ਹੁਸ਼ਿਆਰਪੁਰ ਜ਼ਿਲ੍ਹੇ ਨੂੰ ਸੈਰ-ਸਪਾਟਾ ਕੇਂਦਰ ਵਜੋਂ ਹੁਲਾਰਾ ਦੇਣ ਲਈ ਜ਼ਿਲ੍ਹਾ ਪ੍ਰਸਾਸ਼ਨ ਪੱਬਾਂ ਭਾਰ

-ਟੂਰਿਜ਼ਮ ਨੂੰ ਪ੍ਰਫੁੱਲਤ ਕਰਨ ਲਈ ਡਿਪਟੀ ਕਮਿਸ਼ਨਰ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਹੁਸ਼ਿਆਰਪੁਰ, 5 ਮਈ (ਰਣਜੀਤ ਸਿੱਧਵਾਂ) : ਹੁਸ਼ਿਆਰਪੁਰ ਜ਼ਿਲ੍ਹੇ ਨੂੰ ਸੈਰ-ਸਪਾਟਾ ਕੇਂਦਰ ਵਜੋਂ ਹੁਲਾਰਾ ਦੇਣ ਲਈ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਗੰਭੀਰਤਾ ਦਿਖਾਈ ਜਾ ਰਹੀ ਹੈ ਅਤੇ ਇਸੇ ਗੰਭੀਰਤਾ ਸਦਕਾ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਵਲੋਂ ਡੀ.ਐਫ.ਓ. ਹੁਸ਼ਿਆਰਪੁਰ, ਦਸੂਹਾ, ਗੜ੍ਹਸ਼ੰਕਰ ਸਮੇਤ ਜੰਗਲਾਤ ਵਿਭਾਗ ਦੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਟੂਰਿਜ਼ਮ ਦੇ ਤੌਰ ’ਤੇ ਹੋਰ ਹੁਲਾਰਾ ਦੇਣ ਲਈ ਕਾਫੀ ਸੰਭਾਵਨਾਵਾਂ ਹਨ, ਇਸ ਲਈ ਜੰਗਲਾਤ ਵਿਭਾਗ ਇਹਨਾਂ ਸੰਭਾਵਨਾਵਾਂ ਨੂੰ ਤਲਾਸ਼ ਕੇ ਰੂਪ ਰੇਖਾ ਤਿਆਰ ਕਰਨ, ਤਾਂ ਜੋ ਜ਼ਿਲ੍ਹੇ ਨੂੰ ਸੈਰ-ਸਪਾਟਾ ਕੇਂਦਰ ਵਜੋਂ ਪ੍ਰਫੁਲਿਤ ਕੀਤਾ ਜਾ ਸਕੇ। ਉਨ੍ਹਾਂ ਸਿੰਧੂ ਘਾਟੀ ਦੀ ਸਭਿਅੱਤਾ ਨਾਲ ਜੁੜੇ ਢੋਲਵਾਹਾ ਖੇਤਰ ਵਿੱਚ ਬਣੇ ਮਿਊਜ਼ੀਅਮ ਨੂੰ ਮੁੜ ਸੁਰਜੀਤ ਕਰਨ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਏਰੀਏ ਵਿੱਚ ਖੁਦਾਈ ਦੌਰਾਨ ਸਿੰਧੂ ਘਾਟੀ ਦੀ ਸਭਿਅੱਤਾ ਸਬੰਧੀ ਕਲਾਕ੍ਰਿਤੀਆਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਕਿਹਾ ਕਿ ਇਸ ਅਜਾਇਬ ਘਰ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ, ਤਾਂ ਜੋ ਪੁਰਾਤਨ ਸਭਿਅੱਤਾ ’ਤੇ ਝਾਤ ਪਾਉਂਦੇ ਇਤਿਹਾਸ ਨੂੰ ਸਾਂਭਿਆ ਜਾ ਸਕੇ ਅਤੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਇਆ ਜਾ ਸਕੇ। ਸ਼੍ਰੀ ਸੰਦੀਪ ਹੰਸ ਨੇ ਕਿਹਾ ਕਿ ਪਿੰਡ ਤੱਖਣੀ ਵਿਖੇ ਬਣੇ ਵਾਈਲਡ ਲਾਈਫ ਸੈਂਚਰੀ ਨੂੰ ਹੋਰ ਆਕ੍ਰਸ਼ਿਤ ਕੀਤਾ ਜਾਵੇ, ਤਾਂ ਜੋ ਵੱਧ ਤੋਂ ਵੱਧ ਸੈਲਾਨੀ ਇਸ ਸੈਂਚਰੀ ਦਾ ਦੌਰਾ ਕਰ ਸਕਣ। ਮੀਟਿੰਗ ਵਿੱਚ ਜੰਗਲਾਤ ਵਿਭਾਗ ਦੇ ਸਾਰੇ ਗੈਸਟ ਹਾਊਸ, ਵਾਇਲਡ ਲਾਈਫ ਸੈਂਚਰੀ, ਡੈਮ, ਟਰੈਕ ਅਤੇ ਟੂਰਿਜ਼ਮ ਲਈ ਬਣੇ ਵਿਸ਼ੇਸ਼ ਸਥਾਨਾਂ ’ਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਸਬੰਧੀ ਵੀ ਵਿਸ਼ੇਸ਼ ਵਿਚਾਰ ਚਰਚਾ ਹੋਈ। ਇਸ ਤੋਂ ਇਲਾਵਾ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਲਈ ਸਾਈਕਲਿੰਗ ਟਰੈਕ ਬਣਾਉਣ ਸਬੰਧੀ ਵੀ ਗੰਭੀਰਤਾ ਨਾਲ ਗੱਲਬਾਤ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਸੈਲਾਨੀਆਂ ਨੂੰ ਜੰਗਲ ਵਿੱਚ ਰਾਤ ਰੁਕਣ ਲਈ ਕੌਟੇਜ਼, ਟੈਂਟ ਹਾਊਸ, ਹਟਸ ਆਦਿ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਉਪਰਾਲਿਆਂ ਦੀ ਲੋੜ ਹੈ ਅਤੇ ਇਸ ਲਈ ਰੂਪ ਰੇਖਾ ਤਿਆਰ ਕਰ ਲਈ ਜਾਵੇ। ਉਨ੍ਹਾਂ ਕਿਹਾ ਕਿ ਵਾਇਲਡ ਲਾਈਫ ਸੈਂਚਰੀ, ਡੈਮ, ਟਰੈਕ ਅਤੇ ਟੂਰਿਜ਼ਮ ਲਈ ਬਣੇ ਵਿਸ਼ੇਸ਼ ਸਥਾਨਾਂ ਅਤੇ ਸੁਵਿਧਾਵਾਂ ਸਬੰਧੀ ਜਾਗਰੂਕਤਾ ਸਮੱਗਰੀ ਵੀ ਤਿਆਰ ਕੀਤੀ ਜਾਵੇ, ਤਾਂ ਜੋ ਵੱਧ ਤੋਂ ਵੱਧ ਲੋਕ ਸੈਰ-ਸਪਾਟਾ ਵਜੋਂ ਹੁਸ਼ਿਆਰਪੁਰ ਨੂੰ ਤਰਜ਼ੀਹ ਦੇ ਸਕਣ। ਉਨ੍ਹਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜੰਗਲਾਤ ਇਲਾਕਿਆਂ ਵਿੱਚ ਘੁੰਮਣ ਲਈ ਆ ਰਹੇ ਸੈਲਾਨੀਆਂ ਨੂੰ ਸਾਫ-ਸਫਾਈ ਲਈ ਵੀ ਜਾਗਰੂਕ ਕਰਨ ਲਈ ਵਿਸ਼ੇਸ਼ ਕਦਮ ਉਠਾਏ ਜਾਣ। ਇਸ ਮੌਕੇ ਡੀ.ਐਫ.ਓ ਹੁਸ਼ਿਆਰਪੁਰ ਸ਼੍ਰੀ ਅਮਨੀਤ ਸਿੰਘ, ਡੀ.ਐਫ.ਓ ਦਸੂਹਾ ਸ਼੍ਰੀ ਅਟਲ ਮਹਾਜਨ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।