ਈਦ-ਉਲ-ਫਿਤਰ ਦੇ ਮੌਕੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ  ਦੀ ਆਮਦ ਸਬੰਧੀ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ

ਮੁੱਖ ਮੰਤਰੀ ਪੰਜਾਬ ਮਾਲੇਰਕੋਟਲਾ ਦੀ ਇਤਿਹਾਸਕ ਵੱਡੀ ਈਦਗਾਹ ਵਿਖੇ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦੇਣਗੇ
ਮਾਲੇਰਕੋਟਲਾ 02 ਮਈ (ਰਣਜੀਤ ਸਿੱਧਵਾਂ)  :  ਈਦ-ਉਲ-ਫਿਤਰ ਦੇ ਮੌਕੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਮਾਲੇਰਕੋਟਲਾ ਦੀ ਇਤਿਹਾਸਕ ਵੱਡੀ ਈਦਗਾਹ ਵਿਖੇ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦੇਣ ਲਈ ਸ਼ਿਰਕਤ ਕਰ ਰਹੇ ਹਨ । ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਈਦ-ਉਲ-ਫਿਤਰ ਸਮਾਗਮ ਦੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵੱਡੀ ਈਦਗਾਹ ਦਾ ਮੁਆਇਨਾ ਕਰਨ ਉਪਰੰਤ ਸਾਂਝੀ ਕੀਤੀ । ਇਸ ਮੌਕੇ ਐੱਸ.ਐੱਸ.ਪੀ. ਮਾਲੇਰਕੋਟਲਾ ਸ੍ਰੀਮਤੀ ਅਲਕਾ ਮੀਨਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ ਸ੍ਰੀ ਗੁਰਮੀਤ ਕੁਮਾਰ,ਐੱਸ.ਪੀ. ਇੰਵੇਸਟੀਗੇਸ਼ਨ ਸ੍ਰੀ ਰਮਨੀਸ ਕੁਮਾਰ,ਉਪ ਕਪਤਾਨ ਪੁਲਿਸ ਇੰਵੇਸਟੀਗੇਸ਼ਨ ਸ੍ਰੀ ਸੋਰਵ ਜ਼ਿੰਦਲ , ਉਪ ਕਪਤਾਨ ਪੁਲਿਸ ਮਾਲੇਰਕੋਟਲਾ ਸ੍ਰੀ ਮਨਦੀਪ ਸਿੰਘ, ਉਪ ਕਪਤਾਨ ਪੁਲਿਸ ਅਮਰਗੜ੍ਹ ਸ੍ਰੀ ਸੰਦੀਪ ਸਿੰਘ, ਉਪ ਕਪਤਾਨ ਪੁਲਿਸ ਸ੍ਰੀ ਰਣਜੀਤ ਸਿੰਘ ਤੋਂ ਇਲਾਵਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ  ਸਨ ।                
ਇਸ ਦੌਰਾਨ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ ਨੇ ਸਮਾਗਮ ਵਾਲੇ ਸਥਾਨ ਤੋਂ ਇਲਾਵਾ ਹੈਲੀਪੈਡ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਲੋੜੀਂਦੇ ਰੂਟ ਪਲਾਨ, ਸੁਰੱਖਿਆ ਪ੍ਰਬੰਧ, ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਈਦ-ਉਲ-ਫਿਤਰ ਦੇ ਮੌਕੇ ਆਮ ਜਨਤਾ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਉਨ੍ਹਾਂ  ਸਿਹਤ ਵਿਭਾਗ ਨੂੰ ਮੈਡੀਕਲ ਟੀਮਾਂ ਤੇ ਐਂਬੂਲੈਂਸ ਦਾ ਖ਼ਾਸ ਪ੍ਰਬੰਧ ਕਰਨ ਤੋਂ ਇਲਾਵਾ ਸਬੰਧਿਤ ਅਧਿਕਾਰੀਆਂ ਨੂੰ ਸਮਾਗਮ ਵਾਲੀ ਥਾਂ ਤੇ ਸਾਫ਼-ਸਫ਼ਾਈ, ਪੀਣ ਵਾਲਾ ਸਾਫ਼ ਪਾਣੀ ਅਤੇ ਪਾਣੀ ਦਾ ਛਿੜਕਾਓ ਆਦਿ ਕਰਨਾ ਯਕੀਨੀ ਬਣਾਉਣ ਲਈ ਵੀ ਆਦੇਸ਼ ਦਿੱਤੇ।
ਇਸ ਉਪਰੰਤ ਵਿਧਾਇਕ ਮਾਲੇਰਕੋਟਲਾ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਨੇ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ. ਸ੍ਰੀਮਤੀ ਅਲਕਾ ਮੀਨਾ ,ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਈਦ-ਉਲ-ਫਿਤਰ ਸਮਾਗਮ ਦੇ ਪ੍ਰਬੰਧਾਂ ਜਾ ਜਾਇਜ਼ਾ ਲਿਆ ਅਤੇ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਪ੍ਰਬੰਧਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ।