You are here

ਇੰਝ ਵੀ ਹੋ ਸਕਦੈ ! ✍️ ਸਲੇਮਪੁਰੀ ਦੀ ਚੂੰਢੀ

- ਖਾਣ-ਪੀਣ ਵਾਲੀਆਂ ਵਸਤੂਆਂ ਵਿਚ ਮਿਲਾਵਟ ਕਰਕੇ ਵੇਚਣ ਵਾਲੇ ਮਾਮਲੇ ਤਾਂ ਆਮ ਵੇਖਣ ਨੂੰ ਮਿਲਦੇ ਹਨ। ਦੁੱਧ ਵਿਚ ਪਾਣੀ, ਦੇਸੀ ਘਿਓ ਵਿਚ ਬਨਸਪਤੀ ਘਿਓ ਅਤੇ ਦਹੀਂ / ਪਨੀਰ ਅਤੇ ਖੋਏ ਵਿਚ ਮਿਲਾਵਟ ਕਰਨਾ ਆਮ ਗੱਲ ਹੈ, ਪਰ ਪਸ਼ੂਆਂ ਵਿੱਚ ਮਿਲਾਵਟ ਕਰਕੇ ਵੇਚਣ ਦੀ ਗੱਲ ਪਹਿਲੀ ਵਾਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ਉਪਰ ਘੁੰਮ ਰਹੀ ਇਕ ਵੀਡੀਓ ਵੇਖ ਕੇ ਮੈਂ ਦੰਗ ਰਹਿ ਗਿਆ ਕਿ ਪਸ਼ੂਆਂ ਵਿਚ ਵੀ ਮਿਲਾਵਟ ਹੋਣ ਲੱਗ ਪਈ ਹੈ। ਘੋੜਿਆਂ ਦਾ ਵਪਾਰ ਕਰਨ ਵਾਲੇ ਵਪਾਰੀਆਂ ਨੇ  ਕੱਪੜਿਆਂ ਦੇ ਇਕ ਵਪਾਰੀ ਨੂੰ ਲਾਲ ਘੋੜੇ ਦੀ ਥਾਂ ਕਾਲੇ /ਨੀਲੇ ਰੰਗ ਦਾ ਉੱਤਮ ਨਸਲ ਦਾ ਘੋੜਾ ਕਹਿ ਕੇ ਲਗਭਗ 23 ਲੱਖ ਰੁਪਏ ਦੀ ਠੱਗੀ ਮਾਰੀ ਹੈ । ਇਹ ਕਹਾਣੀ ਲਹਿਰਾਗਾਗਾ ਸ਼ਹਿਰ ਦੇ ਕੱਪੜਿਆਂ ਦੇ ਇਕ ਵਪਾਰੀ ਨਾਲ ਵਾਪਰੀ ਹੈ। ਠੱਗਾਂ ਦੇ ਧੱਕੇ ਚੜ੍ਹ ਚੁੱਕੇ ਕੱਪੜੇ ਦੇ ਵਪਾਰੀ ਨੇ ਸਬੰਧਿਤ ਪੁਲਿਸ ਸਟੇਸ਼ਨ ਵਿਚ ਦਰਜ ਕਰਵਾਈ ਇੱਕ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਘੋੜਿਆਂ ਦੇ ਵਪਾਰੀ ਕੋਲੋਂ ਸ਼ੌਕ ਨਾਲ ਘਰ ਵਿਚ ਰੱਖਣ ਲਈ ਇਕ ਵਧੀਆ ਨਸਲ ਦਾ ਕਾਲਾ /ਨੀਲਾ ਘੋੜਾ ਖਰੀਦਿਆ ਸੀ ਅਤੇ ਜਦੋਂ ਉਹ ਖ੍ਰੀਦੇ ਘੋੜੇ ਨੂੰ ਜਿਲ੍ਹਾ ਮਾਨਸਾ ਦੇ ਇਕ ਪਿੰਡ ਵਿਚੋਂ ਸ਼ਹਿਰ ਲਹਿਰਾਗਾਗਾ ਆਪਣੇ ਘਰ ਵਲ ਲਿਆ ਰਿਹਾ ਸੀ ਤਾਂ ਗਰਮੀ ਹੋਣ ਕਾਰਨ ਘੋੜੇ ਨੂੰ ਰਸਤੇ ਵਿਚ ਪਾਣੀ ਪਿਲਾਇਆ ਅਤੇ  ਬਾਲਟੀ ਵਿਚ ਜਿੰਨਾ ਪਾਣੀ ਬਚਿਆ   ਘੋੜੇ ਉਪਰ ਪਾ ਦਿੱਤਾ। ਪੀੜਤ ਵਪਾਰੀ ਨੇ ਦੱਸਿਆ ਕਿ ਜਿਉਂ ਪਾਣੀ ਘੋੜੇ ਉਪਰ ਪਾਇਆ ਤਾਂ  ਘੋੜੇ ਉਪਰ ਮਲਿਆ /ਪੇਂਟ ਕੀਤਾ ਸਾਰਾ ਕਾਲਾ/ਨੀਲਾ ਰੰਗ ਚੋ ਕੇ ਥੱਲੇ ਆ ਗਿਆ ਅਤੇ ਘੋੜਾ ਲਾਲ ਰੰਗ ਦਾ ਨਿਕਲਿਆ। ਲਾਲ ਰੰਗ ਦਾ ਦੇਸੀ ਘੋੜਾ ਵੇਖ ਕੇ ਖਰੀਦਦਾਰ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ। ਜਾਣਕਾਰੀ ਅਨੁਸਾਰ ਪੁਲਿਸ ਨੇ ਧੋਖਾਧੜੀ ਕਰਨ ਵਾਲੇ ਵਪਾਰੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਪਰਲੀ ਘਟਨਾ ਨੂੰ ਵੇਖ ਕੇ ਹੈਰਾਨੀ ਇਸ ਗੱਲ ਦੀ ਹੈ ਕਿ ' ਇਸ ਤਰ੍ਹਾਂ ਦੀ ਵੀ ਠੱਗੀ ਵੱਜ ਸਕਦੀ ਐ ਅਤੇ ਇੰਝ ਵੀ ਹੋ ਸਕਦੈ!'
-ਸੁਖਦੇਵ ਸਲੇਮਪੁਰੀ
09780620233
24 ਅਪ੍ਰੈਲ, 2022.