You are here

5 ਮਈ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਵਿਸ਼ੇਸ਼ ✍️ ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਜਨੇਊ ਲਾਹੁਣ ਤੋਂ ਜਨੇਊ ਬਚਾਉਣ ਤੱਕ,ਮੀਰੀ-ਪੀਰੀ ਦੇ ਸਿਧਾਂਤ ਤੋਂ ਖਾਲਸਾ ਸਜਾਉਣ ਤੱਕ ਹਮੇਸ਼ਾਂ ਹੀ ਜਿਸ ਧਰਮ ਵਿੱਚ ਇਨਸਾਨੀਅਤ ਨੂੰ ਸਭ ਤੋਂ ਉੱਪਰ ਰੱਖਿਆ ਗਿਆ। ਉਸੇ ਧਰਮ ਦੇ ਪ੍ਰਚਾਰਕ ਗੁਰੂ ਸਾਹਿਬਾਨ ਦਾ ਜਿਕਰ ਕਰਦਿਆਂ ਸਭ ਤੋਂ ਵਡੇਰੀ ਉਮਰ ਦੇ ਸ਼ਾਂਤ ਸੁਭਾਅ ਦੇ ਮਾਲਕ ਗੁਰੂ ਅਮਰਦਾਸ ਜੀ ਦੇ ਅੱਜ ਪ੍ਰਕਾਸ਼ ਪੁਰਬ ਤੇ ਨਤਮਸਤਕ ਹੁੰਦਿਆਂ, ਆਓ ਅੱਜ ਗੁਰੂ ਸਾਹਿਬ ਜੀ ਦੇ ਜੀਵਨ, ਬਾਣੀ ਤੇ ਉਹਨਾਂ ਦੇ ਸਿੱਖੀ ਦੇ ਵਿਕਾਸ ਵਿੱਚ ਪਾਏ ਯੋਗਦਾਨ ਨਾਲ਼ ਸਾਂਝ ਬਣਾਈਏ।

ਜਨਮ ਤੇ ਪਰਿਵਾਰ:- ਗੁਰੂ ਜੀ ਦਾ ਜਨਮ 14 ਵੈਸਾਖ 1536 ਸੰਮਤ (5 ਮਈ 1479 ਈ:) ਨੂੰ ਪਿੰਡ ਬਾਸਰਕੇ ਜਿਲ੍ਹਾ ਅੰਮ੍ਰਿਤਸਰ ਵਿਖੇ ਮਾਤਾ ਸੁਲੱਖਣੀ ਜੀ ਅਤੇ ਪਿਤਾ ਤੇਜ ਭਾਨ ਜੀ ਦੇ ਘਰ ਹੋਇਆ। ਸ੍ਰੀ ਗੁਰੂ ਅਮਰਦਾਸ ਜੀ ਉਮਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ 10 ਸਾਲ ਨਿੱਕੇ ਸਨ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਕਰੀਬ 25 ਸਾਲ ਵੱਡੇ ਸਨ।

ਗੁਰੂ ਜੀ ਚਾਰ ਭਰਾਵਾਂ ਵਿਚੋਂ ਸਭ ਤੋਂ ਵੱਡੇ ਸਨ। ਆਪ ਜੀ ਤੋਂ ਛੋਟੇ ਭਾਈ ਈਸ਼ਰ ਦਾਸ ਜੀ ਸਨ,ਜਿਨ੍ਹਾਂ ਦੇ ਸਪੁੱਤਰ ਭਾਈ ਗੁਰਦਾਸ ਜੀ ਸਨ। ਆਪ ਜੀ ਦੇ ਦੂਜੇ ਭਰਾ ਭਾਈ ਖੇਮ ਰਾਜ ਜੀ ਸਨ,ਜਿਨ੍ਹਾਂ ਦੇ ਸਪੁੱਤਰ ਬਾਬਾ ਸਾਵਨ ਮੱਲ ਜੀ ਸਨ। ਆਪ ਜੀ ਦੇ ਤੀਜੇ ਭਰਾ ਭਾਈ ਮਾਣਕ ਚੰਦ ਜੀ ਸਨ,ਜਿਨ੍ਹਾਂ ਦੇ ਸਪੁੱਤਰ ਜਸੂ ਜੀ ਨਾਲ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਵਿਆਹੀ ਹੋਈ ਸੀ। 

