾਇਆ ਗਿਆ ਜਿੱਥੇ ਉਹਨਾਂ ਨੂੰ ਇਸ ਅੱਗ ਦਾ ਦੋਸ਼ੀ ਕਿਹਾ ਗਿਆ ਜੌ ਸਰਾਸਰ ਗਲਤ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸ਼ਨ ਤੋ ਮੰਗ ਕੀਤੀ ਕਿ ਉਹਨਾਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਪੁਲਿਸ ਮੁਕੰਮਲ ਜਾਂਚ ਕਰ ਕੇ ਦੋਸ਼ੀ ਨੂੰ ਲੱਭ ਕੇ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰੇ। ਜਾਣਕਾਰੀ ਅਨੁਸਾਰ ਜਿੱਥੇ ਗੁਰਵਿੰਦਰ ਸਿੰਘ ਅਤੇ ਜਗਦੀਪ ਸਿੰਘ ਦੇ ਖੇਤਾਂ ਚ ਨਾੜ ਨੂੰ ਅੱਗ ਲੱਗੀ ਹੈ ਉਥੇ ਉਹਨਾਂ ਦੇ ਖ਼ੁਦ ਦੇ 9 ਏਕੜ ਦੇ ਕਰੀਬ ਨਾੜ ਸੜ ਗਏ ਹਨ ਅਤੇ ਵੱਡੀ ਗਿਣਤੀ ਪਾਪੂਲਰ ਦੇ ਬੂਟੇ ਵੀ ਸੜ ਕੇ ਸੁਆਹ ਹੋ ਗਏ ਸਨ। ਪਿੰਡ ਵਾਸੀ ਵੀ ਇਹੋ ਆਖਦੇ ਦੇਖੇ ਗਏ ਕਿ ਇਹ ਅੱਗ ਕਿਸ ਨੇ ਲਗਾਈ ਹੈ ਉਸ ਬਾਰੇ ਕਿਸੇ ਨੂੰ ਪੱਕਾ ਨਹੀਂ ਪਤਾ ਪ੍ਰੰਤੂ ਫੇਰ ਆਪਾਂ ਕਿਸੇ ਨੂੰ ਆਪਣੀ ਮਰਜੀ ਨਾਲ ਦੋਸ਼ੀ ਕਿਸ ਤਰਾਂ ਆਖ ਸਕਦੇ ਹਾਂ। ਜਦੋਂ ਇਸ ਬਾਰੇ ਚੋਂਕੀ ਭੂੰਦੜੀ ਦੇ ਇੰਚਾਰਜ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਦਾ ਫੋਨ ਬੇਸ਼ਕ ਬੰਦ ਆਉਂਦਾ ਸੀ ਪਰ ਗੁਰਦਿਆਲ ਸਿੰਘ ਇਕ ਸੀਨੀਅਰ ਸਿਟੀਜਨ ਹਨ ਇਸ ਕਰਕੇ ਉਹਨਾਂ ਨੇ ਮਾਨਯੋਗ ਐੱਸ ਐੱਸ ਪੀ ਜਗਰਾਓਂ  ਤੋ ਮੰਗ ਕੀਤੀ ਕਿ ਇਸ ਮਾਮਲੇ ਨੂੰ ਬਾਰੀਕੀ ਨਾਲ ਜਾਂਚ ਕੇ ਹੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਨਾ ਕਿ ਸਾਰੇ ਖਿਲਾਫ ਝੂਠੀ ਦਰਖਾਸਤ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ,ਕਿਉਕਿ ਕਣਕ ਦੇ ਨਾੜ ਦੇ ਨਾਲ ਨਾਲ ਜੰਗਲਾਤ ਵਿਭਾਗ ਦੇ ਵੱਡੀ ਗਿਣਤੀ ਦਰਖਤ ਵੀ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀੜਤ ਕਿਸਾਨ ਗੁਰਦਿਆਲ ਸਿੰਘ ਨੇ ਉਸ ਦੇ ਸੜ ਚੁੱਕੇ 9 ਏਕੜ ਨਾੜ,ਫਲਦਾਰ ਬੂਟੇ ਅਤੇ ਵੱਡੀ ਗਿਣਤੀ ਪਾਪੂਲਰਾਂ ਦੇ ਮੁਆਵਜੇ ਦੀ ਵੀ ਮੰਗ ਕੀਤੀ।