ਜ਼ਿਲ੍ਹੇ ਦੇ ਸਮੂਹ 13 ਬਲਾਕਾਂ 'ਚ ਪਿੰਡ-ਪਿੰਡ ਜਾ ਕੇ ਬਣਾਏ ਜਾ ਰਹੇ ਹਨ ਮਗਨਰੇਗਾ ਜਾਬ ਕਾਰਡ - ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)

- 22 ਅਪ੍ਰੈਲ ਤੋਂ ਚੱਲ ਰਹੇ ਕੈਂਪਾਂ ਦਾ ਭਲਕੇ ਅਖੀਰਲਾ ਦਿਨ, ਲਾਭਪਾਤਰੀਆਂ ਨੂੰ ਮੁਹਿੰਮ ਦਾ ਵੱਧ ਤੋਂ ਵੱਧ ਲਾਹਾ ਲੈਣ ਦਾ ਸੱਦਾ

- ਆਉਣ ਵਾਲੇ ਸਮੇਂ 'ਚ ਅਜਿਹੇ ਹੋਰ ਕੈਂਪ ਲਗਾਏ ਜਾਣਗੇ - ਨੋਡਲ ਅਫ਼ਸਰ ਸੋਨੀਆ ਸ਼ਰਮਾ

ਲੁਧਿਆਣਾ, 28 ਅਪ੍ਰੈਲ (ਰਣਜੀਤ ਸਿੱਧਵਾਂ) - ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀ ਅਮਿਤ ਕੁਮਾਰ ਪੰਚਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ 13 ਬਲਾਕਾਂ ਦੇ ਹਰ ਇੱਕ ਪਿੰਡ ਵਿੱਚ ਮਿਤੀ 22-04-2022 ਤੋਂ 29-04-2022 ਤੱਕ ਵਸਨੀਕਾਂ ਦੇ ਨਵੇਂ ਮਗਨਰੇਗਾ ਜਾਬ ਕਾਰਡ ਬਣਾਉਣ ਸਬੰਧੀ ਮੁਹਿੰਮ ਚਲਾਈ ਜਾ ਰਹੀ ਹੈ ਜਿਸਦੇ ਤਹਿਤ ਪਿੰਡ ਦੀ ਇਕ ਸਾਂਝੀ ਜਗ੍ਹਾ 'ਤੇ ਯੋਗ ਲਾਭਪਾਤਰੀਆਂ ਦੇ ਜਾਬ ਕਾਰਡ ਬਣਾਏ ਜਾ ਰਹੇ ਹਨ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਪੰਚਾਲ ਨੇ ਅੱਗੇ ਦੱਸਿਆ ਕਿ ਪਿੰਡ ਦੇ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਦੇਣ ਲਈ ਅਨਾਊਸਮੈਂਟ ਕਰਵਾਈ ਜਾ ਰਹੀ ਹੈ ਅਤੇ ਕਾਰਡ ਬਣਾਉਣ ਲਈ ਲੋੜ੍ਹੀਂਦੇ ਦਸਤਾਵੇਜਾਂ ਦੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਿੱਥੀ ਗਈ ਤਰੀਕ ਨੂੰ ਉਸ ਸਾਂਝੀ ਜਗ੍ਹਾ ਤੇ ਮਗਨਰੇਗਾ ਦੇ ਮੁਲਾਜ਼ਮ, ਪਿੰਡ ਦੇ ਮੁਖੀ ਅਤੇ ਸਰਪੰਚ ਆਦਿ ਵੀ ਹਾਜ਼ਰ ਹੁੰਦੇ ਹਨ ਤਾਂ ਜੋ ਮੌਕੇ 'ਤੇ ਹੀ ਦਸਤਾਵੇਜਾਂ ਦੀ ਤਸਦੀਕ ਕੀਤੀ ਜਾ ਸਕੇ, ਉਪਰੰਤ ਬੀ.ਡੀ.ਪੀ.ਓ. ਵੱਲ਼ੋਂ ਵੈਰੀਫਾਈ ਕਰਕੇ ਦਰਖਾਸਤ ਕਰਤਾ ਦਾ ਜਾਬ ਕਾਰਡ ਜਾਰੀ ਕੀਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਮਗਨਰੇਗਾ ਸਕੀਮ ਦਿਹਾਤੀ ਵਿਕਾਸ ਦੀ ਇੱਕ ਅਹਿਮ ਸਕੀਮ ਹੈ। ਜਿਸ ਵਿੱਚ ਪਿੰਡਾਂ ਦੇ ਅਕੁਸ਼ਲ ਲੋਕਾਂ ਨੂੰ ਮਗਨਰੇਗਾ ਅਧੀਨ ਰੋਜ਼ਗਾਰ ਮੁਹੱਇਆ ਕਰਵਾਇਆ ਜਾਂਦਾ ਹੈ ਅਤੇ ਉਨ੍ਹਾਂ ਤੋਂ ਮਗਨਰੇਗਾ ਅਧੀਨ ਕਰਵਾਏ ਜਾਣ ਵਾਲੇ ਪਿੰਡਾਂ ਦੇ ਵਿਕਾਸ ਸਬੰਧੀ ਕਾਰਜ ਅਧੀਨ ਲੇਬਰ ਦਾ ਕੰਮ ਕਰਵਾਇਆ ਜਾਂਦਾ ਹੈ। ਇਸ ਲਈ ਪਿੰਡਾਂ ਦੇ ਲੋਕਾਂ ਨੂੰ ਮਗਨਰੇਗਾ ਅਧੀਨ ਇਕ ਕਾਰਡ ਜਾਰੀ ਕੀਤਾ ਜਾਂਦਾ ਹੈ ਜਿਸ ਨਾਲ ਉਸ ਦੇ ਪੂਰੇ ਪਰਿਵਾਰ ਨੂੰ ਪੂਰੇ ਵਿੱਤੀ ਸਾਲ ਦੋਰਾਨ 100 ਦਿਨ ਦਾ ਰੋਜ਼ਗਾਰ ਮੁਹੱਈਆ ਕਰਵਾਇਆ ਜਾਂਦਾ ਹੈ ਜਿਸ ਨੂੰ ਜਾਬ ਕਾਰਡ ਕਿਹਾ ਜਾਂਦਾ ਹੈ।