ਵਿਆਹ ਤੇ ਔਲਾਦ:- ਗੁਰੂ ਜੀ ਦਾ ਵਿਆਹ 1503 ਈ: ਵਿੱਚ, ਦੇਵੀ ਚੰਦ ਬਹਿਲ ਦੀ ਸਪੁੱਤਰੀ ਮਨਸਾ ਦੇਵੀ ਨਾਲ ਹੋਇਆ। ਆਪ ਜੀ ਦੇ ਦੋ ਸਪੁੱਤਰ ਬਾਬਾ ਮੋਹਰੀ ਅਤੇ ਬਾਬਾ ਮੋਹਨ ਸਨ। ਆਪ ਜੀ ਦੀਆਂ ਦੋ ਧੀਆਂ ਬੀਬੀ ਦਾਨੀ ਅਤੇ ਬੀਬੀ ਭਾਨੀ ਸਨ।

ਨਿਗੁਰੇ ਤੋਂ ਗੁਰੂ ਮੇਲ ਦਾ ਸਬੱਬ:- 

ਪਹਿਲੀ ਵਾਰ 1521 ਵਿੱਚ 42 ਸਾਲ ਦੀ ਉਮਰੇ ਹਰਿਦੁਆਰ ਇਨਸਾਨ ਕਰਨ ਗਏ ਤੇ ਲਗਾਤਾਰ 20 ਵਰ੍ਹੇ 1541ਈ. ਤੱਕ ਇਹ ਯਾਤਰਾ ਇੰਝ ਹੀ ਕਰਦੇ ਰਹੇ। ਇੱਕੀਵੇਂ ਵਰ੍ਹੇ ਮੁੜਦੀ ਵਾਰੀ ਜਦੋਂ ਗੁਰੂ ਜੀ ਵਾਪਸ ਪੰਜਾਬ ਆ ਰਹੇ ਸਨ ਤਾਂ ਉਨ੍ਹਾਂ ਨਾਲ ਇਕ ਵੈਸ਼ਨਵ ਸਾਧੂ ਸਾਥੀ ਮਿਲ ਗਿਆ, ਜੋ ਬਾਸਰਕੇ ਤੱਕ ਉਨ੍ਹਾਂ ਨਾਲ ਹੀ ਆਇਆ। ਪਰ ਜਦੋਂ ਇਥੇ ਆ ਕੇ ਉਸ ਨੂੰ ਇਹ ਪਤਾ ਲੱਗਾ ਕਿ ਗੁਰੂ ਅਮਰਦਾਸ ਜੀ ਨੇ ਅਜੇ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ ਤਾਂ ਉਸ ਨੂੰ ਇਕ ਨਿਗੁਰੇ ਪੁਰਸ਼ ਨਾਲ ਸੰਗ ਕਰਨ ’ਤੇ ਮਾਨਸਿਕ ਤੌਰ ਤੋਂ ਬਹੁਤ ਪਰੇਸ਼ਾਨੀ ਹੋਈ। ਇਸ ਘਟਨਾ ਦਾ ਗੁਰੂ ਅਮਰਦਾਸ ਜੀ ਉੱਪਰ ਡੂੰਘਾ ਅਸਰ ਪਿਆ। 

ਇਕ ਦਿਨ ਗੁਰੂ ਅਮਰਦਾਸ ਜੀ ਦੀ ਨੂੰਹ ਅਤੇ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪਾਠ ਕਰ ਰਹੀਆਂ ਸਨ। ਉਨ੍ਹਾਂ ਦੇ ਮੁੱਖੋ ਇਹ ਸ਼ਬਦ ਸੁਣਿਆ:-

ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ॥ 

ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ ॥੧॥ 

ਇਹ ਸ਼ਬਦ ਸੁਣ ਗੁਰੂ ਅਮਰਦਾਸ ਜੀ ਆਪਣੀ ਨੂੰਹ ਨੂੰ ਨਾਲ਼ ਲੈ ਕੇ ਗੁਰੂ ਅੰਗਦ ਦੇਵ ਜੀ ਕੋਲ ਪਹੁੰਚੇ। ਉਸ ਵੇਲੇ ਗੁਰੂ ਜੀ ਦੀ ਉਮਰ 62 ਸਾਲ ਦੇ ਕਰੀਬ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਮਰਦਾਸ ਜੀ ਦੀ ਆਪਸ ਵਿਚ ਕੁੜਮਾਚਾਰੀ ਦੀ ਰਿਸ਼ਤੇਦਾਰੀ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਦਾ ਸਤਿਕਾਰ ਕਰਨਾ ਚਾਹਿਆ ਪਰ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ’ਤੇ ਸੀਸ ਰੱਖ ਦਿੱਤਾ ਅਤੇ ਬੇਨਤੀ ਕੀਤੀ ਕਿ ਮੈਂ ਗੁਰੂ ਜੀ ਦਾ ਸਿੱਖ ਬਣਨ ਅਤੇ ਆਤਮਿਕ ਗਿਆਨ ਅਤੇ ਸ਼ਾਂਤੀ ਦੀ ਦਾਤ ਲੈਣ ਆਇਆ ਹਾਂ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪ ਦੀ ਬੇਨਤੀ ਕਬੂਲ ਕੀਤੀ।

ਸ੍ਰੀ ਗੁਰੂ ਅਮਰਦਾਸ ਜੀ ਦੀ ਗੁਰਿਆਈ ਦਾ ਸਮਾਂ ਸਿੱਖ ਲਹਿਰ ਦੇ ਵਿਕਾਸ ਵਿਚ ਇਕ ਮਹੱਤਵਪੂਰਨ ਸੀ।

ਸ੍ਰੀ ਗੁਰੂ ਅਮਰਦਾਸ ਜੀ ਦੀ ਸਿੱਖ ਧਰਮ ਨੂੰ ਦੇਣ ਦੇ ਸਬੰਧ ਵਿੱਚ 

,“ਸ੍ਰੀ ਗੁਰੂ ਅਮਰਦਾਸ ਜੀ ਦੇ ਅਧੀਨ ਸਿੱਖ ਧਰਮ ਨੇ ਆਪਣੀ ਇਕ ਵੱਖਰੀ ਹੋਂਦ ਵਿਕਸਿਤ ਕੀਤੀ। ਸਿੱਖ ਧਰਮ ਨੂੰ ਇਕ ਅਲੱਗ ਸੰਸਥਾ ਦਾ ਸਰੂਪ ਪ੍ਰਾਪਤ ਹੋ ਗਿਆ ਅਤੇ ਉਸ ਵਿਚ ਪੁਰਾਣੇ ਰੀਤੀ ਰਿਵਾਜ ਅਤੇ ਰਸਮਾਂ ਦੀ ਥਾਂ ਨਵੇਂ ਰੀਤੀ ਰਿਵਾਜ ਸ਼ੁਰੂ ਕੀਤੇ ਗਏ।"(ਡਾ.ਇੰਦੂ ਭੂਸ਼ਣ ਬੈਨਰਜੀ)

ਸਤੀ ਪ੍ਰਥਾ:- ਗੁਰੂ ਜੀ ਨੇ ਉਸ ਸਮੇਂ ਦੇ ਸਮਾਜ ਵਿਚ ਆਈਆਂ ਕੁਰੀਤੀਆਂ ਦਾ ਖੰਡਨ ਵੀ ਕੀਤਾ। ਸ੍ਰੀ ਗੁਰੂ ਅਮਰਦਾਸ ਜੀ ਨੇ ‘ਸਤੀ’ ਰਸਮ ਵਿਰੁੱਧ ਆਪਣੀ ਅਵਾਜ਼ ਬੁਲੰਦ ਕਰਦਿਆਂ ਕਿਹਾ:-

ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿੑ॥

ਨਾਨਕ ਸਤੀਆ ਜਾਣੀਅਨ੍‍ ਜਿ ਬਿਰਹੇ ਚੋਟ ਮਰੰਨਿੑ॥ (ਅੰਗ ੭੮੭) 

ਪਰਦਾ ਪ੍ਰਥਾ:- ਗੁਰੂ ਜੀ ਨੇ ਸਮਾਜ ਵਿੱਚ ਪ੍ਰਚਲਿਤ ਪਰਦਾ ਪ੍ਰਥਾ ਨੂੰ ਸਮਾਪਤ ਕੀਤਾ। ਗੁਰੂ ਜੀ ਨੇ ਸੰਗਤ ਵਿਚ ਆਉਣ ਵਾਲੀਆਂ ਔਰਤਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਪਰਦਾ ਨਾ ਕਰਨ ਕਿਉਂਕਿ ਇਹ ਪ੍ਰਥਾ ਇਸਤਰੀ ਜਾਤੀ ਦੇ ਮਾਨਸਿਕ, ਬੌਧਿਕ ਵਿਕਾਸ ਵਿਚ ਰੁਕਾਵਟ ਪਾਉਂਦੀ ਹੈ। 

