ਪੀੜ੍ਹਤ ਮਾਤਾ ਨੇ 24ਵੇਂ ਦਿਨ ਵੀ ਰੱਖੀ ਭੁੱਖ ਹੜਤਾਲ 

ਦੋਸ਼ੀਆਂ ਦੀ ਗ੍ਰਿਫਤਾਰੀ ਲਈ ਧਰਨਾ 31ਵੇਂ ਦਿਨ ਵੀ ਰਿਹਾ ਜਾਰੀ

 

ਜਗਰਾਉਂ 22 ਅਪ੍ਰੈਲ (ਮਨਜਿੰਦਰ ਗਿੱਲ/ ਗੁਰਕੀਰਤ ਜਗਰਾਉ )  ਇਲਾਕੇ ਦੀਆਂ ਇਨਸਾਫ਼ ਪਸੰਦ ਜੱਥੇਬੰਦੀਆਂ ਅਤੇ ਪੀੜ੍ਹਤ ਪਰਿਵਾਰ ਵਲੋਂ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਥਾਣਾ ਸਿਟੀ ਅੱਗੇ ਅਣਮਿਥੇ ਸਮੇਂ ਲਈ ਦਿੱਤਾ ਜਾ ਰਿਹਾ ਧਰਨਾ ਅੱਜ 31ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਦੁਰਾਨ ਪੁਲਿਸ ਅੱਤਿਆਚਾਰ ਕਾਰਨ ਨਕਾਰਾ ਹੋਈ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੀ ਬਿਰਧ ਮਾਤਾ ਸੁਰਿੰਦਰ ਕੌਰ ਰਸੂਲਪੁਰ 24ਵੇਂ ਦਿਨ ਵੀ ਭੁੱਖ ਹੜਤਾਲ ਬੈਠੀ ਰਹੀ। ਅੱਜ ਦੇ ਧਰਨੇ ਨੂੰ ਕਰਮਵਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਕੁੰਡਾ ਸਿੰਘ ਕਾਉਂਕੇ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਤੇ ਬੂਟਾ ਸਿੰਘ ਹਾਂਸ, ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਕਨਵੀਨਰ ਮਨੋਹਰ ਸਿੰਘ ਝੋਰੜਾਂ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਜਸਪ੍ਰੀਤ ਸਿੰਘ ਢੋਲ਼ਣ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਸੰਬੋਧਨ ਕੀਤਾ ਅਤੇ ਡੀ.ਜੀ.ਪੀ. ਤੇ ਭਗਵੰਤ ਮਾਨ ਤੋਂ ਦਰਜ ਮੁਕੱਦਮੇ ਦੇ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਅਾਈ. ਰਾਜਵੀਰ ਤੇ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਜੋਰਦਾਰ ਮੰਗ ਕੀਤੀ। ਬੁਲਾਰਿਆਂ ਨੇ ਕਿਹਾ ਕਿ ਦੋਸ਼ੀਆਂ ਨੇ ਸਾਜਿਸ਼ ਅਧੀਨ ਗਰੀਬ ਪਰਿਵਾਰ ਨੂੰ ਅੱਤਿਆਚਾਰ ਕਰਕੇ ਪੂਰੀ ਤਰਾਂ ਉਜ਼ਾੜ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਰਿਵਾਰ ਪਿਛਲੇ 17 ਸਾਲਾਂ ਤੋਂ ਇਨਸਾਫ਼ ਲਈ ਜੰਗ ਲੜ ਰਿਹਾ ਹੈ ਪਰ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦੀਆਂ ਦੋ ਧੀਆਂ ਦੀ ਜਾਨ ਦੇ ਇਕ ਅੈਫ.