ਇਸ ਮੁਹਿੰਮ ਸਬੰਧੀ ਹੋਰ ਜਾਣਕਾਰੀ ਸਾਂਝਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀ ਅਮਿਤ ਕੁਮਾਰ ਪੰਚਾਲ ਨੇ ਦਸਿਆ ਕਿ ਇਸ ਵਿੱਤੀ ਸਾਲ ਅਪ੍ਰੈਲ 2022 ਤੋਂ ਮਗਨਰੇਗਾ ਲਾਭਪਾਤਰੀਆਂ ਦੀ ਦਿਹਾੜੀ 269 ਰੁਪਏ ਤੋਂ ਵੱਧ ਕੇ 282 ਰੁਪਏ ਪ੍ਰਤੀ ਦਿਨ ਹੋ ਗਈ ਹੈ ਜਿਸ ਨਾਲ ਪਿੰਡ ਦੇ ਲੋਕਾਂ ਨੂੰ ਵੱਧ ਲਾਭ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਪ੍ਰਸ਼ਾਸ਼ਨ ਵੱਲੋਂ ਵੱਖ-ਵੱਖ ਪੇਂਡੂ ਖੇਤਰਾਂ ਨਾਲ ਸਬੰਧਤ ਵਿਧਾਇਕ ਸਾਹਿਬਾਨਾਂ ਅਤੇ ਹੋਰ ਸਿਆਸੀ ਆਗੂਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਗਿਆ ਕਿ ਇਸ ਮੁਹਿੰਮ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਤਾਂ ਜੋ ਲੋੜਵੰਦ ਲੋਕਾਂ ਇਸ ਦਾ ਲਾਹਾ ਲੈ ਸਕਣ। ਜ਼ਿਲ੍ਹਾ ਨੋਡਲ ਅਫਸਰ ਸ੍ਰੀਮਤੀ ਸੋਨੀਆ ਸ਼ਰਮਾ ਵੱਲੋਂ ਦਸਿਆ ਗਿਆ ਕਿ ਇਹ ਕਾਰਡ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਵਿਖੇ ਬਣਾਏ ਜਾਂਦੇ ਹਨ ਪਰੰਤੂ ਹੁਣ ਮਿਨੀਸਟਰੀ ਆਫ ਰੁਰਲ ਡਵੈਲਪਮੈਂਟ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜ਼ਿਲ੍ਹਾ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀ ਅਮਿਤ ਕੁਮਾਰ ਪੰਚਾਲ ਦੀ ਅਗੁਵਾਈ ਵਿੱਚ ਜ਼ਿਲ੍ਹੇ ਦੇ ਸਮੂਹ 13 ਬਲਾਕਾਂ ਦੇ ਹਰ ਇੱਕ ਪਿੰਡ ਵਿੱਚ ਬਣਾਏ ਜਾ ਰਹੇ ਹਨ। ਸ੍ਰੀਮਤੀ ਸੋਨੀਆ ਸ਼ਰਮਾ ਨੇ ਦੱਸਿਆ ਕਿ ਇਹ ਮੁਹਿੰਮ ਜ਼ਿਲ੍ਹਾ ਲੁਧਿਆਣਾ ਵੱਲੋਂ ਭਵਿੱਖ ਵਿੱਚ ਵੀ ਚਲਾਈ ਜਾਵੇਗੀ ਤਾਂ ਜੋ ਸਮੇਂ ਸਿਰ ਨਵੇਂ ਲੋਕਾਂ ਨੂੰ ਮਗਨਰੇਗਾ ਸਕੀਮ ਬਾਰੇ ਜਾਗਰੂਕ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਰੋਜ਼ਗਾਰ ਮੁਹੱਇਆ ਕਰਵਾਇਆ ਜਾ ਸਕੇ। ਇਨ੍ਹਾਂ ਕੈਂਪਾਂ ਵਿੱਚ ਪਿੰਡਾਂ ਦੇ ਲੋਕਾਂ ਵੱਲੋਂ ਵੱਧ ਚੜ ਕੇ ਹਿੱਸਾ ਵੀ ਲਿਆ ਜਾ ਰਿਹਾ ਹੈ।