ਪੁਨਰ-ਵਿਆਹ ਤੇ ਬਾਲ ਵਿਆਹ: ਗੁਰੂ ਜੀ ਨੇ ਵਿਧਵਾ-ਵਿਆਹ ਅਤੇ ਪੁਨਰ¬ਵਿਆਹ ਦੀ ਆਗਿਆ ਦੇ ਕੇ ਪ੍ਰਚਲਿਤ ਬੰਧਨਾਂ ਨੂੰ ਤੋੜਿਆ ਅਤੇ ਛੋਟੀ ਉਮਰ ਵਿਚ ਵਿਆਹ ਕਰਨ ਦੇ ਰਿਵਾਜ ਨੂੰ ਖਤਮ ਕੀਤਾ।

ਮੰਜੀ ਪ੍ਰਥਾ:- “ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸਿੱਖੀ ਦਾ ਘੇਰਾ ਦਿਨ¬ਬ-ਦਿਨ ਵਿਸ਼ਾਲ ਹੁੰਦਾ ਜਾ ਰਿਹਾ ਸੀ। ਇਸ ਆਸ਼ੇ ਨੂੰ ਮੁੱਖ ਰੱਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਸਾਰੇ ਸਿੱਖ ਜਗਤ ਨੂੰ 22 ਹਿੱਸਿਆ ਵਿਚ ਵੰਡਿਆ ਤੇ ਇਨ੍ਹਾਂ ਥਾਵਾਂ ਉੱਤੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਯੋਗ ਤੇ ਮੁਖੀ ਸਿੱਖਾਂ ਨੂੰ ਨਿਯਤ ਕੀਤਾ ਜਾਂਦਾ ਸੀ। ਜਿਸ ਗੁਰਸਿੱਖ ਨੂੰ ਸਤਿਗੁਰੂ ਵੱਲੋਂ ਪ੍ਰਚਾਰਕ ਨਿਯੁਕਤ ਕੀਤਾ ਜਾਂਦਾ, ਆਖਿਆ ਜਾਂਦਾ ਸੀ ਕਿ ਉਸ ਨੂੰ ‘ਮੰਜੀ’ ਦੀ ਬਖ਼ਸ਼ਿਸ਼ ਹੋਈ ਹੈ। ਕਿਉਂਕਿ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਆਮ ਤੌਰ ’ਤੇ ਸੰਗਤਾਂ ਨੂੰ ਮੰਜੀ ’ਤੇ ਬੈਠ ਕੇ ਹੀ ਉਪਦੇਸ਼ ਦਿੰਦੇ ਸਨ ਇਸ ਲਈ ਗੁਰੂ ਸਾਹਿਬ ਦੇ ਸਮੇਂ ਤੋਂ ਹੀ ‘ਮੰਜੀ’ ਦਾ ਸ਼ਬਦ ਪ੍ਰਚਾਰਕਾਂ ਲਈ ਵਰਤਿਆ ਜਾਣ ਲੱਗਾ।”- ਜੀ. ਐਸ. (ਛਾਬੜਾ)

 “ਦੂਰ¬ਦੂਰ ਤਕ ਫੈਲ ਚੁੱਕੀ ਸਿੱਖੀ ਨੂੰ ਕੇਂਦਰ ਨਾਲ ਜੋੜ ਕੇ ਜਥੇਬੰਦ ਕਰਨ ਵੱਲ ਚੁੱਕਿਆ ਇਹ ਕਦਮ ਸਿੱਖ ਰਾਜਨੀਤਿਕ ਸ਼ਕਤੀ ਦਾ ਮੁੱਢ ਕਿਹਾ ਜਾ ਸਕਦਾ ਹੈ- ਸ੍ਰੀ ਨਿਰੰਜਨ ਰੇਅ 