ਆਈ.ਆਰ. ਦੀ ਕਾਪੀ ਮਿਲੀ ਹੈ, ਜਿਸ ਦੇ ਬਾਵਜੂਦ ਦੋਸ਼ੀ ਨੂੰ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀ ਦੋਸ਼ੀਆਂ ਦਾ ਸ਼ਰੇਆਮ ਪੱਖ ਪੂਰ ਰਹੇ ਹਨ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਸਾਲ 2004-05 ਦੁਰਾਨ ਸਿਟੀ ਹੋੰਦ ਵਿੱਚ ਨਹੀਂ ਸੀ ਫਿਰ ਵੀ ਗੁਰਿੰਦਰ ਬੱਲ ਆਪਣੇ ਅਾਪ ਨੂੰ ਥਾਣਾ ਸਿਟੀ ਦਾ ਮੁੱਖ ਅਫਸਰ ਕਹਿੰਦਾ ਸੀ ਅਤੇ ਲੋਕਾਂ 'ਤੇ ਅੱਤਿਆਚਾਰ ਕਰਦਾ ਸੀ ਜਦਕਿ ਰਿਕਾਰਡ ਮੁਤਾਬਕ ਥਾਣਾ ਸਿਟੀ 2010 ਵਿੱਚ ਬਣਿਆ ਹੈ ਅਰਥਾਤ ਗੁਰਿੰਦਰ ਬੱਲ ਨਾਂ ਸਿਰਫ਼ ਜਾਅਲ਼ੀ ਥਾਣਾ ਮੁਖੀ ਸੀ ਸਗੋਂ ਥਾਣੇਦਾਰ ਵੀ ਜਾਅਲ਼ੀ ਸੀ ਭਾਵ ਉਸ ਕੋਲ 2005 ਵਿੱਚ ਸਬ-ਇੰਸਪੈਕਟਰ ਰੈੰਕ ਨਹੀਂ ਸੀ ਮਤਲਬ ਕਾਨੂੰਨ ਅਨੁਸਾਰ ਕਿਸੇ ਥਾਣੇ ਦਾ ਮੁਖੀ ਸਬ-ਇੰਸਪੈਕਟਰ ਤੋਂ ਘੱਟ ਨਹੀਂ ਲੱਗ ਸਕਦਾ। ਰਸੂਲਪੁਰ ਅਨੁਸਾਰ ਜਦ ਉਸ ਨੇ ਇਸ ਸਬੰਧੀ ਰਿਕਾਰਡ ਮੰਗਿਆ ਤਾਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਗੁਰਿੰਦਰ ਬੱਲ ਉਸ ਸਮੇਂ ਦੇ ਅਫਸਰਾਂ ਦੇ ਜਬਾਨੀ ਹੁਕਮਾਂ ਤੇ ਥਾਣਾ ਮੁਖੀ ਲੱਗਾ ਸੀ ਭਾਵ ਥਾਣਾ ਨਾਂ ਹੋਣ ਕਾਰਨ ਲਿਖਤੀ ਹੁਕਮ ਜਾਰੀ ਨਹੀਂ ਸਨ ਕੀਤੇ। ਰਸੂਲਪੁਰ ਨੇ ਅੱਗੇ ਕਿਹਾ ਕਿ ਕੁੱਤੀ ਚੋਰਾਂ ਨਾਲ ਰਲ਼ੀ ਹੋਈ ਸੀ ਸਭ ਨੇ ਜਗਰਾਉਂ ਦੇ ਲੋਕਾਂ ਨੂੰ ਨਾਲ਼ੇ ਕੁੱਟਿਆ ਤੇ ਨਾਲ਼ੇ ਲੁੱਟਿਆ। ਉਨਾਂ ਕਿਹਾ ਜੇਕਰ ਉੱਚ ਪੱਧਤੀ ਜਾਂਚ ਕਰਵਾਈ ਜਾਵੇ ਤਾਂ ਸਭ ਸੱਚ ਸਾਹਮਣੇ ਆ ਜਾਵੇਗਾ। ਇਸ ਸਮੇਂ ਧਰਨੇ ਵਿੱਚ ਨਛੱਤਰ ਸਿੰਘ ਬਾਰਦੇਕੇ, ਗੁਰਚਰਨ ਸਿੰਘ ਬਾਬੇ ਕਾ, ਸੋਹਣ ਸਿੰਘ, ਤੇਜਾ ਸਿੰਘ ਪੱਬੀਆਂ, ਬਖਤੌਰ ਸਿੰਘ ਜਗਰਾਉਂ, ਬਾਬਾ ਬੰਤਾ ਸਿੰਘ ਡੱਲਾ ਤੇ ਪ੍ਰੀਤਮ ਸਿੰਘ ਢੋਲ਼ਣ ਆਦਿ ਹਾਜ਼ਰ ਸਨ।