ਗੋਇੰਦਵਾਲ ਨਗਰ ਦੀ ਸਥਾਪਨਾ:- ਸਿੱਖ ਧਰਮ ਦੇ ਵਿਕਾਸ ਵਿਚ ਸ੍ਰੀ ਗੁਰੂ ਅਮਰਦਾਸ ਜੀ ਦਾ ਵਿਸ਼ੇਸ਼ ਯੋਗਦਾਨ ‘ਗੋਇੰਦਵਾਲ’ ਨਗਰ (ਸਿੱਖ ਸਭਿਆਚਾਰ ਦਾ ਕੇਂਦਰ) ਦੀ ਸਥਾਪਨਾ ਕਰਨਾ ਸੀ। ਸ੍ਰੀ ਗੁਰੂ ਅਮਰਦਾਸ ਜੀ ਨੇ ਜਿੱਥੇ ਅਧਿਆਤਮਿਕ ਤੇ ਵਪਾਰਕ ਦ੍ਰਿਸ਼ਟੀ ਤੋਂ ਗੋਇੰਦਵਾਲ ਸਾਹਿਬ ਦੀ ਸਿਰਜਨਾ ਕਰਨੀ ਸ਼ੁਰੂ ਕਰ ਦਿੱਤੀ, ਉੱਥੇ ਨਾਲ ਹੀ ਨਾਲ ਉਨ੍ਹਾਂ ਦੀਆਂ ਸਮਾਜਿਕ ਤੇ ਆਰਥਿਕ ਲੋੜਾਂ ਪੂਰੀਆਂ ਕਰਨ ਵੱਲ ਵੀ ਪੂਰਨ ਤੌਰ ਤੇ ਚੇਤੰਨ ਸਨ। ਇੱਥੇ ਰਹਿੰਦਿਆਂ ਹੀ ਉਨ੍ਹਾਂ ਨੇ ਪੰਗਤ ਤੇ ਸੰਗਤ ਦੀ ਪਰੰਪਰਾ ਨੂੰ ਮਜ਼ਬੂਤ ਕੀਤਾ। ਉੱਥੇ ਹੀ ਗੁਰੂ ਸਾਹਿਬ ਨੇ ਭਾਈ ਜੇਠਾ ਜੀ ਦੀ ਆਚਰਣ ਉਸਾਰੀ ਕੀਤੀ, ਉਨ੍ਹਾਂ ਨੂੰ ਗੁਰਗੱਦੀ ਬਖ਼ਸ਼ੀ ਤੇ “ਦੋਹਿਤਾ-ਬਾਣੀ ਦਾ ਬੋਹਿਥਾ” ਦੀ ਅਸੀਸ ਬਾਲਕ (ਗੁਰੂ) ਅਰਜਨ ਜੀ ਨੂੰ ਦਿੱਤੀ। ਇਸੇ ਅਸਥਾਨ ’ਤੇ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਦੀ ਪ੍ਰਤਿਭਾ ਦੀ ਉਸਾਰੀ ਹੋਈ।

ਬਾਉਲੀ ਸਾਹਿਬ:- ਗੁਰੂ ਸਾਹਿਬ ਨੇ ਗੋਇੰਦਵਾਲ ਵਿਖੇ 84 ਪੌੜੀਆਂ ਵਾਲੀ ਇਕ ਬਹੁਤ ਵੱਡੀ ਬਾਉਲੀ ਬਣਵਾਈ, ਜਿਸ ਵਿਚੋਂ ਬਿਨਾਂ ਕਿਸੇ ਮਜ਼੍ਹਬ, ਜਾਤ-ਪਾਤ, ਵਿਤਕਰੇ-ਵੰਡ ਦੇ ਸਾਰੇ ਲੋਕ ਪਾਣੀ ਭਰ ਕੇ ਲਿਜਾਂਦੇ ਤੇ ਇਸ਼ਨਾਨ ਕਰਦੇ ਸਨ।

ਪਹਿਲੇ ਪੰਗਤ ਪਾਛੇ ਸੰਗਤ:- ਲੰਗਰ ਦੀ ਮਰਯਾਦਾ ਨੇ ਲੋਕਾਂ ਨੂੰ ਸਮਾਜਿਕ ਵਿਤਕਰੇ ਮਿਟਾ ਕੇ ਇਕ ਦੂਜੇ ਪ੍ਰਤੀ ਪਿਆਰ ਤੇ ਭਰਾਤਰੀ ਭਾਵਨਾ ਪੈਦਾ ਕਰਨ ਵਿਚ ਕਾਫੀ ਮਦਦ ਕੀਤੀ”। ਮੁਗ਼ਲ ਬਾਦਸ਼ਾਹ ਅਕਬਰ ਜਦੋਂ ਗੁਰੂ ਸਾਹਿਬ ਨੂੰ ਮਿਲ਼ਨ ਆਇਆ ਤਾਂ ਉਸ ਨੇ ਵੀ ਗੁਰੂ ਜੀ ਦੇ ਹੁਕਮ ਨੂੰ ਮੰਨਦਿਆਂ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਅਤੇ ਫਿਰ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਇਸ ਪ੍ਰਕਾਰ ਗੁਰੂ ਸਾਹਿਬ ਨੇ ‘ਪਹਿਲੇ ਪੰਗਤ ਪਾਛੇ ਸੰਗਤ’ ਦੀ ਮਰਯਾਦਾ ਸਥਾਪਿਤ ਕੀਤੀ।

ਬਾਣੀ ਰਚਨਾ:- 

ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 31 ਰਾਗਾਂ ਵਿੱਚ ਬਾਣੀ ਦਰਜ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ 19 ਰਾਗਾਂ ਵਿੱਚ ਰਚੀ ਸੀ।

ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਜੀ ਵਾਲ਼ੇ ਤਿਲੰਗ ਤੇ ਤੁਖਾਰੀ ਰਾਗ ਤੋਂ ਇਲਾਵਾ ਬਾਕੀ 17 ਰਾਗਾਂ ਵਿੱਚ ਆਪਣੀ ਬਾਣੀ ਰਚੀ। 

ਗੁਰੂ ਜੀ ਦੀ ਬਾਣੀ ਵਿੱਚ ਸ਼ਬਦ 172, ਆਸਟਪਦੀਆਂ 91,ਛੰਤ 20, ਵਾਰਾਂ 4( ਗੂਜਰੀ,ਸੂਹੀ, ਰਾਮਕਲੀ ਤੇ ਮਾਰੂ) ਇਹਨਾਂ ਚਾਰਾਂ ਵਾਰਾਂ ਦੀਆਂ ਪਉੜੀਆਂ ਦੀ ਗਿਣਤੀ 85 ਹੈ। ਗੁਰੂ ਅਮਰਦਾਸ ਜੀ ਦੇ ਵਾਰਾਂ ਦੀਆਂ ਪਉੜੀਆਂ ਨਾਲ਼ ਹੋਏ ਦਰਜ ਸ਼ਲੋਕਾਂ ਦੀ ਗਿਣਤੀ 343 ਹੈ। ਗੁਰੂ ਗ੍ਰੰਥ ਸਾਹਿਬ ਦੇ ਅਖੀਰ ਵਿੱਚ ਦਰਜ ਸ਼ਲੋਕਾਂ ਵਿੱਚ ਗੁਰੂ ਅਮਰਦਾਸ ਜੀ ਦੇ 67 ਸਲੋਕ ਦਰਜ ਹਨ। ਗੁਰੂ ਅਮਰਦਾਸ ਜੀ ਦੀ ਗੁਰੂ ਨਾਨਕ ਜੀ ਵਾਂਗ ਪੱਟੀ ਦੀ ਰਚਨਾ ਕੀਤੀ ਹੋਈ ਮਿਲ਼ਦੀ ਹੈ।

ਗੁਰੂ ਅਮਰਦਾਸ ਜੀ ਦੀ ਬਾਣੀ ਅਨੰਦ ਸਾਹਿਬ ਰਾਗ ਰਾਮਕਲੀ ਵਿੱਚ ਲਿਖੀ ਕਾਵਿ-ਰਚਨਾ ਹੈ। ਇਹ ਬਾਣੀ ਗੁਰੂ ਗਰੰਥ ਸਾਹਿਬ ਦੇ ਅੰਗ 917 ਤੋਂ 922 ਤੱਕ ਦਰਜ਼ ਹੈ। ਅਨੰਦ ਸਾਹਿਬ ਦੀਆਂ 40 ਪਉੜੀਆ ਹਨ।

ਜੋਤੀ ਜੋਤ ਸਮਾਉਣਾ:- ਗੁਰੂ ਜੀ ਆਪਣੀ ਉਮਰ ਹੰਢਾਉਂਦਿਆਂ 1574 ਈ: ਨੂੰ ਗੋਇੰਦਵਾਲ ਵਿਖੇ ਜੋਤੀ-ਜੋਤ ਸਮਾਂ ਗਏ।

ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)